ਪੁਲਿਸ ਨੇ ਜੋਤਿਸ਼ ਦੀ ਆੜ ਵਿਚ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗਿ੍ਫ਼ਤਾਰ
ਅਜੀਤ ਡੈਸਕ
25-11-2025
ਬਰਨਾਲਾ/ਸ਼ਹਿਣਾ, 24 ਨਵੰਬਰ (ਰਾਜ ਪਨੇਸਰ, ਸੁਰੇਸ਼ ਗੋਗੀ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਦੀ ਯੋਗ ਨਿਗਰਾਨੀ ਹੇਠ ਚੋਰੀਆਂ ਕਰਨ ਵਾਲੇ ਇੱਕ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਿਤੀ 18 ਸਤੰਬਰ ਨੂੰ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਬਸਤੀ ਸ਼ਹਿਣਾ ਨੇ ਪੁਲਿਸ ਪਾਸ ਆਪਣਾ ਬਿਆਨ ਲਿਖਵਾਇਆ ਸੀ ਕਿ ਸ਼ਾਸਤਰੀ ਪੰਡਿਤ ਨਾਮ ਦੇ ਇਕ ਸ਼ਖ਼ਸ ਵਲੋਂ ਉਨ੍ਹਾਂ ਦੇ ਘਰ ਦੇ ਵਿਹੜੇ ਵਿਚ ਸੋਨੇ ਦੀ ਗਾਗਰ ਦੱਬੀ ਹੋਣ ਸਬੰਧੀ ਦੱਸਿਆ ਸੀ ਜਿਸ ਕਰ ਕੇ ਮਿਤੀ 10 ਅਗਸਤ ਨੂੰ ਸ਼ਾਸਤਰੀ ਪੰਡਿਤ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਨ੍ਹਾਂ ਦੇ ਘਰ ਆਇਆ ਜਿਸ ਨੇ ਆਪਣੀ ਪਾਠ ਪੂਜਾ ਸ਼ੁਰੂ ਕੀਤੀ ਜਿਸ ਨੇ ਬਿਆਨਕਰਤਾ ਦੇ ਘਰ 'ਚ ਪਏ ਸੋਨੇ ਦੇ ਗਹਿਣੇ ਵਜ਼ਨ ਕਰੀਬ 3-4 ਤੋਲਾ ਪੂਜਾ ਕਰਨ ਲਈ ਮੰਗੇ ਤੇ ਫਿਰ ਪਾਠ ਪੂਜਾ ਕਰ ਕੇ ਸੋਨੇ ਦੇ ਗਹਿਣੇ ਵਾਪਸ ਅਲਮਾਰੀ ਵਿਚ ਰਖਵਾ ਦਿੱਤੇ ਸਨ | ਬਿਆਨਕਰਤਾ ਤੇ ਉਸ ਦੇ ਪਰਿਵਾਰਿਕ ਮੈਂਬਰ ਪਾਠ ਪੂਜਾ ਕਰ ਕੇ ਉੱਥੇ ਹੀ ਸੌਂ ਗਏ ਤੇ ਸ਼ਾਸਤਰੀ ਆਪਣੇ ਸਾਥੀ ਉਨ੍ਹਾਂ ਦੇ ਘਰੋਂ ਚਲਾ ਗਿਆ | ਬਿਆਨਕਰਤਾ ਨੇ ਜਦੋਂ ਕੁੱਝ ਦਿਨਾਂ ਬਾਅਦ ਅਲਮਾਰੀ ਖੋਲ੍ਹ ਕੇ ਆਪਣਾ ਸੋਨਾ ਦੇਖਿਆ ਤਾਂ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ ਵਜ਼ਨ ਕਰੀਬ 3-4 ਤੋਲੇ ਤੇ ਡੇਢ ਲੱਖ ਰੁਪਏ ਗ਼ਾਇਬ ਸਨ ਜਿਨ੍ਹਾਂ ਨੂੰ ਸ਼ਾਸਤਰੀ ਪੰਡਿਤ ਆਪਣੇ ਸਾਥੀ ਸਮੇਤ ਚੋਰੀ ਕਰ ਕੇ ਲੈ ਗਿਆ ਸੀ | ਇਸ ਬਿਆਨ ਦੇ ਆਧਾਰ ਪਰ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਸ਼ਹਿਣਾ ਦਰਜ ਕੀਤਾ ਗਿਆ ਸੀ | ਉਕਤ ਮੁਕੱਦਮਾ ਦੀ ਤਫ਼ਤੀਸ਼ ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਅਮਲ ਵਿਚ ਲਿਆਂਦੀ ਜਾ ਰਹੀ ਸੀ | ਦੌਰਾਨੇ ਤਫ਼ਤੀਸ਼ ਸ:ਥ: ਲਵਪ੍ਰੀਤ ਸਿੰਘ ਸੀ.ਆਈ.ਏ. ਬਰਨਾਲਾ ਤੇ ਪੁਲਿਸ ਪਾਰਟੀ ਵਲੋਂ ਤਕਨੀਕੀ ਅਤੇ ਵਿਗਿਆਨਿਕ ਢੰਗਾਂ ਦੀ ਵਰਤੋਂ ਕਰਦੇ ਹੋਏ ਸ਼ਿਵਮ ਕੁਮਾਰ ਉਰਫ਼ ਸ਼ੁਭਮ ਕੁਮਾਰ ਉਰਫ਼ ਕਾਂਸੀ ਰਾਮ ਸ਼ਾਸਤਰੀ ਪੁੱਤਰ ਸ਼ੰਕਰ ਲਾਲ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਬੈਕ ਸਾਈਡ ਵਾਈਟ ਡਾਇਮੰਡ ਪੈਲੇਸ ਨੇੜੇ ਕੀਰੋ ਮਾਲ 66 ਫੁੱਟੀ ਰੋਡ ਜਲੰਧਰ, ਰਵੀ ਸ਼ਰਮਾ ਪੁੱਤਰ ਓਮ ਪ੍ਰਕਾਸ਼ ਸ਼ਰਮਾ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਸਿੰਘ ਸਭਾ ਗੁਰਦੁਆਰਾ ਵਾਲੀ ਗਲੀ ਨੇੜੇ ਮਾਝਾ ਹੈਲਥ ਕਲੱਬ ਜੀਰਾ ਤੇ ਹਾਲ ਆਬਾਦ ਗਲੀ ਨੰਬਰ 04 ਦੱਤ ਰੋਡ ਨੇੜੇ ਨਹਿਰੂ ਪਾਰਕ ਚੱਕੀ ਵਾਲੀ ਗਲੀ ਮੋਗਾ ਤੇ ਪਰਵੀਨ ਕੁਮਾਰ ਭਾਰਗਵ ਉਰਫ਼ ਸੋਨੂੰ ਪੁੱਤਰ ਅਮਰ ਚੰਦ ਭਾਰਗਵ ਵਾਸੀ ਵਾਸੀ ਗੁਹਾਲਾ ਥਾਣਾ ਨੀਮਕਾ, ਜ਼ਿਲ੍ਹਾ ਸੀਕਰ (ਰਾਜਸਥਾਨ) ਹਾਲ ਆਬਾਦ ਅਰਬਨ ਸਟੇਟ ਫੇਸ -2 ਜਲੰਧਰ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 60 ਹਜ਼ਾਰ ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਗਏ | ਦੌਰਾਨੇ ਪੁੱਛ-ਗਿੱਛ ਦੋਸ਼ੀ ਸ਼ਿਵਮ ਕੁਮਾਰ ਉਰਫ਼ ਸ਼ੁਭਮ ਕੁਮਾਰ ਉਰਫ਼ ਕਾਂਸੀ ਰਾਮ ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਸਬੰਧੀ ਥਾਣਾ ਅੰਬਾਲਾ (ਹਰਿਆਣਾ) ਵਿਖੇ ਮੁਕੱਦਮਾ ਦਰਜ ਰਜਿਸਟਰ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਉਕਤਾਨ ਸਾਰੇ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ | ਜਦੋਂ ਵੀ ਕੋਈ ਇਨ੍ਹਾਂ ਪਾਸ ਪੁੱਛਿਆ ਜਾਂ ਕੁੰਡਲੀ ਦਿਖਾਉਣ ਆਉਂਦੇ ਤਾਂ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਉਨ੍ਹਾਂ ਦੇ ਗ੍ਰਹਿਾਂ ਦੇ ਦੋਸ਼ ਸ਼ੁੱਧ ਕਰਨ ਲਈ ਪੂਜਾ ਕਰਨ ਦੇ ਬਹਾਨੇ ਉਨ੍ਹਾਂ ਦਾ ਸੋਨਾ ਆਦਿ ਪੂਜਾ ਵਿਚ ਰੱਖ ਲੈਂਦੇ ਸਨ ਤੇ ਬੜੀ ਚਲਾਕੀ ਨਾਲ ਪੂਜਾ ਵਿਚ ਹੀ ਉਨ੍ਹਾਂ ਦੇ ਗਹਿਣੇ ਚੋਰੀ ਕਰ ਕੇ ਲੈ ਜਾਂਦੇ ਸਨ | ਇਹ ਮੁਲਜ਼ਮ ਬਾਹਰਲੀ ਸਟੇਟ ਰਾਜਸਥਾਨ ਦੇ ਰਹਿਣ ਵਾਲੇ ਹਨ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਰਾਏ 'ਤੇ ਕਮਰੇ ਲੈ ਕੇ ਰਹਿੰਦੇ ਹਨ ਤੇ ਉੱਥੇ ਘੁੰਮ ਕੇ ਆਮ ਲੋਕਾਂ ਨੂੰ ਆਪਣੇ ਜਾਲ ਵਿਚ ਫਸਾੳਾੁਦੇ ਹਨ |