ਮਹਿਲ ਕਲਾਂ, 19 ਦਸੰਬਰ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਦੇ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਕੂਲ ਆਫ਼ ਐਮੀਨੈਂਸ ਵਿਖੇ ਅਧਿਆਪਕਾਂ ਦੀ ਕਮੀ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਸ ਗੰਭੀਰ ਮਸਲੇ ਨੂੰ ਲੈ ਕੇ ਅੱਜ ਸਕੂਲ ਪ੍ਰਬੰਧਕ ਕਮੇਟੀ ਦੀ ਇਕ ਹੰਗਾਮੀ ਇਕੱਤਰਤਾ ਚੇਅਰਮੈਨ ਅਮਨਦੀਪ ਸਿੰਘ ਅਮਨੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਮੂਹ ਕਮੇਟੀ ਮੈਂਬਰਾਂ ਨੇ ਸਾਇੰਸ ਅਤੇ ਕਾਮਰਸ ਵਰਗੇ ਅਹਿਮ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕੀ ਆਗੂਆਂ ਨੇ ਖੁਲਾਸਾ ਕੀਤਾ ਕਿ ਪਿਛਲੇ 6 ਮਹੀਨਿਆਂ ਤੋਂ ਸਕੂਲ ਵਿਚ 8 ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕ ਹੀ ਨਹੀਂ ਹਨ ਜਿਸ ਕਾਰਨ ਸਾਇੰਸ ਗਰੁੱਪ ਦੇ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲਾਜੀ ਅਤੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਦਾ ਸਿਲੇਬਸ ਬੁਰੀ ਤਰ੍ਹਾਂ ਪਛੜ ਗਿਆ ਹੈ ਅਤੇ ਫਰਵਰੀ ਮਹੀਨੇ ਵਿੱਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਬੀਤੀ 8 ਸਤੰਬਰ ਨੂੰ ਹਿਸਾਬ ਵਿਸ਼ੇ ਦੇ ਇੱਕ ਅਧਿਆਪਕ ਦੀ ਬਦਲੀ ਪਿੰਡ ਕਸਬਾ ਤੋਂ ਇੱਥੇ ਹੋਈ ਸੀ ਪਰ ਉਸ ਨੂੰ ਅੱਜ ਤੱਕ ਪਿਛਲੇ ਸਕੂਲ ਤੋਂ ਰਿਲੀਵ ਨਹੀਂ ਕੀਤਾ ਗਿਆ ਅਤੇ ਹਲਕਾ ਵਿਧਾਇਕ ਦੀ ਸਿਫਾਰਿਸ਼ 'ਤੇ 2 ਦਸੰਬਰ ਨੂੰ ਜਿਹੜੇ 4 ਅਧਿਆਪਕਾਂ ਨੂੰ ਡੈਪੂਟੇਸ਼ਨ 'ਤੇ ਭੇਜਿਆ ਗਿਆ ਸੀ ਉਨ੍ਹਾਂ ਦਾ ਸਮਾਂ ਸਿਰਫ 31 ਦਸੰਬਰ ਤੱਕ ਹੋਣ ਕਾਰਨ ਕਿਸੇ ਵੀ ਅਧਿਆਪਕ ਨੇ ਜੁਆਇਨ ਨਹੀ ਕੀਤਾ, ਜਿਸ ਕਾਰਨ ਮੌਜੂਦਾ ਸਮੇਂ ਮਾਸਟਰ ਕੇਡਰ ਦੇ ਅਧਿਆਪਕਾਂ ਸਿਰ ਹੀ ਉੱਚ ਸ਼੍ਰੇਣੀਆਂ ਦਾ ਬੋਝ ਪਿਆ ਹੋਇਆ ਹੈ | ਇਸ ਦੇ ਨਾਲ ਹੀ ਸਕੂਲ ਦੀ ਇਮਾਰਤ ਦਾ ਮੁੱਦਾ ਵੀ ਭਖਿਆ ਹੋਇਆ ਹੈ ਕਿਉਂਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਦੇ 11 ਕਮਰਿਆਂ ਨੂੰ ਅਣਸੁਰੱਖਿਅਤ ਐਲਾਨ ਕੇ ਢਾਹ ਦਿੱਤਾ ਗਿਆ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਸਕੂਲ ਆਫ਼ ਐਮੀਨੈਂਸ ਸਕੀਮ ਤਹਿਤ ਨਵੀਂ ਉਸਾਰੀ ਸ਼ੁਰੂ ਨਹੀਂ ਹੋ ਸਕੀ ਅਤੇ 19 ਫਰਵਰੀ 2024 ਨੂੰ ਸ਼ੁਰੂ ਹੋਇਆ ਨਵੀਨੀਕਰਨ ਦਾ ਕੰਮ, ਜੋ 1 ਸਾਲ ਦੇ ਅੰਦਰ-ਅੰਦਰ ਪੂਰਾ ਹੋਣਾ ਸੀ, ਵੀ ਪੰਚਾਇਤੀ ਰਾਜ ਵਿਭਾਗ ਦੀ ਟਾਲਮਟੋਲ ਨੀਤੀ ਕਾਰਨ ਅੱਧ ਵਿਚਕਾਰ ਲਟਕ ਰਿਹਾ ਹੈ | ਚੇਅਰਮੈਨ ਅਮਨਦੀਪ ਸਿੰਘ, ਉੱਪ ਚੇਅਰਮੈਨ ਮਨਜੀਤ ਸਿੰਘ, ਮੈਂਬਰ ਸਰਬਜੀਤ ਸਿੰਘ, ਰਾਜੂ ਸਿੰਘ ਪੰਚ, ਸੁਖਪਾਲ ਕੌਰ ਅਤੇ ਰੇਸ਼ਮ ਸਿੰਘ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਅਧਿਆਪਕਾਂ ਦੀ ਕਮੀ ਪੂਰੀ ਨਾ ਕੀਤੀ ਗਈ ਅਤੇ ਬਿਲਡਿੰਗ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਅਣਮਿੱਥੇ ਸਮੇਂ ਲਈ ਤਿੱਖਾ ਸੰਘਰਸ਼ ਵਿੱਢਣਗੇ ਜਦਕਿ ਦੂਜੇ ਪਾਸੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਸ ਸਕੂਲ ਨਾਲ ਆਪਣੀ ਪੁਰਾਣੀ ਸਾਂਝ ਦਾ ਹਵਾਲਾ ਦਿੰਦਿਆਂ ਜਲਦੀ ਹੀ ਫੰਡ ਜਾਰੀ ਕਰਵਾਉਣ ਅਤੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਹੈ |