28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਜਨਮ ਦਿਵਸ 'ਤੇ ਵਿਸ਼ੇਸ਼ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲੇ

Ad Position 21
No active advertisement
ਅਜੀਤ ਡੈਸਕ 08-09-2025

ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦਾ ਜਨਮ ਇਤਿਹਾਸਕ ਪਿੰਡ ਧਾਮ ਝਾਂਡੀਆਂ ਕਲਾਂ (ਨੇੜੇ ਨੂਰਪੁਰ ਬੇਦੀ), ਤਹਿਸੀਲ ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਪਿਤਾ ਸ੍ਰੀ ਰਾਮ ਰੱਖਾ ਦੇ ਘਰ ਮਾਤਾ ਸ੍ਰੀਮਤੀ ਮਣਸੋ ਦੇਵੀ ਦੇ ਘਰ ਹੋਇਆ। ਉਨ੍ਹਾਂ ਨੂੰ ਬਚਪਨ 'ਚ ਮਹਿਜ਼ ਦੋ ਸਾਲ ਦੀ ਉਮਰ ਵਿਚ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸਵਾਮੀ ਲਾਲ ਦਾਸ ਭੂਰੀਵਾਲਿਆਂ ਨੂੰ ਅਰਪਣ ਕਰ ਦਿੱਤਾ ਸੀ। ਸਵਾਮੀ ਲਾਲ ਦਾਸ ਭੂਰੀਵਾਲਿਆਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਪਾਲਣ ਪੋਸ਼ਣ ਅਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਰਿਵਾਰ ਵਲੋਂ ਕਰਵਾਈ ਗਈ। ਉਪਰੰਤ ਲੁਧਿਆਣਾ ਸਥਿਤ ਭੂਰੀਵਾਲੇ ਆਸ਼ਰਮ ਵਿਖੇ ਸੰਨਿਆਸ ਧਾਰਨ ਕਰ ਕੇ ਗੇਰੂਆਂ ਬਸਤਰ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਦਾ ਨਾਂਅ ਸਵਾਮੀ ਚੇਤਨਾ ਨੰਦ ਭੂਰੀਵਾਲੇ ਰੱਖਿਆ ਗਿਆ। ਫਿਰ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ (ਗਊਆਂ ਵਾਲਿਆਂ) ਨੇ ਉਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਹਿੱਤ ਕਾਸ਼ੀ ਵਿਖੇ ਸੰਪੂਰਨ ਨੰਦ ਸੰਸਕ੍ਰਿਤੀ ਵਿਸ਼ਵ ਵਿਦਿਆਲਿਆ, ਬਨਾਰਸ ਵਿਖੇ ਦਾਖਲਾ ਦਿਵਾਇਆ ਗਿਆ। ਸੰਨ 1989 ਤੋਂ 1992 ਤੱਕ ਉਕਤ ਯੂਨੀਵਰਸਿਟੀ ਵਿਚ ਵੇਦਾਂਤ ਸ਼ਾਸਤਰੀ ਤੇ ਆਚਾਰੀਆ ਦੀ ਡਿਗਰੀ ਪ੍ਰਾਪਤ ਕੀਤੀ। 1992 ਤੋਂ ਬਾਅਦ ਪੜ੍ਹਾਈ ਪੂਰੀ ਕਰ ਕੇ ਸਤਿਗੁਰੂ ਸਵਾਮੀ ਬ੍ਰਹਮਾ ਨੰਦ ਭੂਰੀ ਵਾਲਿਆਂ ਨਾਲ ਵਿਚਰਨ ਲੱਗੇ। ਭਾਵੇਂ ਕਿ ਇਸ ਸੰਪਰਦਇ 'ਚ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਹੋਰ ਸ਼ਿਸ਼ ਸੰਤ-ਮਹਾਂਪੁਰਸ਼ ਵੀ ਸਨ। ਪਰ ਇਨ੍ਹਾਂ ਦੀ ਕਾਬਲੀਅਤ ਤੇ ਸਤਿਗੁਰਾਂ ਪ੍ਰਤੀ ਆਤਮ ਸਮਰਪਣਤਾ ਨੂੰ ਸਮਝਦਿਆਂ ਉਨ੍ਹਾਂ ਨੇ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੂੰ ਸ੍ਰੀ ਬ੍ਰਹਮ ਸਰੋਵਰ ਭੂਰੀਵਾਲਿਆਂ ਦੇ ਧਾਮ ਮਾਲੇਵਾਲ, ਜ਼ਿਲ੍ਹਾ ਸ਼ਹੀਦ ਭਗਤ ਨਗਰ ਵਿਖੇ ਗੁਰਗੱਦੀ ਦੇ ਅਗਲੇ ਭਾਵ ਚੌਥੇ ਗੱਦੀਨਸ਼ੀਨ ਵਜੋਂ ਥਾਪਨਾ ਦਿੱਤੀ। ਇਸੇ ਦੌਰਾਨ 1 ਮਈ 2002 ਨੂੰ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਪੰਜ ਭੌਤਿਕ ਸਰੀਰ ਤਿਆਗ ਜਾਣ ਉਪਰੰਤ 17 ਮਈ 2002 ਨੂੰ ਗਰੀਬਦਾਸੀ ਪੰਥ ਦੇ ਸਰਵਉੱਚ ਪੀਠ ਛਤਰੀ ਸਾਹਿਬ ਛੁਡਾਣੀ ਧਾਮ (ਹਰਿਆਣਾ) ਦੇ ਪੀਠਾਦੀਸ਼ਵਰ ਮਹੰਤ ਸ੍ਰੀ ਦਯਾ ਸਾਗਰ ਮੇਹਰਬਾਨ, ਖਟ ਦਰਸ਼ਨ ਸਾਧੂ ਸਮਾਜ ਅਤੇ ਸੰਗਤਾਂ ਨੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ ਹਰਿਦੁਆਰ (ਉੱਤਰਾਖੰਡ) ਵਿਖੇ ਭੂਰੀਵਾਲਿਆਂ ਦੀ ਚੌਥੀ ਗੁਰਗੱਦੀ 'ਤੇ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਨੂੰ ਬਿਰਾਜਮਾਨ ਕੀਤਾ। ਬ੍ਰਹਮਲੀਨ ਸਤਿਗੁਰੂ ਬ੍ਰਹਮਾਨੰਦ ਭੂਰੀਵਾਲਿਆਂ ਦੁਆਰਾ ਸਮਾਜ ਦੇ ਸਰਬਪੱਖੀ ਵਿਕਾਸ ਲਈ ਬਣਾਏ ਗਏ ਵਿੱਦਿਅਕ ਸੰਸਥਾਨ ਖ਼ਾਸਕਰ (ਲੜਕੀਆਂ), ਸਿਹਤ ਅਦਾਰੇ, ਪਬਲਿਕ ਸਕੂਲ, ਡਿਗਰੀ ਕਾਲਜਾਂ ਤੇ ਹੋਰ ਵੀ ਸਮਾਜਿਕ ਕਾਰਜਾਂ ਨੂੰ ਬਾਖ਼ੂਬੀ ਚਲਾਇਆ ਤੇ ਉਨ੍ਹਾਂ 'ਚ ਬੇਸ਼ੁਮਾਰ ਵਾਧਾ ਕੀਤਾ। ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲਿਆ ਵਲੋਂ ਜਿੱਥੇ ਆਸਟ੍ਰੇਲੀਆ ਅਤੇ ਕੈਨੇਡਾ ਵਿਖੇ ਆਸ਼ਰਮ ਬਣਵਾਏ ਗਏ, ਉੱਥੇ ਭਾਰਤ ਦੇ ਵੱਖ-ਵੱਖ ਰਾਜਾਂ 'ਚ ਨਾਮ ਬਾਣੀ ਦੇ ਪਸਾਰ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਅਚਾਰੀਆ ਵਲੋਂ ਨਸ਼ਾ ਰਹਿਤ ਸਮਾਜ ਸਿਰਜਣਾ, ਵਾਤਾਵਰਨ ਸੰਭਾਲ ਮੁਹਿੰਮ, ਪੀ.ਜੀ.ਆਈ. ਚੰਡੀਗੜ੍ਹ ਵਿਖੇ ਮਰੀਜ਼ਾਂ ਨੂੰ ਦੇਸੀ ਘਿਓ 'ਚ ਤਿਆਰ ਲੰਗਰ ਰੋਜ਼ਾਨਾ ਭੇਜਣਾ, ਪੀ.ਜੀ.ਆਈ. ਦੇ ਮਰੀਜ਼ਾਂ ਲਈ ਵੱਖ-ਵੱਖ ਇਲਾਕਿਆਂ ਤੋਂ ਮੁਫ਼ਤ ਬੱਸ ਸੇਵਾ ਨਾਲ ਸਹਾਇਤਾ ਲਈ ਸੇਵਾਦਾਰਾਂ ਨੂੰ ਭੇਜਣਾ, ਹਰਿਦੁਆਰ ਸਥਿਤ ਆਸ਼ਰਮ 'ਚ ਰੋਜ਼ਾਨਾ ਹਜ਼ਾਰਾਂ ਸਾਧੂਆਂ ਨੂੰ ਭੋਜਨ ਮੁਹੱਈਆ ਕਰਵਾਉਣਾ, ਖੂਨਦਾਨ ਤੇ ਮੈਡੀਕਲ ਕੈਂਪਾਂ 'ਚ ਮੁਫ਼ਤ ਦਵਾਈਆ ਸਮੇਤ ਹੋਰ ਵੀ ਸਮਾਜ ਭਲਾਈ ਲਈ ਅਨੇਕਾਂ ਕਾਰਜ ਨਿਰਵਿਘਨ ਕੀਤੇ ਜਾ ਰਹੇ ਹਨ। ਇਹ ਸੇਵਾ ਕਾਰਜ ਉਨ੍ਹਾਂ ਦੇ ਜੀਵਨ ਦਾ ਮੁੱਖ ਹਿੱਸਾ ਹਨ। ਹਰ ਪਲ ਸਾਦਗੀ 'ਚ ਰਹਿਣ ਵਾਲੇ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦਾ ਜਨਮ ਦਿਨ ਇਸ ਵਾਰ ਵੀ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਨੇੜੇ ਨੂਰਪੁਰ ਬੇਦੀ (ਰੂਪਨਗਰ) ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 8 ਸਤੰਬਰ ਨੂੰ ਅਚਾਰੀਆ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਪ੍ਰਕਾਸ਼ ਹੋਣਗੇ, 9 ਸਤੰਬਰ ਨੂੰ ਮੱਧ ਦੇ ਭੋਗ, ਖੂਨਦਾਨ ਤੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ 10 ਸਤੰਬਰ ਨੂੰ ਅੰਮ੍ਰਿਤ ਵੇਲੇ ਸ਼ੋਭਾ ਯਾਤਰਾ ਸਜਾਉਣ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ।

-ਪ੍ਰਤੀਨਿਧ 'ਅਜੀਤ' ਨੂਰਪੁਰ ਬੇਦੀ।
ਮੋਬਾ: 94174-85097 ।

Ad Position 22
No active advertisement
ਪਿਛਲੀ ਖ਼ਬਰ ਗਲੀ ਕਿਨੈ ਨਾ ਪਾਇਆ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ
Ad Position 24