27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸੇਵਾ ਅਤੇ ਸਿਮਰਨ ਦੇ ਪੁੰਜ ਭਾਈ ਸਾਲ੍ਹੋ

Ad Position 21
No active advertisement
ਅਜੀਤ ਡੈਸਕ 29-09-2025

ਭਾਈ ਸਾਲ੍ਹੋ ਜੀ ਗੁਰੂ ਘਰ ਨਾਲ ਜੁੜੇ ਹੋਏ ਬਹੁਤ ਹੀ ਮਹਾਨ ਸ਼ਰਧਾਲੂ ਅਤੇ ਸੇਵਕ ਹੋਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਿੱਖ ਧਰਮ ਦੀ ਸੇਵਾ ਕਰਨ ਦਾ ਸੁਭਾਗ ਹਾਸਿਲ ਹੋਇਆ। ਭਾਈ ਸਾਲ੍ਹੋ ਦਾ ਜਨਮ 29 ਸਤੰਬਰ, 1554 ਈ. ਵਿਚ ਪਿੰਡ ਦੌਲਾ ਕਿੰਗਰਾ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਦਿਆਲਾ ਜੀ ਅਤੇ ਮਾਤਾ ਸੁਖਦੇਈ ਜੀ ਸਨ। ਉਨ੍ਹਾਂ ਦੇ ਪਿਤਾ ਗੁਰੂ ਰਾਮਦਾਸ ਜੀ ਦੇ ਸ਼ਰਧਾਲੂ ਸਨ। ਉਨ੍ਹਾਂ ਦੇ ਜਨਮ ਸਮੇਂ ਮਾਲਵੇ ਦੀ ਧਰਤੀ ਹਮਾਯੂੰ ਅਤੇ ਸ਼ੇਰਸ਼ਾਹ ਸੂਰੀ ਦੀ ਆਪਸੀ ਜੰਗ ਦਾ ਅਖਾੜਾ ਬਣੀ ਹੋਈ ਸੀ। ਇਸ ਕਰਕੇ ਕਈ ਪਿੰਡ ਵੀ ਤਬਾਹ ਹੋ ਗਏ ਸਨ। ਭਾਈ ਸਾਲ੍ਹੋ ਦੇ ਪਿਤਾ ਪਿੰਡ ਦੌਲਾ ਕਿੰਗਰਾ ਨੂੰ ਛੱਡ ਕੇ ਅੰਮ੍ਰਿਤਸਰ ਤੋਂ 9 ਮੀਲ ਦੂਰ ਮਜੀਠਾ ਵਿਖੇ ਆ ਕੇ ਰਹਿਣ ਲੱਗ ਪਏ ਅਤੇ ਇੱਥੇ ਹੀ ਖੇਤੀਬਾੜੀ ਦਾ ਕਿੱਤਾ ਕਰਨ ਲੱਗੇ। ਭਾਈ ਸਾਲ੍ਹੋ ਜੋ ਉਸ ਸਮੇਂ ਨੌਜਵਾਨ ਸਨ, ਗੁਰੂ ਰਾਮਦਾਸ ਜੀ ਦੇ ਕੋਲ ਗੁਰੂ ਕਾ ਚੱਕ (ਅੰਮ੍ਰਿਤਸਰ) ਵਿਖੇ ਹੀ ਠਹਿਰ ਕੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਵਿਚ ਲੀਨ ਰਹਿਣ ਲੱਗੇ। ਉਨ੍ਹਾਂ ਨੇ ਗੁਰੂ ਕੇ ਮਹਿਲ ਦੇ ਨੇੜੇ ਆਪਣੀ ਇਕ ਸਰਾਂ ਬਣਾ ਲਈ, ਜਿਸ ਨੂੰ ਅੱਜਕੱਲ੍ਹ ਟੋਭਾ ਭਾਈ ਸਾਲ੍ਹੋ ਕਿਹਾ ਜਾਂਦਾ ਹੈ। ਜਿਹੜੇ ਵੀ ਸ਼ਰਧਾਲੂ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ, ਉਹ ਭਾਈ ਸਾਲ੍ਹੋ ਦੀ ਸਰਾਂ 'ਚ ਠਹਿਰਦੇ ਸਨ ਅਤੇ ਭਾਈ ਸਾਲ੍ਹੋ ਉਨ੍ਹਾਂ ਦੀ ਸੇਵਾ ਕਰਦੇ। ਗੁਰੂ ਰਾਮਦਾਸ ਜੀ ਨੇ ਗੁਰੂਘਰ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਪਿਆਰ ਵੇਖ ਕੇ ਵਰ ਦਿੱਤਾ:

ਰਾਮਦਾਸ ਗੁਰ ਮੁਖਹੁੰ ਉਚਾਰਾ॥
ਅਨਿਨ ਭਗਤ ਸਾਲ੍ਹੋ ਮਮ ਪਿਆਰਾ॥
ਇਹ ਗੁਰਸਿੱਖੀ ਕੇ ਕੋਤਵਾਲ॥
ਖਰੇ ਖੋਟੇ ਕੀ ਕਰਹਿ ਸੰਭਾਲ॥
ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ ਤਾਂ ਭਾਈ ਸਾਲ੍ਹੋ ਜੀ ਉਨ੍ਹਾਂ ਨਾਲ ਸੇਵਾ ਕਰਨ ਲੱਗ ਪਏ। ਜਦੋਂ ਗੁਰੂ ਅਰਜਨ ਦੇਵ ਜੀ ਨੇ ਅਮ੍ਰਿਤਸਰ ਵਿਖੇ ਸਰੋਵਰ ਦੀ ਖੁਦਾਈ ਅਤੇ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਉਨ੍ਹਾਂ ਨੇ ਬੜੀ ਲਗਨ ਨਾਲ ਸੇਵਾ 'ਚ ਹਿੱਸਾ ਲਿਆ। ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਅੰਮ੍ਰਿਤਸਰ 'ਚ ਲਗਾਤਾਰ ਮੀਂਹ ਪੈਣ ਕਾਰਨ ਸਾਰਾ ਬਾਲਣ ਗਿੱਲਾ ਹੋ ਗਿਆ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਇੱਟਾਂ ਦੀ ਕਮੀ ਆਉਣੀ ਸ਼ੁਰੂ ਹੋ ਗਈ। ਅਜਿਹੇ ਵਿਚ ਭਾਈ ਸਾਲ੍ਹੋ ਨੇ ਹੋਕਾ ਦਿੱਤਾ ਕਿ ਆਵੇ ਵਿਚ ਇੱਟਾਂ ਪਕਾਉਣ ਲਈ ਜਿਹੜਾ ਵੀ ਪਾਥੀਆਂ ਦੀ ਸੇਵਾ ਕਰੇਗਾ, ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਭਾਈ ਸਾਲ੍ਹੋ ਦੇ ਇਹ ਬੋਲ ਸੁਣ ਕੇ ਲੋਕਾਂ ਨੇ ਭਾਰੀ ਮਾਤਰਾ ਵਿਚ ਪਾਥੀਆਂ ਗੁਰੂ ਘਰ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੁੱਕੇ ਬਾਲਣ ਦੀ ਸਮੱਸਿਆ ਦੂਰ ਹੋ ਗਈ। ਜਦੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਸਾਲ੍ਹੋ ਨੂੰ ਇਸ ਬਾਰੇ ਪੁੱਛਿਆ ਤਾਂ ਭਾਈ ਸਾਹਿਬ ਨੇ ਨਿਮਰਤਾ ਸਹਿਤ ਕਿਹਾ ਕਿ ਮੈਂ ਤਾਂ ਕੇਵਲ ਹੋਕਾ ਦੇਣ ਵਾਲਾ ਹਾਂ ਦਾਤਾਂ ਦੇਣ ਵਾਲੇ ਤਾਂ ਤੁਸੀਂ ਹੋ। ਟੋਭਾ ਭਾਈ ਸਾਲ੍ਹੋ ਵਿਖੇ ਉਨ੍ਹਾਂ ਨੇ ਇਕ ਖੂਹ ਦੀ ਖੁਦਾਈ ਕਰਵਾਈ ਅਤੇ ਗੁਰੂ ਘਰ ਆਈ ਸੰਗਤ ਨੂੰ ਜਲ ਦੀ ਸੇਵਾ ਕਰਨ ਲੱਗ ਪਏ। ਇਕ ਵਾਰ ਉਨ੍ਹਾਂ ਦੀ ਸਿਹਤ ਨਾਸਾਜ਼ ਹੋਈ ਤਾਂ ਗੁਰੂ ਅਰਜਨ ਦੇਵ ਜੀ ਉਨ੍ਹਾਂ ਦਾ ਪਤਾ ਲੈਣ ਆਏ। ਜਦੋਂ ਕੀਰਤਨ ਦੇ ਦੀਵਾਨ ਲੱਗੇ ਤਾਂ ਗੁਰੂ ਸਾਹਿਬ ਦੀ ਭਗਤੀ 'ਚ ਲੀਨ ਹੋ ਗਏ, ਉਸ ਸਮੇਂ ਭਾਈ ਸਾਲ੍ਹੋ ਗੁਰੂ ਜੀ ਦੀ ਸੇਵਾ 'ਚ ਸਨ। ਸਾਰੀ ਰਾਤ ਕੀਰਤਨ ਹੁੰਦਾ ਰਿਹਾ ਤੇ ਭਾਈ ਸਾਹਿਬ ਗੁਰੂ ਜੀ ਦੀ ਸੇਵਾ 'ਚ ਹਾਜ਼ਰ ਰਹੇ। ਜਦੋਂ ਗੁਰੂ ਜੀ ਦੀ ਸਮਾਧੀ ਖੁੱਲ੍ਹੀ ਤਾਂ ਗੁਰੂ ਜੀ ਭਾਈ ਸਾਲ੍ਹੋ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਟੋਭੇ ਦੀ ਜਗ੍ਹਾ 'ਤੇ ਸਰੋਵਰ ਦੀ ਉਸਾਰੀ ਦਾ ਪ੍ਰਸਤਾਵ ਭਾਈ ਸਾਹਿਬ ਦੇ ਅੱਗੇ ਰੱਖਿਆ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਸਰੋਵਰ ਗੁਰੂ ਘਰ ਵਿਚ ਹੀ ਸੋਭਦੇ ਹਨ, ਤੁਸੀਂ ਇਸ ਨੂੰ ਟੋਭਾ ਹੀ ਰਹਿਣ ਦਿਓ। ਇਸ 'ਤੇ ਗੁਰੂ ਜੀ ਨੇ ਖ਼ੁਸ਼ ਹੋ ਕੇ ਟੋਭਾ ਭਾਈ ਸਾਲ੍ਹੋ ਨੂੰ ਵਰਦਾਨ ਦਿੱਤਾ ਕਿ ਜਿਹੜੇ ਮਾਪੇ ਆਪਣੇ ਸੁੱਕੇ ਕਮਜ਼ੋਰ ਬੱਚਿਆਂ ਨੂੰ ਸ਼ਰਧਾ ਨਾਲ ਇੱਥੇ ਇਸ਼ਨਾਨ ਕਰਵਾਉਣਗੇ ਉਹ ਬੱਚੇ ਹਰੇ ਭਰੇ ਤੇ ਤੰਦਰੁਸਤ ਹੋ ਜਾਣਗੇ।
ਅੰਮ੍ਰਿਤਸਰ ਵਿਖੇ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਉਸਾਰੀ ਮੌਕੇ ਗੁਰੂ ਅਰਜਨ ਦੇਵ ਜੀ ਨੇ ਬਾਹਰੋਂ ਆਈ ਨਕਦੀ ਤੇ ਹੋਰ ਵਸਤਾਂ ਦਾ ਲੇਖਾ-ਜੋਖਾ ਰੱਖਣ ਦੀ ਅਹਿਮ ਜ਼ਿੰਮੇਵਾਰੀ ਭਾਈ ਸਾਲ੍ਹੋ ਨੂੰ ਸੌਂਪੀ ਅਤੇ ਅੰਮ੍ਰਿਤਸਰ ਦਾ ਆਮ ਪ੍ਰਬੰਧ ਕਰਨ ਦੀ ਸੇਵਾ ਵੀ ਲਗਾਈ। ਭਾਈ ਸਾਲ੍ਹੋ ਉਨ੍ਹਾਂ ਕੁਝ ਅਹਿਮ ਸਿੱਖਾਂ 'ਚ ਸ਼ਾਮਿਲ ਸਨ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਰਾਤ ਵਿਚ ਸ਼ਾਮਿਲ ਹੋਣ ਦਾ ਮੌਕਾ ਪ੍ਰਾਪਤ ਹੋਇਆ। ਭਾਈ ਸਾਲ੍ਹੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਗਵਾਈ ਵਿਚ ਗੁਰੂ ਘਰ ਦੀ ਸੇਵਾ 'ਚ ਲੀਨ ਰਹੇ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਪਰਤੇ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ 1628 ਈ. ਵਿਚ 74 ਸਾਲ ਦੀ ਉਮਰ 'ਚ ਭਾਈ ਸਾਲ੍ਹੋ ਅਕਾਲ ਚਲਾਣਾ ਕਰ ਗਏ। ਭਾਈ ਸਾਲ੍ਹੋ ਜੀ ਦਾ ਅੰਤਿਮ ਸੰਸਕਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ। ਇਸ ਪ੍ਰਕਾਰ ਭਾਈ ਸਾਲ੍ਹੋ ਜੀ ਸਾਰੀ ਉਮਰ ਗੁਰੂਘਰ ਦੀ ਸੇਵਾ 'ਚ ਬੜੀ ਲਗਨ ਨਾਲ ਲੱਗੇ ਰਹੇ।

-238 ਏਕਰੂਪ ਐਵੀਨਿਊ, ਮਜੀਠਾ ਰੋਡ, ਅੰਮ੍ਰਿਤਸਰ।
ਮੋਬਾ: 8146484447

Ad Position 22
No active advertisement
ਪਿਛਲੀ ਖ਼ਬਰ 29-09-25 ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਤੁਰਨ ਵੇਲੇ ਦਾ ਸਮਾਂ
Ad Position 24