ਮਹਿਲ ਕਲਾਂ, 2 ਨਵੰਬਰ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ-ਵਜੀਦਕੇ ਖ਼ੁਰਦ ਲਿੰਕ ਸੜਕ ਉੱਪਰ ਵਾਪਰੇ ਹਾਦਸੇ 'ਚ ਟਰੈਕਟਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ | ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਪਿੰਡ ਹਮੀਦੀ-ਵਜੀਦਕੇ ਖੁਰਦ ਸੜਕ ਉੱਪਰ ਇਕ ਮੋਟਰਸਾਈਕਲ ਦੀ ਕਿਸੇ ਟਰੈਕਟਰ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਦਵਿੰਦਰ ਸਿੰਘ (24) ਪੁੱਤਰ ਜਗਜੀਤ ਸਿੰਘ ਵਾਸੀ ਫ਼ਤਿਹਗੜ੍ਹ ਪੰਜਗਰਾਈਆਂ (ਸੰਗਰੂਰ) ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ | ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਪਤਾ ਲੱਗਿਆ ਹੈ ਕਿ ਨੌਜਵਾਨ ਦਵਿੰਦਰ ਸਿੰਘ ਕਿਸਾਨ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਸੀ | ਉਸ ਦੇ ਪਿਤਾ ਜਗਜੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਇਸ ਦੁਖਦਾਈ ਘਟਨਾ ਦੀ ਖਬਰ ਮਿਲਣ ਨਾਲ ਪਿੰਡ ਅਤੇ ਇਲਾਕੇ 'ਚ ਮਾਹੌਲ ਸੋਗਮਈ ਬਣ ਗਿਆ ਹੈ |