ਬਰਨਾਲਾ, 6 ਦਸੰਬਰ (ਨਰਿੰਦਰ ਅਰੋੜਾ)-ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ | ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਮੁੱਖ ਤੌਰ 'ਤੇ ਪਹੁੰਚੇ | ਜਿਨ੍ਹਾਂ ਵਲੋਂ ਡਾ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ 8 ਜ਼ੋਨਾਂ 'ਚ ਪ੍ਰੋਗਰਾਮ ਰੱਖ ਕੇ ਬਾਬਾ ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਜਾ ਰਿਹਾ ਹੈ | ਸਮਾਗਮ ਦੌਰਾਨ ਹਲਕਾ ਭਦੌੜ ਦੇ ਸਾਬਕਾ ਐਮ.ਐਲ.ਏ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਛੱਡ ਕੇ ਬਸਪਾ ਦੇ ਵਿਚ ਘਰ ਵਾਸਤੇ ਵਾਪਸੀ ਕੀਤੀ | ਸ: ਕਰੀਮਪੁਰੀ ਨੇ ਕਿਹਾ ਕਿ ਨਿਰਮਲ ਸਿੰਘ ਨਿੰਮਾ ਦੇ ਬਸਪਾ ਵਿਚ ਆਉਣ ਨਾਲ ਵੱਡਾ ਹੁੰਗਾਰਾ ਮਿਲੇਗਾ ਅਤੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਵਿਚ ਜੋ ਸਾਡੇ ਉਮੀਦਵਾਰ ਖੜੇ ਹਨ, ਉਹ ਜਿੱਤਣਗੇ | ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੈਤਿਕ ਮੌਤ ਹੋ ਚੁੱਕੀ ਹੈ | ਪੰਜਾਬ ਵਿਚ ਨਸ਼ਾ, ਗੈਂਗਸਟਰਵਾਦ ਖ਼ਤਮ ਹੋਣ ਦੀ ਥਾਂ ਹੋਰ ਵੱਧ ਗਿਆ ਹੈ | ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ, ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਦਾ ਬੁਰਾ ਹਾਲ ਹੈ, ਨਸ਼ੇ ਲਈ ਤਿੰਨੋਂ ਪਾਰਟੀਆਂ ਜ਼ਿੰਮੇਵਾਰ ਹਨ, ਸੱਤਾ ਦੇ ਨਸ਼ੇ ਵਿਚ ਇਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਬੋਲਣਾ ਹੈ, ਇਨ੍ਹਾਂ ਦੇ ਇਕ ਵਿਧਾਇਕ ਵਲੋਂ ਬਿਆਨ ਦਿੱਤਾ ਗਿਆ ਕਿ ਪੱਗਾਂ 'ਚ ਕਿਹੜਾ ਕਿੱਲਾਂ ਲੱਗੀਆਂ ਹਨ, ਬਹੁਤ ਹੀ ਗ਼ਲਤ ਬਿਆਨ ਹੈ | ਇਹ ਪਾਰਟੀ ਸਿਰਫ਼ ਝੂਠ ਦੇ ਸਿਰ 'ਤੇ ਚੱਲ ਰਹੀ ਹੈ | ਗੱਲਬਾਤ ਕਰਦਿਆਂ ਸਾਬਕਾ ਐਮ.ਐਲ.ਏ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਮੈਂ ਪਹਿਲਾਂ ਵੀ ਬਸਪਾ ਦੇ ਵਿਚ ਕੰਮ ਕੀਤਾ ਹੈ ਅਤੇ ਹੁਣ ਵੀ ਪਾਰਟੀ ਦੀ ਬਿਹਤਰੀ ਲਈ ਜੋ ਵੀ ਡਿਊਟੀ ਲਗਾਈ ਜਾਵੇਗੀ ਉਹ ਮੈਂ ਤਨਦੇਹੀ ਨਾਲ ਨਿਭਾਵਾਂਗਾ |