ਤਪਾ ਮੰਡੀ, 24 ਦਸੰਬਰ (ਪ੍ਰਵੀਨ ਗਰਗ)-ਸ਼ਹਿਰ 'ਚ ਲੁਟੇਰਿਆਂ ਦਾ ਖ਼ੌਫ਼ ਇਸ ਕਦਰ ਵਧ ਗਿਆ ਹੈ ਕਿ ਹੁਣ ਵਪਾਰੀ ਦੁਕਾਨਾਂ ਖੋਲ੍ਹਣ ਤੋਂ ਵੀ ਡਰਨ ਲੱਗ ਪਏ ਹਨ | ਜਿਸ ਨੇ ਪੁਲਿਸ ਦੀ ਅਮਨ ਕਾਨੂੰਨ ਦੀ ਸਥਿਤੀ 'ਤੇ ਸਵਾਲੀਆਂ ਨਿਸ਼ਾਨ ਲਾ ਕੇ ਰੱਖ ਦਿੱਤੇ ਹਨ | ਇਨ੍ਹਾਂ ਬੇਰਹਿਮ ਲੁਟੇਰਿਆਂ ਨੂੰ ਹੁਣ ਪੁਲਿਸ ਦਾ ਬਿਲਕੁਲ ਵੀ ਖ਼ੌਫ਼ ਨਹੀਂ ਹੈ | ਜੋ ਬੜੀ ਹੀ ਦਲੇਰੀ ਨਾਲ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਜਿਸ ਤਹਿਤ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਰੋਹ 'ਚ ਆਏ ਇਕੱਠੇ ਹੋਏ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਬੀਤੀ ਰਾਤ ਕਰੀਬ 9 ਵਜੇ ਫਿਰ ਲੁਟੇਰਿਆਂ ਨੇ ਸ਼ਹਿਰ ਦੇ ਪੋਸ਼ ਏਰੀਏ ਰੂਪ ਚੰਦ ਰੋਡ 'ਤੇ ਸਥਿਤ ਇਕ ਗਲੀ 'ਚ ਵਪਾਰੀ ਨੂੰ ਲੁੱਟਣ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਟਨਾ ਦਾ ਸ਼ਿਕਾਰ ਹੋਏ ਵਪਾਰੀ ਅਸ਼ੋਕ ਕੁਮਾਰ ਫਨੀ ਪੁੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਰਾਤ ਨੂੰ ਕਰੀਬ 9 ਵਜੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ ਜਦੋਂ ਉਹ ਰੂਪ ਚੰਦ ਰੋਡ 'ਤੇ ਸਥਿਤ ਗਲੀ 'ਚ ਆਪਣੇ ਘਰ ਨਜ਼ਦੀਕ ਪੁੱਜਾ ਦਾ ਪਿੱਛੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਅੱਗੇ ਆ ਕੇ ਘੇਰ ਲਿਆ ਅਤੇ ਉਸ ਦੇ ਹੱਥ 'ਚ ਫੜਿਆ ਹੋਇਆ ਬੈਗ ਖੋਹਣ ਲੱਗ ਪਏ | ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਉਸ ਉੱਪਰ ਤੇਜ਼ਧਾਰ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਿਉਂ ਹੀ ਉਸ ਨੇ ਸ਼ੋਰ ਮਚਾਇਆ ਤਾਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਮੌਕੇ 'ਤੇ ਇਕੱਠੇ ਹੋਏ ਗਲੀ ਦੇ ਨੁਮਾਇੰਦਿਆਂ ਨੇ ਜ਼ਖ਼ਮੀ ਹੋਏ ਵਪਾਰੀ ਨੂੰ ਚੁੱਕ ਕੇ ਤੁਰੰਤ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ | ਇਸ ਘਟਨਾ 'ਚ ਵਪਾਰੀ ਦੇ ਹੱਥ ਦੀਆਂ ਉਂਗਲਾਂ ਵੀ ਫਰੈਕਚਰ ਹੋ ਗਈਆਂ | ਇਸ ਘਟਨਾ ਦਾ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਵਪਾਰੀ ਇਕੱਠੇ ਹੋਣੇ ਹੋ ਗਏ ਜਿਨ੍ਹਾਂ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਤੋਂ ਇਲਾਵਾ ਅੰਦਰਲੇ ਬੱਸ ਸਟੈਂਡ ਤੋਂ ਪਿੰਡ ਘੁੰਨਸ ਨੂੰ ਜਾਂਦੀ ਰੋਡ 'ਤੇ ਇੱਕ ਨੌਜਵਾਨ ਦੇ ਹੱਥ ਵਿਚੋਂ ਮੋਬਾਈਲ ਖੋਹ ਕੇ ਲੈ ਜਾਣ ਦੀ ਘਟਨਾ ਵੀ ਸਾਹਮਣੇ ਆਈ ਹੈ | ਉੱਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਤਪਾ ਸ਼ਰੀਫ਼ ਖ਼ਾਨ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲਨ ਲੱਗੇ | ਦੱਸਣ ਯੋਗ ਹੈ ਕਿ ਇਲਾਕੇ ਅੰਦਰ ਇਸ ਤੋਂ ਪਹਿਲਾਂ ਜੋ ਵੀ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ, ਨੂੰ ਲੱਭਣ 'ਚ ਪੁਲਿਸ ਅਜੇ ਤੱਕ ਨਾਕਾਮ ਸਾਬਤ ਹੋਈ ਹੈ |