ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਤਕਨੀਕੀ ਅਧਿਕਾਰੀਆਂ ਦੇ ਇਕ ਉੱਚ ਪੱਧਰੀ ਸਮੂਹ ਨਾਲ ਲੰਮੀ ਮੀਟਿੰਗ ਕੀਤੀ। ਦਿਲਚਸਪ ਪਹਿਲੂ ਇਹ ਸੀ ਕਿ ਇਸ ਮੀਟਿੰਗ ਵਿਚ ਐਲਨ ਮਸਕ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਲੰਮੀ ਮੇਜ਼ ਦੁਆਲੇ ਉੱਚ-ਬੁੱਧੀ ਵਾਲੇ 33 ਤੋਂ ਵੱਧ ਆਈ.ਟੀ. ਦਿੱਗਜ ਮੌਜੂਦ ਸਨ।
ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਆਈ.ਟੀ. ਕੰਪਨੀਆਂ ਸਾਡੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਰਹੀਆਂ ਹਨ।
ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਚੋਟੀ ਦੇ ਆਈ.ਟੀ. ਦਿੱਗਜਾਂ ਨੂੰ ਇਕ ਮੇਜ਼ 'ਤੇ ਇਕੱਠਾ ਕੀਤਾ ਗਿਆ ਹੋਵੇ। ਸਮੇਂ ਨਾਲ ਤਕਨੀਕ ਦੀ ਤੇਜ਼ੀ ਨਾਲ ਵਧਦੀ ਮਹੱਤਤਾ ਕਾਰਨ ਅਜਿਹਾ ਹੋਇਆ ਹੈ। ਇਸ ਦਾ ਮਕਸਦ ਦੁਨੀਆ ਦੇ ਬੇਹੱਦ ਸਫ਼ਲ ਕਾਰੋਬਾਰੀਆਂ ਦਾ ਧਿਆਨ ਆਕਰਸ਼ਿਤ ਕਰਨਾ ਵੀ ਹੋ ਸਕਦਾ ਹੈ।
ਇਹ ਸਪੱਸ਼ਟ ਹੋ ਚੁੱਕਾ ਹੈ ਕਿ ਡੋਨਾਲਡ ਟਰੰਪ ਦੀ ਦੋਸਤੀ ਵੀ ਖ਼ਤਰਨਾਕ ਤੇ ਦੁਸ਼ਮਣੀ ਵੀ ਖ਼ਤਰਨਾਕ ਹੈ। ਇਸ ਦੇ ਬਾਵਜੂਦ ਹਰੇਕ ਵੱਡੀ ਕੰਪਨੀ ਇਸ ਚੰਚਲ ਰਾਸ਼ਟਰਪਤੀ ਨਾਲ ਜੁੜੇ ਰਹਿਣਾ ਪਸੰਦ ਕਰਦੀ ਹੈ। ਇਸੇ ਲਈ ਸਾਰੇ ਹੁੰਮਹੁਮਾ ਕੇ ਰਾਤ ਦੇ ਖਾਣੇ 'ਤੇ ਹਾਜ਼ਰ ਹੋਏ।
ਟਰੰਪ ਦੇ ਹਰੇਕ ਕਦਮ, ਹਰੇਕ ਗੱਲ ਵਿਚੋਂ ਝਲਕਦਾ ਹੈ ਕਿ ਉਹ ਅਮਰੀਕਾ ਦੀ ਵਿੱਤੀ-ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਨੇ ਹਰੇਕ ਨੂੰ ਪੁੱਛਿਆ ਕਿ ਉਹ ਅਮਰੀਕਾ ਵਿਚ ਕਿੰਨਾ ਨਿਵੇਸ਼ ਕਰਨਗੇ?
ਸਭ ਤੋਂ ਪਹਿਲਾਂ ਫੇਸਬੁਕ ਅਤੇ ਮੇਟਾ ਦੇ ਜ਼ੁਕਰਬਰਗ ਨੇ ਕਿਹਾ ਕਿ ਉਹ 600 ਅਰਬ ਡਾਲਰ ਨਿਵੇਸ਼ ਕਰ ਰਹੇ ਹਨ। ਐਪਲ ਦੇ ਟਿਮ ਕੁਕ ਨੇ ਵੀ ਏਨੀ ਰਕਮ ਹੀ ਦੱਸੀ। ਜਦ ਕਿ ਗੂਗਲ ਦੇ ਸੁੰਦਰ ਪਿਚਾਈ ਨੇ 250 ਅਰਬ ਡਾਲਰ ਨਿਵੇਸ਼ ਕਰਨ ਦੀ ਗੱਲ ਕਹੀ।
ਜਦ ਮਾਈਕਰੋਸਾਫਟ ਦੀ ਵਾਰੀ ਆਈ ਤਾਂ ਟਰੰਪ ਨੇ ਕਿਹਾ ਕਿ ਇਨ੍ਹਾਂ ਦੀ ਰਕਮ ਬਹੁਤ ਵੱਡੀ ਹੋਵੇਗੀ। ਇਸ ਦੇ ਜਵਾਬ 'ਚ ਕੰਪਨੀ ਦੇ ਸੀ.ਈ.ਓ. ਸਤਯ ਨਡੇਲਾ ਨੇ ਕਿਹਾ ਕਿ ਸਾਡੀ ਰਕਮ ਹਰੇਕ ਸਾਲ 80 ਬਿਲੀਅਨ ਡਾਲਰ ਤੱਕ ਹੋਵੇਗੀ। ਟਰੰਪ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ, 'ਬਹੁਤ ਵਧੀਆ'।
ਇਹ ਵੇਖ ਕੇ ਸਭ ਨੂੰ ਹੈਰਾਨੀ ਹੋਈ ਕਿ ਇਸ ਵਿਸ਼ੇਸ਼ ਭਾਂਤ ਦੀ ਮੀਟਿੰਗ ਲਈ ਮਸਕ ਨੂੰ ਨਹੀਂ ਸੱਦਿਆ ਗਿਆ ਸੀ, ਪ੍ਰੰਤੂ ਮਸਕ ਦੇ ਵੱਡੇ ਵਿਰੋਧੀ ਓਪਨ ਏ. ਆਈ. ਦੇ ਸੈਮ ਆਲਟਮੈਨ ਮੌਜੂਦ ਸਨ।
ਇਸ ਤੋਂ ਪਹਿਲਾਂ ਦੁਪਹਿਰ ਵੇਲੇ ਵਾਈਟ ਹਾਊਸ ਦੀ ਨਵੀਂ 'ਆਰਟੀਫੀਸ਼ੀਅਲ ਇੰਟੈਲੀਜੈਂਸ ਸਿੱਖਿਆ ਟਾਸਕ ਫੋਰਸ' ਦੀ ਮੀਟਿੰਗ ਵੀ ਹੋ ਚੁੱਕੀ ਸੀ। ਰਾਤ ਦੇ ਖਾਣੇ ਵਾਲੀ ਮੀਟਿੰਗ ਵਿਚ ਬਿਲ ਮੇਟਸ, ਗ੍ਰੇਮ ਬਾਰਕਮੈਨ, ਸਫਰਾ ਕੈਟਜ, ਡੇਵਿਡ ਲਿੰਪ, ਸੰਜੇ ਮੇਹਰੋਤਰਾ, ਵਿਵੇਕ ਰਣਦਿਵੇ, ਸ਼ਿਆਮ ਸ਼ੰਕਰ ਅਲੈਕਜੈਂਡਰ ਵਾਂਗ, ਜੇਰੇਡ ਇਸਾਕਮੈਨ ਵੀ ਸ਼ਾਮਿਲ ਸਨ। ਟਰੰਪ ਦੀ ਹੀ ਪਾਰਟੀ ਦੇ ਕੁਝ ਨੇਤਾਵਾਂ ਨੇ ਆਈ. ਟੀ. ਦਿੱਗਜਾਂ ਨਾਲ ਅਜਿਹੀਆਂ ਮੀਟਿੰਗਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਵੇਖਣਾ-ਸਮਝਣਾ ਪਵੇਗਾ ਕਿ ਆਈ.ਟੀ. ਕੰਪਨੀਆਂ ਕੀ ਬਣਾਉਣ ਅਤੇ ਕੀ ਨਸ਼ਟ ਕਰਨ ਦੀ ਯੋਜਨਾ ਬਣਾ ਰਹੀਆਂ ਹਨ? ਟਰੰਪ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਕਸਰ ਏ.ਆਈ. (ਮਸਨੂਈ ਬੁੱਧੀ) ਦੁਆਰਾ ਬਣਾਈਆਂ ਤਸਵੀਰਾਂ ਨੂੰ ਆਨਲਾਈਨ ਸਾਂਝੀਆਂ ਕਰਦੇ ਰਹਿੰਦੇ ਹਨ। ਪ੍ਰੰਤੂ ਨਾਲ ਹੀ ਭਰਮ ਫੈਲਾਉਣ ਵਾਲੀਆਂ ਵੀਡੀਓ ਬਣਾਉਣ 'ਤੇ ਇਤਰਾਜ਼ ਦਾ ਪ੍ਰਗਟਾਵਾ ਵੀ ਕਰਦੇ ਹਨ। ਟਰੰਪ ਨੇ ਮਜ਼ਾਕ ਵਿਚ ਕਿਹਾ ਕਿ ਜਦ ਕੁਝ ਬਹੁਤ ਹੀ ਬੁਰਾ ਵਾਪਰ ਜਾਵੇਗਾ ਤਾਂ ਮੈਂ ਕੇਵਲ ਏ.ਆਈ. ਨੂੰ ਦੋਸ਼ ਦੇਵਾਂਗਾ। ਦੁਪਹਿਰ ਦੀ ਮੀਟਿੰਗ ਵਿਚ ਏ.ਆਈ. ਦੀ ਸਮਰੱਥਾ ਅਤੇ ਖ਼ਤਰਿਆਂ ਸੰਬੰਧੀ ਖੁੱਲ੍ਹ ਕੇ ਗੱਲਬਾਤ ਹੋਈ।
ਰਾਤ ਦੇ ਖਾਣੇ 'ਤੇ ਹੋਈ ਮੀਟਿੰਗ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਇਸ ਵਿਚ ਪੰਜ ਭਾਰਤੀ ਮੂਲ ਦੇ ਸੀ.ਈ.ਓ. ਸ਼ਾਮਿਲ ਸਨ।
ਦਰਅਸਲ ਡੋਨਾਲਡ ਟਰੰਪ ਦਾ ਮਕਸਦ ਏ.ਆਈ. ਖੇਤਰ ਵਿਚ ਅਮਰੀਕਾ ਦੇ ਵਧਦੇ ਕਦਮਾਂ, ਨਿਵੇਸ਼ ਅਤੇ ਖੋਜ ਵੱਲ ਦੁਨੀਆ ਦਾ ਧਿਆਨ ਖਿੱਚਣਾ ਸੀ। ਨਿਰਸੰਦੇਹ ਇਸ ਵਿਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ।
ਏ.ਆਈ. ਦੇ ਪ੍ਰਸੰਗ ਵਿਚ ਦੁਨੀਆਂ ਦੇ ਪ੍ਰਮੁੱਖ ਸ਼ਕਤੀਸ਼ਾਲੀ ਦੇਸ਼ਾਂ ਵਿਚਾਲੇ ਡਿਜੀਟਲ ਜੰਗ ਦਿਨੋਂ ਦਿਨ ਤੇਜ਼ ਹੋ ਰਹੀ ਹੈ।
ਇਹ ਉਸੇ ਜੰਗ ਦੀ ਇਕ ਮਹੱਤਵਪੂਰਨ ਕੜੀ ਸੀ। ਦੁਨੀਆ ਨੂੰ ਇਹ ਸੰਦੇਸ਼ ਦੇਣਾ ਕਿ ਇਸ ਖੇਤਰ ਵਿਚ ਅਸੀਂ ਕਿਸੇ ਤੋਂ ਪਿੱਛੇ ਨਹੀਂ ਹਾਂ। ਹਾਲਾਂਕਿ ਮੀਟਿੰਗ ਦੇ ਏਜੰਡੇ ਵਿਚ ਦੱਸਿਆ ਗਿਆ ਕਿ ਇਸ ਦਾ ਉਦੇਸ਼ ਅਮਰੀਕੀ ਨੌਜਵਾਨਾਂ ਲਈ ਏ.ਆਈ. ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ।
ਹਾਲੇ ਕੁਝ ਦਿਨ ਪਹਿਲਾਂ ਚੀਨ ਨੇ ਵਿਕਟਰੀ ਡੇਅ ਪ੍ਰੇਡ ਮੌਕੇ ਆਪਣੀ ਮਿਲਟਰੀ ਤਾਕਤ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਅਮਰੀਕਾ ਨੇ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਤਕਨੀਕੀ ਦਾ ਡੰਕਾ ਵਜਾ ਦਿੱਤਾ। ਟਰੰਪ ਦੱਸਣਾ ਚਾਹੁੰਦਾ ਹੈ ਕਿ ਜੇਕਰ ਚੀਨ ਕੋਲ ਆਪਣਾ ਉਤਪਾਦਨ ਹੈ ਤਾਂ ਅਮਰੀਕਾ ਕੋਲ ਆਪਣੀ ਤਕਨੀਕ ਹੈ। ਚਲਦੇ-ਚਲਦੇ ਇਹ ਮੀਟਿੰਗ ਇਕ ਦੂਸਰੇ ਦੀ ਪ੍ਰਸੰਸਾ ਵਿਚ ਤਬਦੀਲ ਹੋ ਗਈ। ਟਰੰਪ ਨੇ ਸਾਰੇ ਆਈ.ਟੀ. ਉੱਚ-ਅਧਿਕਾਰੀਆਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਟਰੰਪ ਉਨ੍ਹਾਂ ਨੂੰ ਵਾਰ-ਵਾਰ 'ਉੱਚ-ਬੁੱਧੀ ਵਾਲੇ ਲੋਕ' ਕਹਿ ਰਿਹਾ ਸੀ। ਅਮਰੀਕਾ ਦੀਆਂ ਕਈ ਅਖਬਾਰਾਂ ਨੇ ਇਸ ਮੀਟਿੰਗ ਦੇ ਪ੍ਰਸੰਗ ਵਿਚ ਲਿਖਿਆ ਕਿ ਟਰੰਪ ਦਾ ਮਤਲਬ ਹੈ 'ਕਾਰੋਬਾਰ'।
ਈ-ਮੇਲ : prof_kulbir@yahoo.com