ਬਰਨਾਲਾ, 2 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੇਟਿਸ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਅਹਿਮਦਾਬਾਦ ਵਿਚ ਅਡਾਨੀ ਗਰੁੱਪ ਦੇ ਚੇਅਰਮੈਨ ਸ੍ਰੀ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ | ਇਹ ਮੁਲਾਕਾਤ ਭਾਰਤ ਦੇ ਉਦਯੋਗਿਕ ਵਿਕਾਸ, ਨਵੀਨਤਾ ਅਤੇ ਦੇਸ਼ ਦੇ ਵਿਕਾਸ ਵਿਚ ਨਿੱਜੀ ਖੇਤਰ ਦੀ ਵਧਦੀ ਭੂਮਿਕਾ 'ਤੇ ਕੇਂਦਰਿਤ ਸੀ | ਸ੍ਰੀ ਗੁਪਤਾ ਨੇ ਪੰਜਾਬ ਵਿਚ ਨਿਵੇਸ਼ ਦੇ ਮੌਕਿਆਂ ਅਤੇ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਜ਼ਰੂਰਤ ਨੂੰ ਸ੍ਰੀ ਅਡਾਨੀ ਨਾਲ ਵੀ ਸਾਂਝਾ ਕੀਤਾ | ਮੀਟਿੰਗ ਤੋਂ ਬਾਅਦ ਰਾਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ 'ਤੇ ਗੌਤਮ ਅਡਾਨੀ ਦੀ ਅਗਵਾਈ ਅਤੇ ਅਡਾਨੀ ਗਰੁੱਪ ਦੇ ਉੱਦਮਾਂ ਦੇ ਪਰਿਵਰਤਨਸ਼ੀਲ ਪੈਮਾਨੇ ਲਈ ਪ੍ਰਸ਼ੰਸਾ ਕੀਤੀ ਅਤੇ ਲਿਖਿਆ ਕਿ 'ਅੱਜ ਅਹਿਮਦਾਬਾਦ ਵਿਚ ਗੌਤਮ ਅਡਾਨੀ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ | ਮੈਂ ਸੱਚਮੁੱਚ ਉਸ ਪੈਮਾਨੇ, ਗਤੀ ਅਤੇ ਮਹੱਤਵਾਕਾਂਖਾ ਤੋਂ ਪ੍ਰਭਾਵਿਤ ਹੋਇਆ, ਜਿਸ ਨਾਲ ਅਡਾਨੀ ਗਰੁੱਪ ਭਾਰਤ ਦੀ ਵਿਕਾਸ ਕਹਾਣੀ ਅਤੇ ਰਾਸ਼ਟਰ ਨਿਰਮਾਣ ਦੇ ਯਤਨਾਂ ਵਿਚ ਯੋਗਦਾਨ ਪਾ ਰਿਹਾ ਹੈ |' ਉਨ੍ਹਾਂ ਅੱਗੇ ਕਿਹਾ ਕਿ ਦੂਰਦਰਸ਼ੀ ਆਗੂਆਂ ਨਾਲ ਗੱਲਬਾਤ ਕਰਨਾ ਜੋ ਨਾ ਸਿਰਫ਼ ਇਕ ਮਜ਼ਬੂਤ ਭਾਰਤ ਦਾ ਸੁਪਨਾ ਦੇਖਦੇ ਹਨ, ਸਗੋਂ ਇਕ ਸਵੈ-ਨਿਰਭਰ ਅਤੇ ਖ਼ੁਸ਼ਹਾਲ ਭਾਰਤ ਬਣਾਉਣ ਲਈ ਠੋਸ ਕਦਮ ਵੀ ਚੁੱਕਦੇ ਹਨ, ਬਹੁਤ ਪ੍ਰੇਰਨਾ ਦਾਇਕ ਹੈ | ਰਾਜਿੰਦਰ ਗੁਪਤਾ ਅਤੇ ਗੌਤਮ ਅਡਾਨੀ ਦੀ ਇਹ ਮੁਲਾਕਾਤ ਭਾਰਤ ਦੇ ਦੋ ਦੂਰਦਰਸ਼ੀ ਉਦਯੋਗਪਤੀਆਂ ਦੇ ਵਿਚਾਰਾਂ ਦਾ ਮਿਲਾਪ ਸੀ ਜੋ ਸਿਰਫ਼ ਆਰਥਿਕ ਤਰੱਕੀ ਹੀ ਨਹੀਂ, ਸਗੋਂ ਪੰਜਾਬ ਅਤੇ ਦੇਸ਼ ਦੇ ਇਨਕਲੂਸਿਵ ਟਿਕਾਊ ਵਿਕਾਸ ਲਈ ਵੀ ਵਚਨਬੱਧ ਹਨ |