28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਜੋੜ ਮੇਲੇ 'ਤੇ ਵਿਸ਼ੇਸ਼ ਗੁ: ਭਾਈ ਬਹਿਲੋ ਸਭ ਤੋਂ ਪਹਿਲੋ, ਫਫ਼ੜੇ ਭਾਈ ਕੇ (ਮਾਨਸਾ)

Ad Position 21
No active advertisement
ਅਜੀਤ ਡੈਸਕ 08-09-2025

ਮਾਨਸਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਫਫੜੇ ਭਾਈ ਕੇ ਵਿਖੇ ਬਾਬਾ ਭਾਈ ਬਹਿਲੋ ਦੀ ਯਾਦ 'ਚ ਹਰ ਸਾਲ ਸ਼ਰਾਧਾਂ ਦੀ ਅੱਠਵੀਂ, ਨੌਵੀਂ ਤੇ ਦਸਵੀਂ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਭਾਈ ਬਹਿਲੋ ਜੀ ਦਾ ਜਨਮ 1610 ਈ: (ਇਤਿਹਾਸਕਾਰ ਇਸ ਬਾਰੇ ਇਕਮਤ ਨਹੀਂ ਹਨ) ਨੂੰ ਪਿੰਡ ਫਫ਼ੜੇ ਵਿਖੇ ਪਿਤਾ ਅਲਦਿੱਤ ਚੌਧਰੀ ਤੇ ਮਾਤਾ ਗਾਗ ਗਾਗਰੀ ਦੇ ਘਰ ਹੋਇਆ। ਉਨ੍ਹਾਂ ਦਾ ਘਰੇਲੂ ਨਾਂਅ ਬਹਿਲੋਲ ਸੀ। ਉਸ ਸਮੇਂ ਪੂਰੇ ਪੰਜਾਬ (ਚੜ੍ਹਦੇ-ਲਹਿੰਦੇ) ਵਿਚ ਇਕ ਮੁਸਲਮਾਨ ਸੂਫ਼ੀ ਫ਼ਕੀਰ ਸਖੀ ਸਰਵਰ ਜਿਸ ਨੂੰ ਹੋਰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ, ਦੀ ਕਾਫ਼ੀ ਚੜ੍ਹਤ ਸੀ ਤੇ ਉਨ੍ਹਾਂ ਦਾ ਦਿਹਾਂਤ ਤਾਂ ਭਾਵੇਂ 1310 ਈ: 'ਚ ਹੋ ਚੁੱਕਾ ਸੀ ਪਰ ਉਨ੍ਹਾਂ ਨੂੰ ਮੰਨਣ ਵਾਲਿਆਂ ਦਾ ਵੱਡਾ ਵਰਗ ਮੌਜੂਦ ਸੀ ਅਤੇ ਭਾਈ ਬਹਿਲੋ ਦਾ ਪਰਿਵਾਰ ਵੀ ਉਨ੍ਹਾਂ 'ਚੋਂ ਇਕ ਸੀ।
ਇਤਿਹਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਇਕ ਵਾਰ ਸਖੀ ਸਰਵਰ ਦੀ ਜਗ੍ਹਾ ਵੱਲ ਜਾਂਦਿਆਂ ਭਾਈ ਬਹਿਲੋ ਨੂੰ ਗੁਰੂ ਦਰਸ਼ਨਾਂ ਦੀ ਤਾਂਘ ਹੋਈ ਤਾਂ ਉਹ ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ 'ਚ ਪਹੁੰਚ ਗਏ। ਉਹ ਪੱਕੇ ਤੌਰ 'ਤੇ ਉੱਥੇ ਰਹਿ ਕੇ ਹਰਿਮੰਦਰ ਸਾਹਿਬ ਦੀ ਕਾਰ ਸੇਵਾ 'ਚ ਲੱਗ ਗਏ। ਉਨ੍ਹਾਂ 12 ਸਾਲ ਤੱਕ ਸੇਵਾ ਕੀਤੀ। ਗੁਰੂ ਜੀ ਨੇ ਇਕ ਦਿਨ ਭਾਈ ਬਹਿਲੋ ਨੂੰ ਆਪਣੇ ਕੋਲ ਬੁਲਾਇਆ ਤੇ ਖੁਸ਼ ਹੁੰਦਿਆਂ ਕਿਹਾ ਕਿ ਤੁਹਾਡੀ ਸੇਵਾ ਸਫ਼ਲ ਹੋ ਗਈ ਹੈ। ਗੁਰੂ ਜੀ ਨੇ ਉਨ੍ਹਾਂ ਨੂੰ 'ਭਾਈ ਬਹਿਲੋ ਸਭ ਤੋਂ ਪਹਿਲੋ' ਕਹਿ ਕੇ ਸੰਬੋਧਨ ਕੀਤਾ ਤੇ ਕਿਹਾ ਕਿ ਉਹ ਹੁਣ ਆਪਣੇ ਪਿੰਡ ਫਫੜੇ ਜਾਣ ਤੇ ਸਿੱਖੀ ਦਾ ਪ੍ਰਚਾਰ-ਪਸਾਰ ਕਰਨ। ਉਹ ਪਿੰਡ ਵਾਪਸ ਆ ਕੇ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨੂੰ ਪੂਰਾ ਕਰਨ ਵਿਚ ਜੁੱਟ ਗਏ। ਸਿੱਖੀ ਦਾ ਪ੍ਰਚਾਰ-ਪਸਾਰ ਕੀਤਾ ਅਤੇ ਥਾਂ-ਥਾਂ ਲੰਗਰ ਚਲਾਏ। ਉਹ ਵਿਸਾਖੀ ਤੇ ਹੋਰ ਖ਼ਾਸ ਮੌਕਿਆਂ 'ਤੇ ਸਿੱਖ ਸੰਗਤਾਂ ਨੂੰ ਨਾਲ ਲੈ ਗੁਰੂ ਦਰਸ਼ਨਾਂ ਲਈ ਪਹੁੰਚਦੇ। ਸੰਗਤ ਉਨ੍ਹਾਂ ਨੂੰ ਸਤਿਕਾਰ ਵਜੋਂ 'ਭਾਈ' ਕਹਿ ਕੇ ਬੁਲਾਉਂਦੀ ਅਤੇ ਉਨ੍ਹਾਂ ਦਾ ਪਰਿਵਾਰ ਭਾਈ ਕੇ ਵਜੋਂ ਜਾਣਿਆਂ ਜਾਣ ਲੱਗਾ, ਜਿਸ ਸਦਕਾ ਉਨ੍ਹਾਂ ਦੇ ਪਿੰਡ ਫਫ਼ੜੇ ਦਾ ਨਾਂਅ ਵੀ 'ਫਫੜੇ ਭਾਈ ਕੇ' ਹੋ ਗਿਆ।
ਕਈ ਦਹਾਕੇ ਸਿੱਖੀ ਸੇਵਾ ਤੇ ਪ੍ਰਚਾਰ-ਪਸਾਰ ਕਰਦਿਆਂ ਭਾਈ ਬਹਿਲੋ ਜੀ ਚੇਤ ਸੁਦੀ ਨੌਵੀਂ ਨੂੰ ਇਸ ਦੁਨੀਆ ਤੋਂ ਵਿਦਾ ਹੋ ਗਏ। 1850 ਈ: ਦੀ ਇਕ ਹੱਥ-ਲਿਖਤ (ਲਿਖਾਰੀ ਪੰਜਾਬ ਸਿੰਘ) ਅਨੁਸਾਰ ਭਾਈ ਬਹਿਲੋ ਜੀ ਨੇ 1660 ਬਿਕਰਮੀ ਨੂੰ ਸੰਸਾਰਕ ਯਾਤਰਾ ਪੂਰੀ ਕੀਤੀ। ਉਨ੍ਹਾਂ ਦੀ ਯਾਦ 'ਚ ਉਸਾਰੇ ਗਏ ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲੋ ਫਫ਼ੜੇ ਭਾਈ ਕੇ ਦੀ ਹਦੂਦ ਅੰਦਰ ਹਰ ਸਾਲ ਅੱਸੂ ਵਦੀ ਅੱਠਵੀਂ, ਨੌਵੀ ਤੇ ਦਸਵੀਂ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ, ਜੋ ਇਸ ਵਾਰ 14, 15 ਤੇ 16 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਰਾਗੀ-ਢਾਡੀ ਜਥਿਆਂ ਵਲੋਂ ਧਰਮ ਪ੍ਰਚਾਰ ਕਰਦਿਆਂ ਵਾਰਾਂ-ਕਵਿਸ਼ਰੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਦੂਰੋਂ-ਦੂਰੋਂ ਨਾਮ ਲੇਵਾ ਸੰਗਤ ਅਤੇ ਸ਼ਰਧਾਲੂ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੁੰਦੇ ਹਨ।

ਮੋਬਾ: 98156-80980
ਈ-ਮੇਲ: ravindersharmarishi@gmail.com

Ad Position 22
No active advertisement
ਪਿਛਲੀ ਖ਼ਬਰ ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ਅਗਲੀ ਖ਼ਬਰ ਪਹਿਲੀ ਤੇ ਨੌਵੀਂ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਸੁਸ਼ੋਭਿਤ ਗੁਰਦੁਆਰਾ ਧੁਬੜੀ ਸਾਹਿਬ
Ad Position 24