28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਗਲੀ ਕਿਨੈ ਨਾ ਪਾਇਆ

Ad Position 21
No active advertisement
ਅਜੀਤ ਡੈਸਕ 08-09-2025

ਗੱਲਾਂ ਕਰਨੀਆਂ ਸੌਖੀਆਂ ਅਤੇ ਉਨ੍ਹਾਂ ਗੱਲਾਂ ਨੂੰ ਅਮਲ ਵਿਚ ਲਿਆਉਣਾ ਬੇਹੱਦ ਕਠਿਨ ਹੈ। ਕਈ ਵਾਰੀ ਕਈਆਂ ਦੇ ਮੂੰਹੋਂ ਅਜਿਹੇ ਬੋਲ ਨਿਕਲ ਜਾਂਦੇ ਹਨ, ਜਿਨ੍ਹਾਂ ਨੂੰ ਕਹਿਣ ਅਤੇ ਨਿਭਾਉਣ ਵਿਚ ਜ਼ਮੀਨ-ਅਸਮਾਨ ਜਿੰਨਾ ਅੰਤਰ ਹੈ। ਮੈਂ ਤੇਰੀ ਮਦਦ ਕਰਾਂਗਾ, ਕਹਿਣਾ ਸੌਖਾ ਪਰ ਕਿਸੇ ਦੀ ਮਦਦ ਕਰਨੀ ਔਖਾ ਕਾਰਜ ਹੈ। ਤੀਸਰੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਉਪਦੇਸ਼ ਕਰਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਉਸ ਬਾਰੇ ਕੇਵਲ ਗੱਲਾਂ ਕਰਨ ਜਾਂ ਉਸ ਨੂੰ ਪਾਉਣ ਦੀ ਜੁਗਤੀ ਦੀ ਵਿਆਖਿਆ ਕਰਨ ਨਾਲ ਨਹੀਂ ਹੋ ਸਕਦੀ। ਇਵੇਂ ਹੀ ਦੁਨਿਆਵੀ ਕਾਰਜ ਵੀ ਹੱਥੀਂ ਕੀਤਿਆਂ ਹੀ ਹੋ ਸਕਦੇ ਹਨ। ਪਰਮਾਤਮਾ ਦੀ ਬਖ਼ਸ਼ੀ ਦਇਆ-ਦ੍ਰਿਸ਼ਟੀ ਵਾਲਾ ਇਨਸਾਨ ਹੀ ਦੂਜੇ ਦੇ ਭਲੇ ਹਿੱਤ ਨਿਭਦਾ ਹੈ।
ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ ਉਸ ਸੱਚੇ ਪਾਤਿਸ਼ਾਹ ਜੀ ਦੀ ਪ੍ਰਾਪਤੀ ਦੇ ਰਾਹ 'ਤੇ ਤੁਰਨ ਵਾਲੇ ਲੋਕ ਉਸ ਦੇ ਸੱਚੇ ਭਗਤ ਹੁੰਦੇ ਹਨ। ਉਨ੍ਹਾਂ ਦੀ ਚਾਲ ਆਮ ਲੋਕਾਂ ਤੋਂ ਨਿਰਾਲੀ ਤੇ ਅਲਹਿਦਾ ਹੁੰਦੀ ਹੈ। ਪਰਮਾਤਮਾ ਵੱਲ ਜਾਂਦਾ ਮਾਰਗ ਬੜਾ ਕਠਿਨ ਤੇ ਭੀੜਾ ਹੈ। ਉਸ ਮਾਰਗ ਦੀ ਚੌੜਾਈ ਵਾਲ ਜਿੰਨੀ ਬਾਰੀਕ ਹੈ। ਬਹੁਤਾ ਬੋਲਣ-ਖਾਣ ਵਾਲੇ ਭਰਮ-ਭਟਕਣਾ 'ਚ ਫਸੇ ਰਹਿੰਦੇ ਹਨ। ਭਗਤਾਂ ਦੇ ਵਿਵਹਾਰ 'ਚ ਜ਼ਾਬਤਾ ਤੇ ਕੰਟਰੋਲ ਬੇਹਿਸਾਬ ਹੁੰਦਾ ਏ। ਉਨ੍ਹਾਂ ਦਾ ਕਿਰਦਾਰ ਗੱਲਾਂ ਵਾਲਾ ਨਹੀਂ ਹੁੰਦਾ। ਦੁਨਿਆਵੀ ਮੰਚ 'ਤੇ ਬਤੌਰ ਸੇਵਾਦਾਰ ਵਿਚਰਨ ਲਈ ਅਮਲਾਂ ਨਾਲ ਨਿਬੜਨਾ ਪੈਂਦਾ ਹੈ। ਤੁਸੀਂ ਕਿਸੇ ਨੂੰ ਗੱਲਾਂ ਨਾਲ ਬਹੁਤਾ ਚਿਰ ਨਹੀਂ ਪਰਚਾ ਸਕਦੇ। ਅੰਤ ਹੱਥੀਂ ਕੰਮ ਕੀਤਿਆਂ ਹੀ ਗੱਲ ਬਣਨੀ ਹੈ। ਆਲਸੀ ਲੋਕਾਂ ਨੂੰ ਜਗਤ ਵਾਲੇ ਲੋਕ ਨਿਕੰਮਾ ਕਹਿ ਕੇ ਭੰਡਦੇ ਹਨ। ਗੱਲਾਂ ਦੀ ਖੱਟੀ ਖਾਣ ਵਾਲੇ ਅੰਤ ਭੁੱਖੇ ਮਰਦੇ ਤੱਕੇ ਗਏ ਹਨ।
ਪਰਮਾਤਮਾ ਵੱਲ ਜਾਂਦਾ ਰਾਹ ਉਸ ਦੀ ਸੱਚੇ ਦਿਲੋਂ ਅਰਾਧਨਾ ਹੈ। ਚਲਾਕੀਆਂ-ਚਤੁਰਾਈਆਂ, ਉੱਚੀਆਂ ਅਕਲਾਂ ਕੰਮ ਨਹੀਂ ਆਉਂਦੀਆਂ। ਉਸ ਦੀ ਕਿਰਪਾ ਨਾਲ ਜੇਕਰ ਮਨ ਟਿਕ ਜਾਵੇ, ਵਿਕਾਰ ਪਿੱਛਾ ਛੱਡ ਦੇਣ ਤਾਂ ਗੱਲਾਂ ਤੋਂ ਪਿੱਛਾ ਛੁੱਟ ਜਾਂਦਾ ਹੈ। ਸਾਰੇ ਰੋਗਾਂ ਦੀ ਦਵਾਈ ਉਸ ਦਾ ਨਾਮ ਹੈ। ਜਦੋਂ ਅਮਲਾਂ 'ਚ ਸੁਧਾਰ ਹੁੰਦਾ ਹੈ ਤਾਂ ਬੰਦਾ ਸੁੱਤੇ ਸਿੱਧ ਪਰਮਾਤਮਾ ਦੇ ਸੱਚੇ ਮਰਾਗ 'ਤੇ ਚੱਲ ਪੈਂਦਾ ਹੈ।

-ਮੋਬਾਈਲ : 98146-81444

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਫ਼ਤਿਹਾਬਾਦ ਜ਼ਿਲ੍ਹੇ ਦੇ ਸੇਮ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਅਗਲੀ ਖ਼ਬਰ ਜਨਮ ਦਿਵਸ 'ਤੇ ਵਿਸ਼ੇਸ਼ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲੇ
Ad Position 24