27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਤੁਰਨ ਵੇਲੇ ਦਾ ਸਮਾਂ

Ad Position 21
No active advertisement
ਅਜੀਤ ਡੈਸਕ 29-09-2025

ਸ਼ਿਵਾਲਿਕ ਦੀਆਂ ਪਹਾੜੀਆਂ ਦੀ ਪੂਰਬੀ ਗੁੱਠ ਤੋਂ ਅੱਜ ਵੀ ਸੂਰਜ ਉਦੈ ਹੋਇਆ। ਸਾਵਣ ਦਾ ਮਹੀਨਾ ਚੁਫ਼ੇਰੇ ਹਰਿਆਵਲ ਵੰਡ ਰਿਹਾ ਸੀ। ਬਿਰਖ਼ਾਂ 'ਤੇ ਬਾਰਿਸ਼ ਕਾਰਨ ਗਰਦ-ਗੁਬਾਰ ਹਟ ਚੁੱਕੀ ਸੀ। ਇਕ ਗਰਦ-ਗੁਬਾਰ ਨੂਰੀ ਸੂਰਜ ਨੇ ਧੋਅ ਦੇਣੀ ਸੀ। ਪਹਾੜੀਆਂ ਖ਼ਾਮੋਸ਼ ਸਨ। ਬਿਰਖ਼ ਵੀ ਸਵੇਰੇ-ਸਵੇਰੇ ਅਡੋਲ ਜਾਪ ਰਹੇ ਸਨ। ਪੰਛੀ ਵੀ ਆਪਣੀ ਉਡਾਣ ਦੀ ਉਡੀਕ ਵਿਚ ਸਨ। ਚਾਰੇ ਪਾਸੇ ਵਿਸਮਾਦੀ ਰੰਗ ਦਾ ਪਹਿਰਾ ਸੀ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵਰੋਸਾਈ ਧਰਤੀ 'ਮਾਤਾ ਨਾਨਕੀ ਚੱਕ' ਹੁਣ ਅਨੰਦਪੁਰੀ ਬਣ ਗਿਆ ਸੀ। ਸੁਰੱਖਿਆ ਲਈ ਗੁਰੂ ਪਰਿਵਾਰ ਇਕ ਕਿਲ੍ਹਾ ਨੁਮਾ ਠਾਠ 'ਚ ਰਹਿ ਰਿਹਾ ਸੀ। ਵਿਰੋਧੀ ਤੇ ਦੁਸ਼ਮਣ ਪਹਾੜੀ ਰਾਜਿਆਂ ਦੀ ਅੱਖ ਕੈੜੀ ਸੀ। ਕਸ਼ਮੀਰ ਤੋਂ ਪੰਡਤ ਕਿਰਪਾ ਰਾਮ ਦੀ ਟੋਲੀ ਗੁਰੂ ਜੀ ਦਾ ਧਰਵਾਸ ਲੈ ਕੇ ਮੁੜੀ ਨੂੰ ਕਈ ਮਹੀਨੇ ਹੋ ਗਏ ਸਨ। ਕੀ ਵਾਪਰੇਗਾ, ਕਿਸੇ ਨੂੰ ਕੁਝ ਨਹੀਂ ਸੀ ਪਤਾ। ਕਸ਼ਮੀਰ ਦਾ ਗਵਰਨਰ ਇਫ਼ਤਖ਼ਾਰ ਖ਼ਾਨ ਉੱਸਲ-ਵੱਟੇ ਲੈ ਰਿਹਾ ਸੀ। ਦਿੱਲੀ ਔਰੰਗਜ਼ੇਬ ਨੂੰ ਸੂਚਨਾ ਦੇ ਦਿੱਤੀ ਗਈ ਕਿ ਸਿੱਖਾਂ ਦਾ ਨੌਵਾਂ ਗੁਰੂ ਆ ਕੇ ਆਪੇ ਹਿੰਦੂਆਂ ਦੀ ਰੱਖਿਆ ਲਈ ਪੇਸ਼ੀਨਗੋਈ ਤਸਲੀਮ ਕਰੇਗਾ। ਪੰਡਤ ਕਿਰਪਾ ਰਾਮ ਨੇ ਤਸੱਲੀ ਦੀ ਗੰਢ ਬੰਨ੍ਹੀ ਹੋਈ ਸੀ ਤੇ ਆਉਣ ਵਾਲੇ ਸਮੇਂ ਲਈ ਫ਼ਿਕਰਮੰਦੀ 'ਚ ਸੀ। ਉਸ ਦੇ ਕੰਨ ਅਨੰਦਪੁਰੀ ਨੂੰ ਲੱਗੇ ਹੋਏ ਸਨ। ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਗੁਰੂ ਜੀ ਨੇ ਆਪਣੀ ਕਾਰਜ-ਸੂਚੀ ਤਿਆਰ ਕਰ ਲਈ ਸੀ। ਗੁਰੂ ਜੀ ਨਾਲ ਸੰਗਤ ਦਾ ਮੋਹ ਅਣਕਿਆਸਿਆ ਹੋ ਗਿਆ ਸੀ। ਹਰ ਕੋਈ ਗੁਰੂ ਜੀ ਦੇ ਤੁਰਨ ਵੇਲੇ ਲਈ ਬਿਹਬਲ ਹੋ ਰਿਹਾ ਸੀ। ਗੁਰੂ ਜੀ ਦਾ ਸੰਗ ਵਡਮੁੱਲਾ ਸੀ। ਗੁਰੂ ਜੀ ਨੇ ਹਾਜ਼ਰ ਸੰਗਤ ਨੂੰ ਨੂਰਾਨੀ ਤੱਕਣੀ ਨਾਲ ਨਿਹਾਰਿਆ। ਅਕੀਦਤ ਕੀਤੀ। ਇਕ ਜਲੌਅ ਗੁਰੂ ਜੀ ਦੇ ਚਿਹਰੇ 'ਤੇ ਸੀ ਤੇ ਇਕ ਜਲੌਅ ਸੰਗਤ ਦੇ ਹਿਰਦਿਆਂ 'ਚ ਉਮੜ ਰਿਹਾ ਸੀ। ਕਿਲ੍ਹੇ 'ਤੇ ਸੂਰਜ ਦੀਆਂ ਕਿਰਨਾਂ ਸੁਨਹਿਰੀ ਭਾਹ ਮਾਰ ਰਹੀਆਂ ਸਨ। ਕਿਲ੍ਹੇ ਦਾ ਅੰਦਰ ਸ਼ਬਦੀ ਚਾਨਣ ਨਾਲ ਭਰਿਆ ਹੋਇਆ ਸੀ ਤੇ ਕਿਲ੍ਹੇ ਦੀ ਦਹਿਲੀਜ਼ ਤੋਂ ਇਕ ਅਗੰਮੀ-ਨੂਰ ਨੇ ਚਾਨਣ ਵੰਡਣ ਲਈ ਤੁਰਨਾ ਸੀ। ਬੜਾ ਕੁਝ ਤਿਆਗਣਾ ਸੀ ਤੇ ਬੜਾ ਕੁਝ ਜ਼ਿੰਮੇਵਾਰੀਆਂ ਦਾ ਬੋਝ ਬਾਲ ਗੋਬਿੰਦ ਰਾਏ ਦੇ ਮਾਸੂਮ ਮੋਢਿਆਂ 'ਤੇ ਪਾਉਣਾ ਸੀ। ਚਿਰੰਜਵੀ ਅਉਸਰ ਅੱਗੇ ਇਕ ਦਹਾਕਾ ਅਉਸਰ ਦੀ ਪ੍ਰੀਖਿਆ ਦਾ ਵੇਲਾ ਖੜੋਤਾ, ਨੂਰੋ-ਨੂਰ ਹੋ ਰਿਹਾ ਸੀ। ਸੰਗਤਾਂ 'ਚ ਉਦਾਸੀ ਦਾ ਆਲਮ ਸੀ। ਪੂਰਬ ਤੋਂ ਉਦੈ ਹੋਏ ਚਾਨਣ ਨੇ ਪੂਰਬ ਦੇ ਕੂੜ-ਤਖ਼ਤ ਦਿੱਲੀ ਨੂੰ ਹਰਾਉਣਾ ਸੀ। ਇਕ ਪਾਸੇ ਹਥਿਆਰਾਂ ਤੇ ਸੱਤਾ ਦਾ ਜਬਰ ਸੀ ਅਤੇ ਦੂਜੇ ਪਾਸੇ ਸ਼ਬਦ-ਸ਼ਕਤੀ ਤੇ ਸਹਿਣਸ਼ੀਲਤਾ ਦਾ ਪ੍ਰਕਾਸ਼। ਸਮਾਂ ਦੁਚਿੱਤੀ ਵਿਚ ਸੀ ਪਰ ਸਿਰੜ ਬੇਖ਼ੌਫ਼ (ਨਿਰਭਉ) ਸੀ।
ਸੰਗਤ 'ਤੇ ਉੱਡਦਾ ਹੋਇਆ ਬੱਦਲ ਸ਼ਮਿਆਨੇ ਵਾਂਗ ਠੰਢਕ ਵਰਤਾਅ ਰਿਹਾ ਸੀ। ਗੁਰੂ ਜੀ ਨੇ ਮਰਿਆਦਾ ਦੀ ਪਾਲਣਾ ਕਰਦਿਆਂ ਪੁੱਤਰ ਗੋਬਿੰਦ ਰਾਏ ਨੂੰ ਮੱਥੇ ਰੂਹਾਨੀ ਤਿਲਕ ਲਾ ਕੇ ਢਾਰਸ ਬੰਨ੍ਹ ਦਿੱਤਾ। ਇਕ ਜੋਤ ਨਾਲ ਦੂਜੀ ਜੋਤ ਪ੍ਰਜਵੱਲਤ ਹੋ ਗਈ। ਗੁਰੂ ਜੀ ਨੇ ਅਰਧੰਗੀ ਗੁਜਰੀ ਜੀ ਨੂੰ ਆਪਣੀ ਤੱਕਣੀ ਨਾਲ ਬਲ-ਬੁੱਧ ਕਰ ਦਿੱਤਾ। ਮਾਤਾ ਗੁਜਰੀ ਨੇ ਸਿਰ 'ਤੇ ਲਿਆ ਦੁਪੱਟਾ ਸਾਂਭਦਿਆਂ, ਆਪਣੀ ਵਫ਼ਾਦਾਰੀ ਅਤੇ ਅਡੋਲਤਾ ਦਾ ਸਬੂਤ ਦਿੱਤਾ। ਬਹੁਤ ਕੁਝ ਸੁਣਨ ਨਾਲੋਂ ਖ਼ਾਮੋਸ਼ੀ ਨੇ ਅਰਥਾਂ ਨੂੰ ਤਸਦੀਕ ਕਰ ਦਿੱਤਾ। ਲੰਮੇ ਸਫ਼ਰ ਦੇ ਬਿਰਤਾਂਤ, ਪਲਾਂ-ਛਿਣਾਂ 'ਚ ਮੁੱਕ ਜਾਣੇ ਸਨ। ਇਕ ਨਵਾਂ ਅਧਿਆਇ ਆਰੰਭ ਹੋਣ ਵਾਲਾ ਸੀ। ਮਾਤਾ ਗੁਜਰੀ ਨੇ ਵੱਡਾ ਜਿਗਰਾ ਕਰਕੇ ਭਵਿੱਖ ਨੂੰ ਸਮਝ ਲਿਆ। ਸਿਰ ਦੇ ਸਾਈਂ ਪਤੀ ਗੁਰੂ ਲਈ ਅਰਦਾਸ ਬਣੀ ਗੁਜਰੀ ਜੀ ਸਿੱਖੀ ਦਾ ਥੰਮ੍ਹ ਬਣੀ ਖੜ੍ਹੋਤੀ ਸੀ ਅਤੇ ਪੁੱਤਰ ਲਈ ਅਸੀਸਾਂ ਦੀਆਂ ਛੱਲਾਂ ਦਾ ਪ੍ਰਤੀਕ ਬਣ ਗਈ ਸੀ।
ਗੋਬਿੰਦ ਰਾਏ ਦਾ ਮਾਮਾ ਕਿਰਪਾਲ ਚੰਦ ਗੁਰੂ ਜੀ ਦੇ ਬੋਲਾਂ ਨੂੰ ਪੱਲੇ ਬੰਨ੍ਹ ਰਿਹਾ ਸੀ। 'ਹੁਣ ਗੋਬਿੰਦ ਤੁਹਾਡੇ ਜ਼ਿੰਮੇ ਹੈ, ਹਰ ਤਰ੍ਹਾਂ ਨਾਲ ਸਿੱਖਿਆ ਦਾ ਖ਼ਿਆਲ ਰੱਖਣਾ।' ਗੁਰੂ ਜੀ ਕਿਰਪਾਲ ਚੰਦ ਨੂੰ ਜ਼ਿੰਮੇਵਾਰੀ ਸੌਂਪ ਰਹੇ ਸਨ। ਇਹ ਕਿਹੋ ਜਿਹਾ ਗੂੜ੍ਹਾ ਰਿਸ਼ਤਾ ਸੀ, ਜੋ ਮੁਹੱਬਤ ਦਾ ਸ਼ਗੂਫ਼ਾ ਬਣ ਗਿਆ ਸੀ, ਜਦਕਿ ਗੁਰਗੱਦੀ ਦੇ ਲੋਭੀ ਰਾਜ-ਸੱਤਾ ਦੇ ਕੰਨ ਭਰ ਰਹੇ ਸਨ।
ਗੁਰੂ ਜੀ ਦੀ ਵੱਡੀ ਭੈਣ ਬੀਰੋ ਭੈਣ-ਭਰਾ ਦੇ ਪਿਆਰ 'ਚ ਗੜੂੰਦ ਗੁਰੂ-ਵੀਰ ਨੂੰ ਨਮ ਅੱਖਾਂ ਨਾਲ ਨਿਹਾਰ ਰਹੀ ਸੀ। 'ਇਕੋ ਅਰਜੋਈ, ਵੀਰ ਦੀ ਲਾਜ ਰਹਿ ਜਾਏ।' ਬੀਰੋ ਅੰਦਰੋਂ-ਅੰਦਰੀ ਸੁੱਖਾਂ ਸੁੱਖ ਰਹੀ ਸੀ। ਬੀਰੋ ਦੇ ਪੁੱਤਰ ਸੰਗੋਂ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਤੇ ਮਾਹਰੀ ਚੰਦ ਹਰ ਤਰ੍ਹਾਂ ਨਾਲ ਬਾਲ ਗੋਬਿੰਦ ਨਾਲ ਭਰਾ ਬਣੇ ਖੜੋਤੇ ਸਨ। ਇਹ ਰਿਸ਼ਤਿਆਂ ਦੀ ਕਰੰਗੜੀ ਗੁਰੂ ਮਹਿਮਾ ਕਰਕੇ ਸਦਾ ਅੰਗ-ਸੰਗ ਰਹਿਣ ਲਈ ਵਿਸ਼ਵਾਸ ਦੁਆ ਰਹੀ ਸੀ।
ਗੁਰੂ ਜੀ ਦੀ ਗੰਭੀਰਤਾ ਸਮੁੰਦਰ ਜਿੰਨੀ ਡੂੰਘੀ ਸੀ। ਉਨ੍ਹਾਂ ਦੀ ਦ੍ਰਿਸ਼ਟੀ ਦਿਸਹੱਦਿਆਂ ਨੂੰ ਛੋਹ ਰਹੀ ਸੀ। ਉਨ੍ਹਾਂ ਦਾ ਪ੍ਰਕਾਸ਼ ਬ੍ਰਹਿਮੰਡ 'ਚ ਪਸਰ ਰਿਹਾ ਸੀ। ਉਨ੍ਹਾਂ ਦਾ ਸਫ਼ੈਦ ਚੋਲਾ ਸੱਚ ਦੇ ਅਰਥ ਸਮਝਾ ਰਿਹਾ ਸੀ। ਬੋਲਾਂ ਦੀ ਹਲੀਮੀ 'ਚ ਸਵੈਮਾਣ ਦੀ ਪੁਖ਼ਤਗੀ ਸੀ। 'ਨਿਰਭਉ ਤੇ ਨਿਰਵੈਰੁ' ਨਾਨਕ ਬਾਣੀ 'ਤੇ ਪਹਿਰਾ ਦੇਣ ਦੀ ਅਟੱਲਤਾ ਸੀ। ਬਾਂਹਿ ਜਿਨਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨਾ ਛੋੜੀਐ॥ ਗੁਰੂ ਜੀ ਨੇ ਪਿੰਡੇ ਓੜੀ ਚਾਦਰ ਨਾਲ ਅਹਿਸਾਸ ਕਰਵਾ ਦਿੱਤਾ ਕਿ ਇਹ ਮਜ਼ਲੂਮਾਂ ਦੀ ਰੱਖਿਆ ਲਈ ਹੈ। ਚਾਦਰ ਨੇ ਇਤਿਹਾਸ ਬਣਨਾ ਸੀ, ਮਾਨਵੀ ਹੱਕਾਂ ਦੀ ਰਖਵਾਲੀ ਦਾ ਦਸਤਾਵੇਜ਼ ਬਣਨਾ ਸੀ। ਅਨੰਦਪੁਰੀ ਤੋਂ ਤੁਰਨ ਦਾ ਵੇਲਾ ਹੋ ਗਿਆ ਸੀ। ਹਰ ਕੋਈ ਠਠੰਬਰਿਆ ਹੋਇਆ ਸੀ। ਸੂਰਜ ਕਾਫ਼ੀ ਚੜ੍ਹ ਆਇਆ ਸੀ।
ਗੁਰੂ ਜੀ ਨੇ ਪੋਥੀ-ਪਰਮੇਸ਼ਰ ਨੂੰ ਨਮਨ ਕੀਤਾ। ਅਕਾਲ ਪੁਰਖ ਤੋਂ ਦਿੱਲੀ ਵੱਲ ਤੁਰਨ ਦੀ ਆਗਿਆ ਲਈ। ਗੁਰੂ-ਘਰ ਦੇ ਅਨਿਨ ਸ਼ਰਧਾਵਾਨ ਭਾਈ ਹੀਰਾ ਨੰਦ ਦੇ ਪੁੱਤਰ ਮਤੀ ਦਾਸ ਜੀ ਤੇ ਸਤੀ ਦਾਸ ਜੀ ਗੁਰੂ ਜੀ ਦੇ ਪੰਧ ਦੇ ਪਾਂਧੀ ਬਣੇ। ਗੁਰਦਿੱਤਾ ਜੀ, ਉਦਾ ਜੀ ਤੇ ਜੈਤਾ ਜੀ ਪਹਿਲਾਂ ਹੀ ਤਿਆਰ-ਬਰ-ਤਿਆਰ ਸਨ। ਪੰਜ ਭਾਈ (ਪਿਆਰੇ) ਸਿਰੜੀ ਤੇ ਸਿਦਕੀ ਬਣ ਗੁਰੂ ਜੀ ਦੇ ਨਾਲ ਹੋ ਤੁਰੇ। ਭਾਈ ਜੈਤਾ ਜੀ ਦਾ ਪਹਿਲਾਂ ਹੀ ਦਿੱਲੀ ਦੇ ਰਸਤਿਆਂ 'ਤੇ ਆਉਣ-ਜਾਣ ਸੀ।
ਅਨੰਦਪੁਰੀ ਦੀ ਜੂਹ 'ਚੋਂ ਗੁਰੂ ਜੀ ਦਾ ਕਾਫ਼ਲਾ ਬਾਣੀ ਉਚਾਰਦਾ ਤੁਰ ਪਿਆ। ਗੁਰੂ ਤੇਗ ਬਹਾਦਰ ਜੀ ਤੇਗ਼ ਦੇ ਧਨੀ ਹੁੰਦੇ ਹੋਏ, ਤਲਵਾਰ ਦੇ ਜ਼ੁਲਮ ਸਾਹਮਣਾ ਕਰਨ ਲਈ, ਫ਼ਤਹਿ ਪਾਉਣ ਲਈ, ਮਜ਼ਲੂਮਾਂ ਦੀ ਰੱਖਿਆ ਲਈ, ਔਰੰਗਜ਼ੇਬ ਦੇ ਦਿੱਲੀ ਦਰਬਾਰ 'ਚ ਹਾਜ਼ਰ ਹੋਣ ਲਈ ਲਾਸਾਨੀ ਸ਼ਹਾਦਤ ਦਾ ਬਚਿੱਤਰ ਇਤਿਹਾਸ ਸਿਰਜਣ ਲਈ, ਮੋਹ-ਮੁਹੱਬਤ ਨੂੰ ਤਿਲਾਂਜਲੀ ਦੇ, ਧਰਮ ਦੀ ਰੱਖਿਆ ਦੀਆਂ ਕੁੰਜੀਆਂ ਬਾਲ ਨੂੰ ਸੰਭਾਲ ਗਏ।
ਅਨੰਦਪੁਰੀ ਸੁੰਨ ਹੋ ਗਈ। ਆਉਣ ਵਾਲੇ ਸਮੇਂ 'ਚ ਕੀ ਹੋਵੇਗਾ, ਨਤੀਜੇ ਦਾ ਇੰਤਜ਼ਾਰ ਸੀ...। ਵੱਡਾ ਸਾਕਾ ਹੋਣਾ ਸੀ। ਗੁਰੂ ਜੀ ਦੇ ਅੱਗੇ-ਅੱਗੇ ਚਾਨਣ ਸੀ ਤੇ ਪਿੱਛੇ ਚਾਨਣ ਆਪਣੀ ਹਾਜ਼ਰੀ ਭਰ ਰਿਹਾ ਸੀ।

-ਮੋ. 98151-23900

Ad Position 22
No active advertisement
ਪਿਛਲੀ ਖ਼ਬਰ ਸੇਵਾ ਅਤੇ ਸਿਮਰਨ ਦੇ ਪੁੰਜ ਭਾਈ ਸਾਲ੍ਹੋ ਅਗਲੀ ਖ਼ਬਰ ਹੜ੍ਹਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧਾਂ ਦੀ ਲੋੜ
Ad Position 24