27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਹੜ੍ਹਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧਾਂ ਦੀ ਲੋੜ

Ad Position 21
No active advertisement
ਅਜੀਤ ਡੈਸਕ 29-09-2025

ਪੰਜਾਬ 'ਚ ਹੜ੍ਹਾਂ ਕਾਰਨ ਬਾਕੀਆਂ ਨਾਲੋਂ 7 ਜ਼ਿਲ੍ਹੇ ਵੱਧ ਪ੍ਰਭਾਵਿਤ ਹੋਏ ਹਨ। ਇਸ ਕਰੋਪੀ ਕਾਰਨ ਸੂਬੇ ਦੇ 2100 ਤੋਂ ਵੱਧ ਪਿੰਡਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੜ੍ਹਾਂ ਤੇ ਇਸ ਨਾਲ ਸੰਬੰਧਿਤ ਘਟਨਾਵਾਂ 'ਚ ਕਰੀਬ 56 ਮੌਤਾਂ ਵੀ ਹੋਈਆਂ ਹਨ। ਤਬਾਹੀ ਦੇ ਇਸ ਮੰਜ਼ਰ 'ਚ ਲੋਕਾਂ ਦੇ ਘਰ ਢਹਿ ਗਏ, ਪਸ਼ੂ ਮਾਰੇ ਗਏ, ਘਰਾਂ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ। ਇੱਥੋਂ ਤੱਕ ਕਿ ਅਚਨਚੇਤ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਭੁੱਖੇ ਪਿਆਸੇ ਹੀ ਘਰਾਂ ਦੀਆਂ ਛੱਤਾਂ 'ਤੇ ਰਹਿਣਾ ਪਿਆ। ਜ਼ਿੰਦਗੀ ਦੀ ਰਫ਼ਤਾਰ ਥੰਮ ਗਈ। ਸਤਲੁਜ, ਬਿਆਸ ਤੇ ਰਾਵੀ 'ਚ ਡੈਮਾਂ 'ਚੋਂ ਛੱਡੇ ਬੇਹਿਸਾਬੇ ਪਾਣੀ ਨੇ ਸੂਬੇ ਦੀ 4 ਲੱਖ ਏਕੜ ਤੋਂ ਵੱਧ ਫ਼ਸਲ ਬਰਬਾਦ ਕਰ ਦਿੱਤੀ। ਲੋਕਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦਰਿਆਵਾਂ, ਨਦੀਆਂ ਦੇ ਟੁੱਟੇ ਧੁੱਸੀ ਬੰਨ੍ਹਾਂ ਕਾਰਨ ਪਾਣੀ ਫ਼ਸਲਾਂ ਨੂੰ ਬਰਬਾਦ ਕਰਦਾ ਹੋਇਆ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਇਸ ਵਾਪਰੇ ਸਾਰੇ ਘਟਨਾਕ੍ਰਮ 'ਚ ਸਰਕਾਰ ਦੇ ਪ੍ਰਬੰਧਾਂ ਤੇ ਲੋਕਾਂ ਦੀ ਭੂਮਿਕਾ ਦਾ ਵਿਸ਼ਲੇਸ਼ਣ ਜ਼ਰੂਰੀ ਹੈ।
ਇਹ ਸਪੱਸ਼ਟ ਹੈ ਕਿ ਕੁਦਰਤੀ ਆਫ਼ਤਾਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ। ਇਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਅਗਾਊਂ ਪ੍ਰਬੰਧ ਤਾਂ ਕੀਤੇ ਹੀ ਜਾ ਸਕਦੇ ਹਨ। ਪਰ ਅਫ਼ਸੋਸ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਦਾ ਵਿਕਾਸ ਪਿੰਡਾਂ ਦੀਆਂ ਗਲੀਆਂ-ਨਾਲੀਆਂ ਤੋਂ ਬਾਹਰ ਹੀ ਨਹੀਂ ਨਿਕਲਿਆ। ਜਿਹੜੀ ਵੀ ਨਵੀਂ ਸਰਕਾਰ ਬਣਦੀ ਹੈ, ਉਸ ਦੇ ਵਿਧਾਇਕ ਗਲੀਆਂ-ਨਾਲੀਆਂ ਤੇ ਸ਼ਮਸ਼ਾਨਘਾਟ ਦੇ ਨਿਰਮਾਣ ਦੇ ਨੀਂਹ ਪੱਥਰ ਰੱਖਦੇ ਵੇਖੇ ਜਾ ਸਕਦੇ ਹਨ। ਹਰ ਪੰਜ ਸਾਲ ਬਾਅਦ ਨੀਂਹ ਪੱਥਰ ਰੱਖੇ ਜਾਂਦੇ ਹਨ, ਪਰ ਗਲੀਆਂ-ਨਾਲੀਆਂ ਦੀ ਹਾਲਤ ਫਿਰ ਵੀ ਬਦਤਰ ਹੀ ਰਹਿੰਦੀ ਹੈ। ਪੈਸਾ ਕਿੱਥੇ ਖ਼ਰਚ ਹੁੰਦਾ ਹੈ, ਕਿਸੇ ਨੂੰ ਪਤਾ ਨਹੀਂ ਲਗਦਾ। 78 ਸਾਲ ਦੀ ਆਜ਼ਾਦੀ ਦੇ ਬਾਅਦ ਵੀ 70 ਫ਼ੀਸਦੀ ਪਿੰਡਾਂ 'ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਸਕਿਆ। ਗਲੀਆਂ, ਛੱਪੜ ਬਣੀਆਂ ਪਈਆਂ ਹਨ ਤੇ ਛੱਪੜਾਂ 'ਤੇ ਸਰਕਾਰੀ ਸਰਪ੍ਰਸਤੀ ਵਾਲੇ ਲੋਕਾਂ ਦਾ ਕਬਜ਼ਾ ਹੈ। ਜ਼ਮੀਨੀ ਪੱਧਰ 'ਤੇ ਵਿਕਾਸ ਦੀ ਉਦਾਹਰਨ ਸ਼ਹਿਰਾਂ 'ਚ ਵੇਖੀ ਜਾ ਸਕਦੀ ਹੈ। ਨਗਰ ਨਿਗਮ ਹੋਵੇ, ਕੌਂਸਲ ਹੋਵੇ ਜਾਂ ਨਗਰ ਪ੍ਰੀਸ਼ਦ, ਸ਼ਹਿਰਾਂ 'ਚ ਇਕ ਮੀਂਹ ਪੈ ਜਾਣ ਨਾਲ ਹੀ ਪਾਣੀ ਲੋਕਾਂ ਦੇ ਕਮਰਿਆਂ 'ਚ ਵੜ ਜਾਂਦਾ ਹੈ। ਕਹਿਣ ਨੂੰ ਤਾਂ ਪਲਾਸਟਿਕ 'ਤੇ ਪਾਬੰਦੀ ਹੈ, ਪਰ ਮੀਂਹ ਪੈਣ ਨਾਲ ਲਿਫ਼ਾਫ਼ਿਆਂ ਕਾਰਨ ਸੀਵਰੇਜ ਬੰਦ ਹੋ ਜਾਂਦਾ ਹੈ ਤੇ ਸ਼ਹਿਰਾਂ ਦੇ ਚੌਕ ਦਰਿਆ ਦਾ ਭੁਲੇਖਾ ਪਾਉਂਦੇ ਹਨ। ਵੱਡੇ ਤੋਂ ਵੱਡੇ ਸ਼ਹਿਰ ਗੰਦਗੀ ਨਾਲ ਭਰਪੂਰ ਦਿੱਸਦੇ ਹਨ। ਕੋਈ ਅਜਿਹਾ ਚੌਕ ਨਹੀਂ, ਜਿੱਥੇ ਕੂੜੇ ਜਾਂ ਲਿਫ਼ਾਫ਼ਿਆਂ ਦੇ ਢੇਰ ਦਿਖਾਈ ਨਾ ਦੇਣ। ਕੂੜੇ ਦੇ ਨਿਪਟਾਰੇ ਤੋਂ ਨਿਗਮਾਂ, ਕੌਂਸਲਾਂ ਦੇ ਹੱਥ ਖੜ੍ਹੇ ਹਨ। ਸੱਚ ਪੁੱਛੋ ਤਾਂ ਪੂਰੇ ਭਾਰਤ ਕੋਲ ਕੂੜੇ ਦੇ ਨਿਪਟਾਰੇ ਦੀ ਤਕਨੀਕ ਨਹੀਂ ਹੈ। ਜੇਕਰ ਤਕਨੀਕ ਹੋਵੇ ਤਾਂ ਦਰਿਆ, ਨਦੀਆਂ, ਨਾਲੇ ਕੂੜੇ ਦੇ ਭਰੇ ਨਜ਼ਰ ਨਾ ਆਉਣ। ਵਿਕਾਸ ਕਾਰਜ ਕਾਗਜ਼ਾਂ 'ਚ ਅਤੇ ਸਟੇਜਾਂ ਤੋਂ ਨੇਤਾਵਾਂ ਵਲੋਂ ਦਿੱਤੇ ਜਾਂਦੇ ਭਾਸ਼ਨਾਂ 'ਚੋਂ ਹੀ ਨਜ਼ਰ ਆਉਂਦੇ ਹਨ। ਲੋਕਾਂ ਦਾ ਦੁਖਾਂਤ ਹੈ ਕਿ ਪਾਰਟੀਆਂ ਸੱਤਾ ਦਾ ਸੁੱਖ ਭੋਗਣ ਹੀ ਆਉਂਦੀਆਂ ਹਨ ਤੇ ਸੱਤਾਧਾਰੀ ਪਾਰਟੀਆਂ ਪੁਰਾਣੀਆਂ ਪਾਰਟੀਆਂ ਨੂੰ ਸਟੇਜਾਂ ਤੋਂ ਦਿਨ-ਰਾਤ ਭੰਡਦੀਆਂ-ਹਨ ਪਰ ਆਪ ਕੰਮ ਦਾ ਡੱਕਾ ਨਹੀਂ ਤੋੜਦੀਆਂ। ਸਰਕਾਰਾਂ ਨੇ ਸਾਰਾ ਧਿਆਨ ਮੁਫ਼ਤ ਬਿਜਲੀ, ਕਣਕ, ਬੱਸ ਸਫ਼ਰ ਵਰਗੀਆਂ ਚੰਦ ਕੁ ਖ਼ੈਰਾਤਾਂ ਵੰਡਣ 'ਤੇ ਲਗਾ ਦਿੱਤਾ ਹੈ। ਇਨ੍ਹਾਂ ਮੁਫ਼ਤਖੋਰੀਆਂ ਨੂੰ ਵਿਕਾਸ ਦਾ ਨਾਂਅ ਦਿੱਤਾ ਜਾ ਰਿਹਾ ਹੈ। ਪ੍ਰਬੰਧ ਨੂੰ ਚਲਾਉਣ ਲਈ ਸਰਕਾਰਾਂ ਕੋਲ ਕੋਈ ਵਿਉਂਤਬੰਦੀ ਨਹੀਂ। ਵਿਕਾਸ ਤੋਂ ਹੱਥ ਪਿੱਛੇ ਖਿੱਚ ਲਏ ਗਏ ਹਨ। ਜੇਕਰ ਜ਼ਮੀਨੀ ਪੱਧਰ 'ਤੇ ਕੋਈ ਕੰਮ ਜਾਂ ਵਿਉਂਤਬੰਦੀ ਕੀਤੀ ਹੋਵੇ ਤਾਂ ਕੁਦਰਤੀ ਆਫ਼ਤਾਂ ਸਮੇਂ ਏਨੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਨਾ ਮਿਲੇ। ਸਾਲ 2000 ਤੋਂ ਬਾਅਦ ਬਰਸਾਤਾਂ ਘੱਟ ਹੁੰਦੀਆਂ ਗਈਆਂ। ਸੋਕੇ ਵਾਲੇ ਹਾਲਾਤ ਬਣਦੇ ਰਹੇ। ਸਿੰਚਾਈ ਵਿਭਾਗ, ਜਿਸ ਨੇ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧ ਕਰਨੇ ਹੁੰਦੇ ਹਨ, ਉਨ੍ਹਾਂ ਕੋਲ ਨਾ ਲੋੜੀਂਦੇ ਮੁਲਾਜ਼ਮ ਹਨ, ਨਾ ਹੀ ਮਸ਼ੀਨਰੀ ਤੇ ਨਾ ਹੀ ਫੰਡ। ਨਹਿਰਾਂ, ਸੂਇਆਂ, ਰਾਜਬਾਹਿਆਂ ਦੀ ਸਫ਼ਾਈ ਕਾਗਜ਼ਾਂ 'ਚ ਹੀ ਹੁੰਦੀ ਹੈ। ਜੇਕਰ ਸੱਚਮੁੱਚ ਹੁੰਦੀ ਤਾਂ ਲੋਕਾਂ ਦਾ ਏਨਾ ਨੁਕਸਾਨ ਨਾ ਹੁੰਦਾ। ਸਿੰਚਾਈ ਵਿਭਾਗ 'ਚ ਜਿਹੜੇ ਕੁਝ ਕੁ ਮੁਲਾਜ਼ਮ ਬਚੇ ਹਨ, ਸਰਕਾਰ ਉਨ੍ਹਾਂ ਦੀ ਵੀ ਸੇਵਾ ਮੁਕਤੀ ਦੀ ਉਡੀਕ ਕਰ ਰਹੀ ਹੈ ਕਿ ਕਦੋਂ ਮੁਲਾਜ਼ਮ ਸੇਵਾਮੁਕਤ ਹੋਣ ਤੇ ਉਨ੍ਹਾਂ ਤੋਂ ਬੋਝ ਹਟੇ। ਹੜ੍ਹਾਂ ਕਾਰਨ ਵਿਆਪਕ ਤਬਾਹੀ ਦਾ ਕਾਰਨ ਇਹੀ ਸੀ, ਕਿਉਂਕਿ ਸੂਇਆਂ, ਨਹਿਰਾਂ, ਰਜਬਾਹਿਆਂ ਦੀ ਸਫ਼ਾਈ ਨਹੀਂ ਕੀਤੀ ਗਈ। ਇਨ੍ਹਾਂ 'ਚ ਉੱਗਿਆ ਘਾਹ ਫੂਸ ਤੇ ਸਰਕੰਡੇ ਕਾਰਨ ਪਾਣੀ ਦਾ ਨਿਕਾਸ ਨਹੀਂ ਹੋਇਆ। ਰੁਕਾਵਟ ਕਾਰਨ ਪਾਣੀ ਨੇ ਧੁੱਸੀ ਬੰਨ੍ਹ ਤੋੜ ਦਿੱਤੇ। ਕਰੀਬ ਡੇਢ ਦਹਾਕਾ ਪਹਿਲਾਂ ਸੂਇਆਂ, ਪਟੜੀਆਂ, ਨਹਿਰਾਂ ਕਿਨਾਰੇ ਦਰੱਖਤਾਂ ਦੀਆਂ ਪਾਲਾਂ ਹੁੰਦੀਆਂ ਸਨ। ਦਰੱਖਤ ਦੀਆਂ ਜੜ੍ਹਾਂ ਕਰਨ ਧੁੱਸੀ ਬੰਨ੍ਹ ਮਜ਼ਬੂਤ ਸਨ, ਪਰ ਹੁਣ ਨਹਿਰਾਂ ਕਿਨਾਰੇ ਦਰੱਖਤਾਂ ਦਾ ਉਜਾੜਾ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਨਹਿਰਾਂ ਦੇ ਕਿਨਾਰੇ ਟਰੈਕਟਰਾਂ ਨਾਲ ਵਾਹ ਕੇ ਛੋਟੇ ਕਰ ਦਿੱਤੇ ਹਨ। ਗੁੱਜਰਾਂ ਦੇ ਪਸ਼ੂਆਂ ਨੇ ਵੀ ਜਿੱਥੇ ਦਰੱਖਤਾਂ ਦਾ ਉਜਾੜਾ ਕੀਤਾ ਹੈ, ਉੱਥੇ ਪਟੜੀਆਂ ਨੂੰ ਖੋਰਾ ਲਾਇਆ ਹੈ। ਇਸ ਤੋਂ ਬਿਨਾਂ ਦਰਿਆਵਾਂ 'ਚੋਂ ਹੁੰਦੀ ਨਾਜਾਇਜ਼ ਮਾਈਨਿੰਗ ਨੇ 70-70 ਫੁੱਟ ਡੂੰਘੀਆਂ ਖੱਡਾਂ ਪਾ ਦਿੱਤੀਆਂ ਹਨ। ਇਨ੍ਹਾਂ ਖੱਡਾਂ 'ਚ ਪਾਣੀ ਭਰਨ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬੁਰਦ ਹੋ ਗਈਆਂ ਹਨ। ਮਾਈਨਿੰਗ ਕਾਰਨ ਵੀ ਬੰਨ੍ਹਾਂ ਨੂੰ ਖੋਰਾ ਲੱਗਿਆ ਹੈ। ਇਨ੍ਹਾਂ ਮਿਲੇ-ਜੁਲੇ ਕਾਰਨਾਂ ਸਦਕਾ ਹੜ੍ਹਾਂ ਨੇ ਭਾਹੀ ਤਬਾਹੀ ਕੀਤੀ ਹੈ। ਇਸ ਤੋਂ ਬਿਨਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਪਤਾ ਸੀ ਕਿ ਪਹਾੜੀ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਬੱਦਲ ਫਟ ਰਹੇ ਹਨ, ਪਰ ਬੋਰਡ ਨੇ ਡੈਮਾਂ 'ਚੋਂ ਥੋੜ੍ਹਾ-ਥੋੜ੍ਹਾ ਪਾਣੀ ਛੱਡਣ ਦੀ ਥਾਂ ਡੈਮਾਂ ਨੂੰ ਨੱਕੋ-ਨੱਕ ਭਰਨ ਦਿੱਤਾ ਤੇ ਬਾਅਦ 'ਚ ਇਕਦਮ ਸਾਰੇ ਫਲੱਡ ਗੇਟ ਖੋਲ੍ਹ ਕੇ ਪੰਜਾਬ 'ਚ ਤਬਾਹੀ ਮਚਾ ਦਿੱਤੀ। ਜੇਕਰ ਬਰਸਾਤ ਦੇ ਮੱਦੇਨਜ਼ਰ ਥੋੜ੍ਹਾ-ਥੋੜ੍ਹਾ ਪਾਣੀ ਡੈਮਾਂ 'ਚੋਂ ਨਾਲ ਦੀ ਨਾਲ ਛੱਡਿਆ ਜਾਂਦਾ ਤਾਂ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ, ਪਰ ਪੰਜਾਬ 'ਚ ਕਿਹੜੀ ਭਾਜਪਾ ਸਰਕਾਰ ਸੀ, ਜਿੱਥੇ ਨੁਕਸਾਨ ਦੀ ਜ਼ਿੰਮੇਵਾਰੀ ਭਾਜਪਾ ਸਿਰ ਆਉਂਦੀ? ਬੋਰਡ ਦੇ ਇਸ ਅਣਮਨੁੱਖੀ ਤੇ ਗ਼ੈਰ-ਜ਼ਿੰਮੇਵਾਰੀ ਭਰੇ ਵਤੀਰੇ ਦਾ ਪੰਜਾਬ ਦੇ ਲੋਕਾਂ 'ਚ ਭਾਰੀ ਰੋਸ ਹੈ। ਕੁਝ ਹੱਦ ਤੱਕ ਇਹ ਯੋਜਨਾਬੱਧ ਹੜ੍ਹ ਸਨ। ਇਸ ਸੰਬੰਧੀ ਜਾਂਚ ਦੀ ਮੰਗ ਵੀ ਉੱਠ ਰਹੀ ਹੈ। ਇਸ ਨਾਲ ਸੂਬਾ ਸਰਕਾਰ ਨੂੰ ਵੀ ਸਬਕ ਮਿਲਿਆ ਹੈ ਕਿ ਸਿੰਚਾਈ ਵਿਭਾਗ ਵਰਗੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਵਿਭਾਗਾਂ ਦਾ ਨਿੱਜੀਕਰਨ ਨਾ ਕੀਤਾ ਜਾਵੇ। ਨਮੋਸ਼ੀ ਦੀ ਗੱਲ ਹੈ ਹੜ੍ਹ ਪੀੜਤਾਂ ਨੂੰ ਦੇਣ ਲਈ ਨਾ ਸਰਕਾਰ ਕੋਲ ਕਿਸ਼ਤੀਆਂ ਸਨ ਤੇ ਨਾ ਹੀ ਮਸ਼ੀਨਰੀ। ਸਰਕਾਰ ਦੇ ਮੰਤਰੀ ਬੰਨ੍ਹਾਂ 'ਤੇ ਜਾ ਕੇ ਲੋਕਾਂ ਦੀ ਮਦਦ ਦੀ ਬਜਾਏ ਸਰਕਾਰ ਦੀ ਕੰਗਾਲੀ ਦਾ ਢਿੰਡੋਰਾ ਪਿੱਟ ਰਹੇ ਹਨ ਕਿ ਸਰਕਾਰ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ। ਸੱਤਾ ਦੀ ਵਰਤੋਂ ਸੂਬੇ ਨੂੰ ਕਰਜ਼ੇ 'ਚ ਡੋਬਣ ਦੀ ਥਾਂ ਵਿਕਾਸ ਮੁਖੀ ਯੋਜਨਾਵਾਂ ਬਣਾਉਣ ਲਈ ਕੀਤੀ ਜਾਵੇ। ਕਿਸਾਨ, ਮਜ਼ਦੂਰਾਂ ਦੀ ਆਫ਼ਤਾਂ ਸਮੇਂ ਬਾਂਹ ਫੜਨ ਲਈ ਫ਼ਸਲੀ ਬੀਮੇ ਸ਼ੁਰੂ ਕੀਤੇ ਜਾਣ। ਕਿਸਾਨਾਂ ਕੋਲੋਂ ਫ਼ਸਲ ਦੀ ਆਮਦ ਸਮੇਂ ਕੁਝ ਪੈਸੇ ਲੈ ਕੇ ਆਫ਼ਤਾਂ ਸਮੇਂ ਬੀਮੇ ਸ਼ੁਰੂ ਕੀਤੇ ਜਾਣ। ਇਹ ਤਾਂ ਭਲਾ ਹੋਵੇ ਸਮਾਜ ਸੇਵੀ ਸੰਸਥਾਵਾਂ ਦਾ ਜਿਹੜੀਆਂ ਲੋਕਾਂ ਦੀ ਮਦਦ ਕਰ ਰਹੀਆਂ ਹਨ, ਨਹੀਂ ਤਾਂ ਸਰਕਾਰ ਦੇ ਮੰਤਰੀਆਂ ਨੂੰ ਲੋਕਾਂ 'ਚ ਜਾਣਾ ਮੁਸ਼ਕਿਲ ਹੋ ਜਾਣਾ ਸੀ।

-ਪਿੰਡ ਭਾਗੋਕਾਵਾਂ, (ਗੁਰਦਾਸਪੁਰ)
ਈ-ਮੇਲ : navtejmalhigsp@gmail.com

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਤੁਰਨ ਵੇਲੇ ਦਾ ਸਮਾਂ ਅਗਲੀ ਖ਼ਬਰ ਟਰੰਪ ਦੀ ਆਈ.ਟੀ. ਦਿੱਗਜਾਂ ਨਾਲ ਮੀਟਿੰਗ ਦੇ ਮਾਅਨੇ
Ad Position 24