ਤਪਾ ਮੰਡੀ, 23 ਨਵੰਬਰ (ਵਿਜੇ ਸ਼ਰਮਾ)-ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਕੌਮੀ ਸੇਵਾ ਯੋਜਨਾ ਵਿਭਾਗ ਵਲੋਂ ਪਿੰਡ ਬੱਲ੍ਹੋ ਵਿਚ ਇਕ ਦਿਨਾ ਕੈਂਪ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸਫ਼ਾਈ ਅਭਿਆਨ ਨਾਲ ਕੀਤੀ ਗਈ | ਕੈਂਪ ਵਿਚ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੇ ਪ੍ਰੋ: ਵਰਿੰਦਰ ਕੌਰ, ਜਸਪ੍ਰੀਤ ਕੌਰ, ਸੁਖਵੀਰ ਕੌਰ, ਹਰਜੀਤ ਕੌਰ ਭੁੱਚੋ, ਮਨਦੀਪ ਕੌਰ, ਪ੍ਰੋਗਰਾਮ ਅਫਸਰ ਪ੍ਰੋ: ਸੋਨਵਿੰਦਰ ਸਿੰਘ, ਲਾਇਬ੍ਰੇਰੀਅਨ ਮਨਜੀਤ ਸਿੰਘ ਅਤੇ ਪਿ੍ੰਸੀਪਲ ਬਘੇਲ ਸਿੰਘ ਦੀ ਰਹਿਨੁਮਾਈ ਹੇਠ ਭਾਗ ਲਿਆ | ਪਿੰਡ ਪੰਚਾਇਤ, ਤਰਨਜੋਤ ਵੈੱਲਫੇਅਰ ਸੁਸਾਇਟੀ ਅਤੇ ਪਿੰਡ ਵਾਸੀਆਂ ਵਲੋਂ ਟੀਮ ਦਾ ਗਰਮਜੋਸ਼ੀ ਨਾਲ ਸਵਾਗਤ ਤੇ ਸਤਿਕਾਰ ਕੀਤਾ ਗਿਆ | ਵਿਦਿਆਰਥੀਆਂ ਨੇ ਪਿੰਡ ਦੀ ਲਾਇਬ੍ਰੇਰੀ ਤੇ ਸਿਹਤ ਕਲੀਨਿਕ ਦਾ ਦੌਰਾ ਕਰ ਕੇ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ, ਜਦਕਿ ਗੁਰੂ ਘਰ ਕਮੇਟੀ ਵਲੋਂ ਉਨ੍ਹਾਂ ਲਈ ਲੰਗਰ ਸੇਵਾ ਭੇਟ ਕੀਤੀ ਗਈ | ਕੋਆਰਡੀਨੇਟਰ ਹਰਪ੍ਰੀਤ ਸ਼ਰਮਾ ਨੇ ਕਿਹਾ ਕਿ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਸਮਾਜ ਨਾਲ ਜੋੜਨਾ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਪਿ੍ੰਸੀਪਲ ਬਘੇਲ ਸਿੰਘ ਨੇ ਇਸ ਕੈਂਪ ਨੂੰ ਵਿਦਿਆਰਥੀਆਂ ਲਈ ਜੀਵਨ ਸਿਖਲਾਈ ਪੂਰਨ ਦੱਸਿਆ, ਜਦਕਿ ਪ੍ਰੋ: ਸੋਨਵਿੰਦਰ ਸਿੰਘ ਨੇ ਅਭਿਆਨ ਨੂੰ ਵਧੀਆ ਤਜਰਬਾ ਕਿਹਾ | ਚੇਅਰਮੈਨ ਐਸ.ਐਸ. ਚੱਠਾ ਨੇ ਟੀਮ ਦੀ ਸਮਾਜ ਪ੍ਰਤੀ ਕੀਤੀ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਅਜਿਹੇ ਹੋਰ ਕੈਂਪ ਲਗਾਉਣ ਦਾ ਭਰੋਸਾ ਦਿੱਤਾ |