ਮਹਿਲ ਕਲਾਂ, 6 ਦਸੰਬਰ (ਅਵਤਾਰ ਸਿੰਘ ਅਣਖੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸਕੇ ਭੈਣ-ਭਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਇਹ ਦੋਵੇਂ ਨੌਜਵਾਨ ਅਤੇ ਪੜ੍ਹੇ-ਲਿਖੇ ਚਿਹਰੇ ਕੋਈ ਹੋਰ ਨਹੀਂ, ਸਗੋਂ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਤਜਰਬੇਕਾਰ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੇ ਸਪੁੱਤਰ ਅਤੇ ਸਪੁੱਤਰੀ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਵਿਸ਼ਵਾਸ ਨਾਲ ਟਿਕਟਾਂ ਦਿੱਤੀਆਂ ਹਨ | ਬੀਬੀ ਜਸ਼ਨਪ੍ਰੀਤ ਕੌਰ ਹਮੀਦੀ, ਜਿਨ੍ਹਾਂ ਕੋਲ ਐਮ.ਏ. ਅਤੇ ਬੀ.ਐਡ. ਦੀਆਂ ਡਿਗਰੀਆਂ ਹਨ, ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਠੁੱਲੀਵਾਲ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਭਰਾ ਹਰਮਨਪ੍ਰੀਤ ਸਿੰਘ ਹਮੀਦੀ ਨੂੰ ਬਲਾਕ ਸੰਮਤੀ ਦੇ ਜ਼ੋਨ ਵਜੀਦਕੇ ਕਲਾਂ ਤੋਂ ਉਮੀਦਵਾਰ ਬਣਾਇਆ ਗਿਆ ਹੈ | ਸਕੇ ਭੈਣ-ਭਰਾਵਾਂ ਦੇ ਚੋਣ ਮੈਦਾਨ 'ਚ ਉੱਤਰਨ ਨਾਲ ਚੋਣ ਮੁਕਾਬਲਾ ਦਿਲਚਸਪ ਬਣ ਗਿਆ ਹੈ | ਪਾਰਟੀ ਹਾਈ ਕਮਾਂਡ ਵਲੋਂ ਟਿਕਟਾਂ ਦੇ ਐਲਾਨ ਤੋਂ ਬਾਅਦ, ਦੋਵਾਂ ਨੇ ਬਿਨਾਂ ਕਿਸੇ ਦੇਰੀ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਉਸੇ ਸਮੇਂ ਤੋਂ ਹੀ ਆਪਣੇ-ਆਪਣੇ ਖੇਤਰਾਂ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਚਰਚਾ ਪੂਰੇ ਹਲਕੇ ਵਿਚ ਚੱਲ ਰਹੀ ਹੈ | ਜਸ਼ਨਪ੍ਰੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਹਮੀਦੀ ਦਰ-ਦਰ ਜਾ ਕੇ ਵੋਟਰਾਂ ਨੂੰ ਮਿਲ ਰਹੇ ਹਨ, ਉਨ੍ਹਾਂ ਨਾਲ ਸਿੱਧਾ ਸੰਵਾਦ ਰਚਾ ਰਹੇ ਹਨ ਅਤੇ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਹਰ ਪਿੰਡ ਵਿਚੋਂ ਭਰਵਾਂ ਅਤੇ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਸਥਾਨਕ ਅਕਾਲੀ ਆਗੂਆਂ/ਵਰਕਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਤੱਕੜੀ' ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਇਨ੍ਹਾਂ ਦੋਵਾਂ ਨੌਜਵਾਨ ਆਗੂਆਂ ਨੂੰ ਵੱਡੀ ਲੀਡ ਨਾਲ ਜਿਤਾਉਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਣ | ਦੋਵਾਂ ਉਮੀਦਵਾਰਾਂ ਨੇ ਪਾਰਟੀ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸਮੇਤ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਲੋਕਾਂ ਦੇ ਬੇਮਿਸਾਲ ਸਹਿਯੋਗ ਦੇ ਸਦਕਾ ਉਹ ਦੋਵੇਂ ਹੀ ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ | ਉਨ੍ਹਾਂ ਨੇ ਸਮੂਹ ਵੋਟਰਾਂ ਨੂੰ 14 ਦਸੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਵੋਟਾਂ ਤੱਕੜੀ ਚੋਣ ਨਿਸ਼ਾਨ 'ਤੇ ਮੋਹਰਾਂ ਲਾ ਕੇ ਦੋਵਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ | ਇਹ ਚੋਣ ਮੁਹਿੰਮ ਹੁਣ ਸਿਰਫ਼ ਇਕ ਸਧਾਰਨ ਮੁਕਾਬਲਾ ਨਹੀਂ ਰਹੀ, ਸਗੋਂ ਦੋ ਪੜ੍ਹੇ-ਲਿਖੇ ਅਤੇ ਉਤਸ਼ਾਹੀ ਭੈਣ-ਭਰਾਵਾਂ ਦੇ ਸਿਆਸੀ ਭਵਿੱਖ ਦੀ ਸ਼ੁਰੂਆਤ ਵੀ ਹੈ |