ਭਾਵੇਂ ਕਿ ਸਾਡੇ ਚੰਗੇ-ਮੰਦੇ ਹੋਣ ਦਾ ਅੰਦਾਜ਼ਾ ਜ਼ਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿਚ ਕਿਸੇ ਦੇ ਰੰਗ-ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸਚਾਈ ਹੈ ਕਿ ਜਦੋਂ ਇਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਸਾਂਝ ਪੈਂਦੀ ਹੈ ਤਾਂ ਸਭ ਤੋਂ ਪਹਿਲਾ ਪ੍ਰਭਾਵ ਸਾਡੀ ਬੋਲ-ਬਾਣੀ ਤੋਂ ਪੈਂਦਾ ਹੈ। ਸਾਡੇ ਵਲੋਂ ਬੋਲੇ ਜਾ ਰਹੇ ਲਫ਼ਜ਼ਾਂ ਅਤੇ ਸਾਡੇ ਲਹਿਜ਼ੇ ਤੋਂ ਸਾਡੇ ਸਾਰੇ ਕਿਰਦਾਰ ਦਾ ਅੰਦਾਜ਼ਾ ਝੱਟ ਹੀ ਲੱਗ ਜਾਂਦਾ ਹੈ। ਜੇਕਰ ਸਾਡੇ ਬੋਲ ਸਹੀ ਵੀ ਹਨ ਪਰ ਲਹਿਜ਼ੇ ਵਿਚ ਮਿਠਾਸ ਨਹੀਂ ਤਾਂ ਅਸੀਂ ਉਹ ਪ੍ਰਭਾਵ ਦੂਜੇ ਵਿਅਕਤੀ 'ਤੇ ਨਹੀਂ ਪਾ ਸਕਦੇ, ਜੋ ਨਿਮਰਤਾ ਸਹਿਤ ਗੱਲ ਕਰਨ ਵਾਲਾ, ਥੋੜ੍ਹੇ ਸ਼ਬਦਾਂ 'ਚ ਆਪਣੀ ਗੱਲ ਸਮਝਾਉਣ ਵਾਲਾ ਅਤੇ ਮਿੱਠਾ ਬੋਲਣ ਵਾਲਾ ਵਿਅਕਤੀ ਪਾ ਸਕਦਾ ਹੈ।
ਸਾਡੇ ਜੀਵਨ ਵਿਚ ਸ਼ੁਭ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਗੁਣਾਂ 'ਚੋਂ ਹੀ ਅਹਿਮ ਗੁਣ ਹੈ ਸਾਡੇ ਬੋਲਾਂ ਦੀ ਮਿਠਾਸ, ਭਾਵ ਮਿੱਠਾ ਬੋਲਣਾ। ਜੋ ਸਾਡੇ ਕਿਰਦਾਰ ਨੂੰ ਹੋਰ ਵੀ ਉੱਚਾ ਕਰਦਾ ਹੈ। ਸਾਡੀ ਬੋਲਬਾਣੀ ਤੋਂ ਹੀ ਸਾਡੇ ਖ਼ਾਨਦਾਨ, ਸਾਡੀ ਵਿਰਾਸਤ ਅਤੇ ਸੱਭਿਆਚਾਰ ਦੀ ਪਹਿਚਾਣ ਹੁੰਦੀ ਹੈ। ਇੱਥੋਂ ਤੱਕ ਕਿ ਗੁਰਬਾਣੀ ਵਿਚ ਵੀ ਮਨੁੱਖ ਨੂੰ ਮਿੱਠਾ ਬੋਲਣ ਦੀ ਤਾਕੀਦ ਕਰਦਿਆਂ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਅਤੇ ਨਾਲ ਹੀ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕਿਸੇ ਨੂੰ ਉੱਚੇ ਜਾਂ ਫਿੱਕੇ ਬੋਲ ਨਹੀਂ ਬੋਲਣੇ ਚਾਹੀਦੇ,
ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਭਾਵ ਜੋ ਮਨੁੱਖ ਰੁੱਖੇ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ, ਜਿਸ ਕਰਕੇ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੁੱਖਾ ਬੋਲਣਾ ਵਾਲਾ ਮਨੁੱਖ ਲੋਕਾਂ ਵਿਚ ਵੀ ਰੁੱਖਾ ਅਖਵਾਉਂਦਾ ਹੈ ਅਤੇ ਫਿਰ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।
ਪਰ ਯਾਦ ਰਹੇ ਕੇਵਲ ਲੋਕ ਵਿਖਾਵੇ ਖ਼ਾਤਰ ਝੂਠੀ ਨਿਮਰਤਾ ਧਾਰਨ ਕਰਨੀ ਜਾਂ ਮਿੱਠਾ ਬੋਲਣਾ ਵੀ ਇਕ ਅਪਰਾਧ ਦੀ ਤਰ੍ਹਾਂ ਹੈ। ਇਸ ਲਈ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੰਸਾਰ ਵਿਚ ਸਮੂਹ ਜਾਤੀਆਂ 'ਚੋਂ ਮਨੁੱਖਾ ਜਾਤੀ ਹੀ ਅਜਿਹੀ ਹੈ, ਜਿਸ ਕੋਲ ਸ਼ਬਦ ਭੰਡਾਰ ਹੋਣ ਦੇ ਨਾਲ ਪਰਮਾਤਮਾ ਵਲੋਂ ਬੋਲੀ/ਬਾਣੀ ਬਖ਼ਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਉਹ ਇਕ-ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦਾ ਹੈ। ਗੁਰਬਾਣੀ ਸਮਝਾਉਂਦੀ ਹੈ ਕਿ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥
ਇਸ ਲਈ ਕੋਸ਼ਿਸ਼ ਕਰੀਏ ਕਿ ਜਦ ਵੀ ਬੋਲੀਏ, ਜਿੱਥੇ ਵੀ ਬੋਲੀਏ, ਜਿਸ ਵੀ ਹਾਲਤ ਵਿਚ ਬੋਲੀਏ ਭਲਾ ਬੋਲੀਏ, ਚੰਗਾ ਬੋਲੀਏ ਅਤੇ ਮਿੱਠਾ ਬੋਲੀਏ।
-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।