ਦਇਆ ਧਰਮ ਦਾ ਮੂਲ ਹੈ, ਜਿਸ ਵਿਅਕਤੀ ਦੇ ਹਿਰਦੇ ਵਿਚ ਕਿਸੇ ਦਰਦਮੰਦ ਲਈ ਦਰਦ ਨਹੀਂ, ਕਿਸੇ ਮਦਦਗਾਰ ਲਈ ਮਦਦ ਨਹੀਂ, ਜੋ ਕਿਸੇ ਡਿਗਦੇ ਨੂੰ ਸਹਾਰਾ ਨਹੀਂ ਦੇ ਸਕਦਾ, ਅਜਿਹਾ ਮਨੁੱਖ ਕੇਵਲ ਅਕਿਰਤਘਣ ਅਤੇ ਸਵਾਰਥੀ ਹੋ ਸਕਦਾ ਹੈ, ਹੋਰ ਕੁਝ ਨਹੀਂ। ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਅਨੁਸਾਰ ਲੋਕਤੰਤਰ ਤੋਂ ਭਾਵ ਲੋਕਾਂ ਲਈ, ਲੋਕਾਂ ਦੀ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਹੈ। ਪਰ ਅਜਿਹਾ ਸ਼ਾਸਨ ਜਿੱਥੇ ਹਰ ਕੋਈ ਵਿਅਕਤੀ ਇਕ ਸਮਾਨ ਹੋਵੇ, ਜਿੱਥੇ ਕਿਸੇ ਨਾਲ ਕੋਈ ਭੇਦਭਾਵ ਨਾ ਹੋਵੇ, ਤਰੱਕੀ ਲਈ ਮਿਲਣ ਵਾਲੇ ਮੌਕਿਆਂ 'ਚ ਸਮਾਨਤਾ ਹੋਵੇ, ਅਜਿਹਾ ਸ਼ਾਸਨ ਮਿਲਣਾ ਬਹੁਤ ਔਖਾ ਹੈ। ਹਾਲਾਂਕਿ ਅੱਜ ਤੋਂ ਲਗਭਗ 150 ਤੋਂ 200 ਸਾਲ ਪਹਿਲਾਂ ਅਜਿਹਾ ਸ਼ਾਸਨ ਪੰਜਾਬ ਦੀ ਧਰਤੀ 'ਤੇ ਰਿਹਾ ਹੈ, ਜਿਸ ਦੀ ਹੋਰ ਕਿਤੇ ਮਿਸਾਲ ਮਿਲਣੀ ਔਖੀ ਹੀ ਨਹੀਂ, ਸਗੋਂ ਅਸੰਭਵ ਹੈ।
ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ 'ਸ਼ੇਰ-ਏ-ਪੰਜਾਬ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਕੇਵਲ ਇਕ ਯੋਧਾ ਨਹੀਂ, ਸਗੋਂ ਕੁਸ਼ਲ ਰਾਜਾ ਤੇ ਪ੍ਰਸ਼ਾਸਕ ਵੀ ਸਨ। ਆਪਣੀ ਪਰਜਾ ਦੇ ਹਰ ਦਰਦ ਨੂੰ ਉਹ ਆਪਣਾ ਦਰਦ ਸਮਝਦੇ ਸਨ। ਉਨ੍ਹਾਂ ਦੀ ਜ਼ਿੰਦਗੀ ਵਿਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਬਾਕੀ ਰਾਜਿਆਂ-ਮਹਾਰਾਜਿਆਂ ਤੋਂ ਕਿਤੇ ਉੱਪਰ ਪਹੁੰਚਾਇਆ। ਇਤਿਹਾਸ ਮੁਤਾਬਕ ਇਕ ਵਾਰ ਜਦੋਂ ਮਹਾਰਾਜਾ ਆਪਣੀ ਸੈਨਾ ਨਾਲ ਜਾ ਰਹੇ ਸਨ ਤਾਂ ਇਕ ਬਜ਼ੁਰਗ ਔਰਤ ਉਨ੍ਹਾਂ ਕੋਲ ਆਈ ਅਤੇ ਆਪਣੇ ਤਵੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਰੀਰ ਨਾਲ ਛੂਹਣ ਲੱਗੀ, ਜਦੋਂ ਮਹਾਰਾਜਾ ਨੇ ਇਸ ਦਾ ਕਾਰਨ ਪੁੱਛਿਆ ਤਾਂ ਮਾਤਾ ਬੋਲੀ ਕਿ ਲੋਕੀਂ ਕਹਿੰਦੇ ਨੇ ਮਹਾਰਾਜਾ ਪਾਰਸ ਏ, ਜਿਸ ਦੇ ਛੂਹਣ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ, ਮੈਂ ਗ਼ਰੀਬ ਹਾਂ, ਮੇਰਾ ਕੋਈ ਸਹਾਰਾ ਨਹੀਂ, ਸੋਚਦੀ ਆਂ ਜੇਕਰ ਮੇਰਾ ਤਵਾ ਵੀ ਸੋਨੇ ਦਾ ਹੋ ਗਿਆ ਤਾਂ ਮੇਰਾ ਬੁਢਾਪਾ ਸੌਖਾ ਲੰਘ ਜਾਵੇਗਾ। ਮਹਾਰਾਜਾ ਨੇ ਮਾਤਾ ਦੇ ਬਚਨ ਸੁਣ ਕੇ ਉਸ ਦੀ ਆਰਥਿਕ ਮਦਦ ਕੀਤੀ ਅਤੇ ਭਵਿੱਖ ਵਿਚ ਵੀ ਜੇਕਰ ਕੋਈ ਲੋੜ ਪਵੇ ਤਾਂ ਆਪਣੇ ਦਰ ਸਦਾ ਲਈ ਖੁੱਲ੍ਹੇ ਰੱਖਣ ਦਾ ਐਲਾਨ ਕਰ ਕੇ ਅੱਗੇ ਵਧ ਗਏ। ਸਰਕਾਰ ਦਾ ਮੁਢਲਾ ਕੰਮ ਜਨ-ਕਲਿਆਣ ਹੁੰਦਾ ਹੈ। ਲੋਕਾਂ ਦੀ ਭਲਾਈ ਲਈ ਯੋਜਨਾਵਾਂ ਬਣਾਉਣਾ ਹੈ। ਜੇਕਰ ਕਦੇ ਰਾਜ ਵਿਚ ਅੰਨ ਤੇ ਪਾਣੀ ਦੀ ਥੁੜ ਪੈ ਜਾਵੇ ਤਾਂ ਹਾਕਮਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਖ਼ਜ਼ਾਨੇ ਦਾ ਮੂੰਹ ਖੋਲ੍ਹ ਕੇ ਮਦਦ ਕਰਨ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਸਮੇਂ ਜਦੋਂ ਇਕ ਵਾਰ ਫ਼ਸਲਾਂ ਨਾ ਹੋਈਆਂ ਅਤੇ ਪਰਜਾ ਅੰਨ ਦੇ ਦਾਣੇ-ਦਾਣੇ ਲਈ ਜੂਝਣ ਲੱਗੀ ਤਾਂ ਮਹਾਰਾਜਾ ਨੇ ਆਪਣੇ ਸਰਕਾਰੀ ਖ਼ਜ਼ਾਨੇ ਵਿਚ ਮੌਜੂਦ ਅੰਨ ਦਾ ਭੰਡਾਰ ਪਰਜਾ ਲਈ ਖੋਲ੍ਹ ਦਿੱਤਾ। ਇਸ ਸਮੇਂ ਵਾਪਰੀ ਇਕ ਘਟਨਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਦਾ ਪਰਜਾ ਪ੍ਰਤੀ ਪਿਆਰ ਕਿੰਨਾ ਗਹਿਰਾ ਸੀ। ਇਕ ਬਜ਼ੁਰਗ ਜਿਸ ਤੋਂ ਅੰਨ ਦੀ ਬੋਰੀ ਚੁੱਕੀ ਨਹੀਂ ਸੀ ਜਾ ਰਹੀ, ਇਕ ਨੌਜਵਾਨ ਆਇਆ ਜਿਸ ਨੇ ਉਹ ਬੋਰੀ ਆਪਣੇ ਮੋਢਿਆਂ 'ਤੇ ਚੁੱਕ ਕੇ ਉਸ ਬਜ਼ੁਰਗ ਨੂੰ ਘਰ ਤੱਕ ਪਹੁੰਚਾਇਆ। ਇਹ ਨੌਜਵਾਨ ਜਿਸ ਨੇ ਬੋਰੀ ਚੁੱਕ ਕੇ ਬਜ਼ੁਰਗ ਦੀ ਮਦਦ ਕੀਤੀ ਉਹ ਕੋਈ ਹੋਰ ਨਹੀਂ, ਸਗੋਂ ਮਹਾਰਾਜਾ ਰਣਜੀਤ ਸਿੰਘ ਸਨ। ਮਹਾਰਾਜਾ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਇਕ ਵਾਰ ਇਕ ਪੱਥਰ ਉਨ੍ਹਾਂ ਦੇ ਆ ਕੇ ਵੱਜਿਆ। ਦੂਰ ਖੇਡ ਰਹੇ ਬੱਚਿਆਂ ਨੂੰ ਫੜ ਕੇ ਸਿਪਾਹੀਆਂ ਨੇ ਮਹਾਰਾਜਾ ਦੇ ਸਾਹਮਣੇ ਪੇਸ਼ ਕੀਤਾ। ਇਕ ਸਿਪਾਹੀ ਬੋਲਿਆ ਕਿ ਤੁਸੀਂ ਮਹਾਰਾਜਾ ਦੇ ਪੱਥਰ ਕਿਉਂ ਮਾਰਿਆ। ਬੱਚੇ ਡਰ ਗਏ ਕਿ ਉਨ੍ਹਾਂ ਨੂੰ ਸਜ਼ਾ ਮਿਲੇਗੀ। ਇਕ ਬੱਚਾ ਡਰਦਾ-ਡਰਦਾ ਬੋਲਿਆ, ਅਸੀਂ ਜਾਣਬੁੱਝ ਕੇ ਨਹੀਂ ਮਾਰਿਆ, ਅਚਾਨਕ ਲੱਗ ਗਿਆ, ਅਸੀਂ ਤਾਂ ਬੇਰੀ ਤੋਂ ਬੇਰ ਤੋੜ ਰਹੇ ਸਾਂ। ਮਹਾਰਾਜਾ ਬੱਚਿਆਂ ਦੀ ਸੱਚ ਬੋਲਣ ਦੀ ਦਲੇਰੀ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬੱਚਿਆਂ ਨੂੰ ਮਿੱਠੇ ਬੇਰ ਤੋੜ ਕੇ ਦਿੱਤੇ ਜਾਣ। ਇਹ ਹੁੰਦਾ ਹੈ ਸ਼ਾਸਨ, ਜਿੱਥੇ ਸਜ਼ਾ ਮਿਲਣੀ ਚਾਹੀਦੀ ਸੀ, ਉੱਥੇ ਬੱਚਿਆਂ ਨੂੰ ਸੱਚ ਬੋਲਣ ਲਈ ਉਤਸ਼ਾਹਿਤ ਕੀਤਾ ਗਿਆ।
ਅਜੋਕੇ ਹਾਕਮਾਂ ਦੇ ਸ਼ਾਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵਿਚਕਾਰ ਜ਼ਮੀਨ ਆਸਮਾਨ ਦਾ ਫ਼ਰਕ ਹੈ। ਅਜੋਕੇ ਸਮੇਂ ਕਿਸਾਨ, ਕਰਮਚਾਰੀ, ਖਿਡਾਰੀ ਅਤੇ ਤਮਾਮ ਲੋਕ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈ ਕੇ ਆਪਣੇ ਹੱਕ ਮੰਗ ਰਹੇ ਹਨ। ਸਮੇਂ ਦੀਆਂ ਸਰਕਾਰਾਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨੂੰ ਮੁੜ ਲਿਆਉਣ ਦੀਆਂ ਦੁਹਾਈਆਂ ਤਾਂ ਪਾ ਰਹੀਆਂ ਹਨ ਪਰ ਅਜਿਹਾ ਹੋਣਾ ਬਹੁਤ ਮੁਸ਼ਕਿਲ ਹੈ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮੁੜ ਲਿਆਉਣ ਲਈ ਨੀਤ ਤੇ ਨੀਅਤ ਸਾਫ਼ ਰੱਖਣੀ ਹੋਵੇਗੀ। ਰਣਜੀਤ ਸਿੰਘ ਜਿਵੇਂ ਦਰਬਾਰ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਨਿਆਂ ਕਰਦੇ ਸਨ, ਅਜਿਹੀ ਨਿਆਂ ਪ੍ਰਣਾਲੀ ਵਿਕਸਿਤ ਕਰਨੀ ਹੋਵੇਗੀ। ਇਹ ਸਭ ਕੁਝ ਤਾਂ ਹੀ ਸੰਭਵ ਹੈ, ਜਦੋਂ ਹਾਕਮ ਪਰਜਾ ਨੂੰ ਆਪਣਾ ਸਮਝਣਗੇ ਕੇਵਲ ਵੋਟਾਂ ਵੇਲੇ ਨਹੀਂ, ਸਗੋਂ ਹਮੇਸ਼ਾ। ਫਿਰ ਕਿਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵਰਗੇ ਸ਼ਾਸਨ ਦੀ ਉਮੀਦ ਕੀਤੀ ਜਾ ਸਕਦੀ ਹੈ।
-ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਤਹਿ: ਤੇ ਜ਼ਿਲ੍ਹਾ ਬਠਿੰਡਾ। ਮੋਬਾ: 70873-67969