ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਪੁਲਿਸ ਵਲੋਂ ਸਥਾਨਕ ਗਰਚਾ ਰੋਡ ਬਰਨਾਲਾ ਤੋਂ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਕੇ ਦੋ ਜਣਿਆ ਖ਼ਿਲਾਫ਼ ਥਾਣਾ ਸਿਟੀ-2 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਤਰਲੋਕ ਚੰਦ ਪੁੱਤਰ ਬਾਦਸ਼ਾਹ ਵਾਸੀ ਬਰਨਾਲਾ ਜੋ ਨਿਤੀਸ਼ ਕੁਮਾਰ ਪੁੱਤਰ ਮੰਗਤ ਰਾਏ ਤੋਂ ਨਸ਼ਾ ਖ਼ਰੀਦ ਕੇ ਅੱਗੇ ਵੇਚਦਾ ਹੈ ਅਤੇ ਅੱਜ ਗਰਚਾ ਰੋਡ 'ਤੇ ਘੁੰਮਦਾ ਦੇਖਿਆ ਗਿਆ ਹੈ | ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਤਰਲੋਕ ਚੰਦ ਨੂੰ 16 ਗਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ | ਪੁਲਿਸ ਕਾਰਵਾਈ ਅਨੁਸਾਰ ਤਰਲੋਕ ਚੰਦ ਅਤੇ ਨਿਤੀਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਥਾਣੇਦਾਰ ਮੱਘਰ ਸਿੰਘ ਹਨ |