ਬਰਨਾਲਾ, 6 ਦਸੰਬਰ (ਅਸ਼ੋਕ ਭਾਰਤੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਬਰਨਾਲਾ ਜਰਨਲ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਦਰਸ਼ਨ ਪਾਲ ਨੇ ਜਥੇਬੰਦੀ ਅੰਦਰ ਪੈਦਾ ਹੋਏ ਸੰਕਟ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ ਵਲੋਂ ਜਥੇਬੰਦੀ ਦੇ ਅੰਦਰ ਗੁੱਟਬੰਦੀ ਕਰ ਕੇ ਜਥੇਬੰਦੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਕਾਰਨ ਦੋਵਾਂ ਨੂੰ ਅੱਜ ਜਥੇਬੰਦੀ ਦੀ ਮੈਂਬਰਸ਼ਿਪ ਤੋਂ ਖਾਰਜ ਕਰ ਕੇ ਬਾਹਰ ਕੱਢਿਆ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਸੁਖਦੇਵ ਸਿੰਘ ਜੱਟ ਕੋਠੇ ਬੱਕਰੀਆਂ ਵਾਲੇ ਨੂੰ ਜ਼ਿਲ੍ਹਾ ਪ੍ਰਧਾਨ, ਬੰਤ ਸਿੰਘ ਗਰੇਵਾਲ ਭਦੌੜ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮੋਹਣ ਸਿੰਘ ਰੂੜੇਕੇ ਅਤੇ ਸੋਮਨਾਥ ਧਨੌਲਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਮਹਿਮਾ ਸਿੰਘ ਧਨੌਲਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਦਰਸ਼ਨ ਪਾਲ ਪੱਖੋਂ ਕਲਾਂ ਨੂੰ ਜ਼ਿਲ੍ਹਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਵਿਚ ਵਰਿੰਦਰ ਸਿੰਘ ਨਾਈਵਾਲਾ, ਤਰਸੇਮ ਚੰਦ ਬਰਨਾਲਾ ਅਤੇ ਸੁਖਦੇਵ ਸਿੰਘ ਸੈਣਾ ਨੂੰ ਸ਼ਾਮਿਲ ਕੀਤਾ ਗਿਆ | ਪਰਮਿੰਦਰ ਸਿੰਘ ਹੰਡਿਆਇਆ ਨੂੰ ਬਰਨਾਲਾ ਬਲਾਕ ਦਾ ਪ੍ਰਧਾਨ ਅਤੇ ਲਖਬੀਰ ਸਿੰਘ ਦੁੱਲਾਮਸਰ ਨੂੰ ਸ਼ਹਿਣਾ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਡਾ: ਦਰਸ਼ਨ ਪਾਲ ਨੇ ਦੱਸਿਆ ਕਿ 7 ਦਸੰਬਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਾਨੀ ਪ੍ਰਧਾਨ ਸ਼ਹੀਦ ਸਿੰਦਰ ਸਿੰਘ ਨੱਥੂਵਾਲਾ ਦੀ ਬਰਸੀ ਮੌਕੇ ਬਰਨਾਲਾ ਤੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਿਲ ਹੋਣਗੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ 8 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਬਿਜਲੀ ਬੋਰਡ ਦੀਆਂ ਸਬ-ਡਵੀਜ਼ਨਾਂ ਅੱਗੇ ਵੱਡੇ ਧਰਨੇ ਅਤੇ ਮੁਜ਼ਾਹਰੇ ਕਰ ਕੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਜਿਸ ਵਿਚ ਵੀ ਬਰਨਾਲਾ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ |