ਬਰਨਾਲਾ, 24 ਦਸੰਬਰ (ਅਸ਼ੋਕ ਭਾਰਤੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਬਰਨਾਲਾ ਵਿਖੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕੌਮੀ ਇਨਸਾਫ਼ ਮੋਰਚੇ ਨਾਲ ਸਬੰਧਿਤ ਲਏ ਗਏ ਫ਼ੈਸਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਕੌਮੀ ਇਨਸਾਫ਼ ਮੋਰਚੇ ਵਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਕ ਭਰਵੀਂ ਮੀਟਿੰਗ ਹੋਈ ਸੀ | ਜਿਸ ਮੀਟਿੰਗ ਵਿਚ ਗੰਭੀਰ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਕੌਮੀ ਇਨਸਾਫ਼ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ 'ਤੇ 7 ਜਨਵਰੀ 2026 ਨੂੰ ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਚੱਲ ਰਹੇ ਧਰਨੇ ਵਿਚ ਇਕ ਵੱਡਾ ਇਕੱਠ ਕੀਤਾ ਜਾਵੇਗਾ | ਇਸ ਫ਼ੈਸਲੇ ਦੇ ਅਨੁਸਾਰ ਪੂਰੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਲੋਕਾਂ ਨੂੰ ਸ਼ਾਮਿਲ ਕਰ ਕੇ ਮੋਹਾਲੀ ਵਿਖੇ ਇਕ ਵਿਸ਼ਾਲ ਰੋਸ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ 12 ਜਨਵਰੀ 2026 ਨੂੰ ਪੂਰੇ ਪੰਜਾਬ ਦੇ 49 ਦੇ 49 ਟੋਲ ਪਲਾਜ਼ਿਆਂ ਨੂੰ ਫ਼ਰੀ ਕੀਤਾ ਜਾਵੇਗਾ | ਇਸ ਮੁਹਿੰਮ ਦੀ ਸਫਲਤਾ ਲਈ ਹਰ ਜ਼ਿਲ੍ਹੇ ਵਿਚ ਸਾਰੀਆਂ ਕਿਸਾਨ ਅਤੇ ਲੋਕਤੰਤਰਿਕ ਜਥੇਬੰਦੀਆਂ ਨਾਲ ਮਿਲ ਕੇ ਦੋ ਤੋਂ ਤਿੰਨ ਸਾਂਝੀਆਂ ਮੀਟਿੰਗਾਂ ਕਰਨੀ ਲਾਜ਼ਮੀ ਹਨ, ਤਾਂ ਜੋ ਪੂਰੀ ਤਿਆਰੀ ਨਾਲ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕੇ | ਮੀਟਿੰਗ ਵਿਚ 26 ਜਨਵਰੀ ਜੋ ਕਿ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦਾ ਦਿਨ (ਰਿਪਬਲਿਕ ਡੇ) ਹੈ, ਨੂੰ ਕਾਲੇ ਦਿਵਸ ਵਜੋਂ ਮਨਾਉਣ ਬਾਰੇ ਵੀ ਚਰਚਾ ਕੀਤੀ ਗਈ | ਫ਼ੈਸਲਾ ਕੀਤਾ ਗਿਆ ਕਿ ਇਸ ਦਿਨ ਪੰਜਾਬ ਸਮੇਤ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਕਾਰੋਬਾਰੀ ਥਾਵਾਂ 'ਤੇ ਕਾਲੇ ਝੰਡੇ ਲਗਾਉਣਗੇ | ਇਸ ਤੋਂ ਇਲਾਵਾ, ਲੋਕ ਕਾਲੀਆਂ ਦਸਤਾਰਾਂ, ਕਾਲੇ ਪਟਕੇ ਅਤੇ ਕਾਲੇ ਝੰਡੇ ਧਾਰਨ ਕਰ ਕੇ ਆਪਣੇ-ਆਪਣੇ ਪਿੰਡਾਂ, ਕਸਬਿਆਂ ਅਤੇ ਜ਼ਿਲ੍ਹਾ ਕੇਂਦਰਾਂ ਵਿਚ ਸ਼ਾਂਤਮਈ ਮਾਰਚ ਕੱਢਣਗੇ ਅਤੇ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸੰਘਰਸ਼ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਵੱਖ-ਵੱਖ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਗੂ ਹਾਜ਼ਰ ਸਨ |