ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਕਰ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਵਿਚ ਕਟੌਤੀ ਦਾ ਸਿਹਰਾ ਇਕੱਲੇ ਲੈ ਰਹੇ ਹਨ ਤਾਂ ਅਜਿਹਾ ਸਿਰਫ਼ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਨਕਾਰੇਪਣ ਕਾਰਨ ਹੀ ਹੋ ਰਿਹਾ ਹੈ। ਮਮਤਾ ਬੈਨਰਜੀ ਇਕਲੌਤੀ ਮੁੱਖ ਮੰਤਰੀ ਹੈ, ਜੋ ਲਗਾਤਾਰ ਇਹ ਸਵਾਲ ਉਠਾ ਰਹੀ ਹੈ ਕਿ ਜੀ.ਐੱਸ.ਟੀ. ਵਿਚ ਕਟੌਤੀ ਦਾ ਸਿਹਰਾ ਇਕੱਲੀ ਕੇਂਦਰ ਸਰਕਾਰ ਕਿਵੇਂ ਲੈ ਰਹੀ ਹੈ? ਉਨ੍ਹਾਂ ਪਿਛਲੇ ਹਫ਼ਤੇ ਕੋਲਕਾਤਾ ਵਿਚ ਦੁਰਗਾ ਪੂਜਾ ਪੰਡਾਲਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਸ ਗੱਲ ਨੂੰ ਦੁਹਰਾਇਆ ਕਿ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਜੀ.ਐੱਸ.ਟੀ. ਘਟਾਉਣ ਦਾ ਸਿਹਰਾ ਇਕੱਲੇ ਲੈ ਰਹੇ ਹਨ, ਜਦਕਿ ਜੀ.ਐੱਸ.ਟੀ. ਸਲੈਬ ਘਟਾਉਣ ਦਾ ਫ਼ੈਸਲਾ ਸੂਬਿਆਂ ਦੁਆਰਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲਿਆ ਗਿਆ ਸੀ ਅਤੇ ਸੂਬਿਆਂ ਨੂੰ ਹੀ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ। ਇਹ ਸੱਚ ਹੈ ਕਿ ਜੇਕਰ ਸਾਰੇ ਸੂਬੇ ਜੀ.ਐੱਸ.ਟੀ. ਕੌਂਸਲ ਦੀ 56ਵੀਂ ਮੀਟਿੰਗ 'ਤੇ ਸਹਿਮਤ ਨਾ ਹੁੰਦੇ ਤਾਂ ਇਹ ਫ਼ੈਸਲਾ ਨਹੀਂ ਹੋ ਸਕਦਾ ਸੀ। ਹਾਲਾਂਕਿ ਹੈਰਾਨਗੀ ਦੀ ਗੱਲ ਹੈ ਕਿ ਨਾ ਤਾਂ ਕਾਂਗਰਸ ਇਸ ਨੂੰ ਮੁੱਦਾ ਬਣਾ ਰਹੀ ਹੈ ਤੇ ਨਾ ਹੀ ਵਿਰੋਧੀ ਪਾਰਟੀਆਂ ਦੁਆਰਾ ਸ਼ਾਸਿਤ ਸੂਬਿਆਂ ਵਲੋਂ ਜੀ.ਐੱਸ.ਟੀ. ਕਟੌਤੀ ਦਾ ਸਿਹਰਾ ਲੈਣ ਦੀ ਕੋਈ ਕੋਸ਼ਿਸ਼ ਕੀਤੀ ਗਈ ਹੈ। ਸੂਬਾ ਸਰਕਾਰਾਂ ਕੋਲ ਮੀਡੀਆ ਬਜਟ ਹੁੰਦਾ ਹੈ ਤੇ ਉਹ ਇਸ਼ਤਿਹਾਰਬਾਜ਼ੀ 'ਤੇ ਭਾਰੀ ਖ਼ਰਚ ਵੀ ਕਰਦੇ ਹਨ, ਪਰ ਕਿਸੇ ਵੀ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੇ ਭਾਜਪਾ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਵਾਂਗ ਆਪਣੀ ਮੁਹਿੰਮ ਨਹੀਂ ਚਲਾਈ। ਜੇਕਰ ਵਿਰੋਧੀ ਧਿਰ ਨੇ ਥੋੜ੍ਹੀ ਜਿਹੀ ਵੀ ਸਰਗਰਮੀ ਦਿਖਾਈ ਹੁੰਦੀ ਤਾਂ ਵਿਰੋਧੀ ਧਿਰ-ਸ਼ਾਸਿਤ ਸੂਬੇ ਸਾਂਝੇ ਤੌਰ 'ਤੇ ਜੀ.ਐੱਸ.ਟੀ. ਕਟੌਤੀ ਦਾ ਸਿਹਰਾ ਲੈਣ ਲਈ ਮੁਹਿੰਮ ਸ਼ੁਰੂ ਕਰ ਸਕਦੇ ਸਨ।
ਹੁਣ ਕੇਰਲ ਦੇ ਲੋਕ ਵੀ ਨਿਸ਼ਾਨੇ 'ਤੇ
ਪੱਛਮੀ ਬੰਗਾਲ ਤੋਂ ਬਾਅਦ ਹੁਣ ਕੇਰਲ ਦੇ ਲੋਕਾਂ 'ਤੇ ਵੀ ਦਿੱਲੀ ਵਿਚ ਅੱਤਿਆਚਾਰਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਬਿਹਾਰ, ਉੱਤਰਾਖੰਡ, ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿਚ ਬੰਗਲਾ ਭਾਸ਼ਾਈ ਲੋਕਾਂ ਨੂੰ ਬੰਗਲਾਦੇਸ਼ੀ ਘੁਸਪੈਠੀਏ ਦੱਸ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਭੇਜਣ ਬਾਰੇ ਖ਼ਬਰਾਂ ਆਈਆਂ ਹਨ। ਇਨ੍ਹਾਂ 'ਚੋਂ ਕੁਝ ਮਾਮਲਿਆਂ ਵਿਚ ਹਾਈ ਕੋਰਟ ਨੇ ਦਖ਼ਲ ਵੀ ਦਿੱਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਈ ਵਾਰ ਦੋਸ਼ ਲਾ ਚੁੱਕੀ ਹੈ ਕਿ ਬੰਗਾਲੀਆਂ 'ਤੇ ਦਿੱਲੀ ਅਤੇ ਐਨ.ਸੀ.ਆਰ. ਵਿਚ ਜ਼ੁਲਮ ਹੋ ਰਹੇ ਹਨ ਤੇ ਉਨ੍ਹਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈ। ਹੁਣ ਇਸੇ ਤਰ੍ਹਾਂ ਦੇ ਦੋਸ਼ ਕੇਰਲ 'ਚ ਸੱਤਾਧਾਰੀ ਖੱਬੇ ਪੱਖੀ ਗੱਠਜੋੜ ਨੇ ਵੀ ਲਾਏ ਹਨ। ਸੀ.ਪੀ.ਐਮ. ਦੇ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਕੇਰਲ ਦੇ ਦੋ ਵਿਅਕਤੀਆਂ ਨੂੰ ਦਿੱਲੀ ਪੁਲਿਸ ਵਲੋਂ ਬੰਧਕ ਬਣਾ ਕੇ ਤਸੀਹੇ ਦਿੱਤੇ ਗਏ ਹਨ। ਬ੍ਰਿਟਾਸ ਦਾ ਦੋਸ਼ ਹੈ ਕਿ ਦੋਹਾਂ ਨੂੰ ਹਿੰਦੀ ਬੋਲਣ ਲਈ ਮਜਬੂਰ ਕੀਤਾ ਗਿਆ ਅਤੇ ਕੇਰਲ ਦੇ ਰਵਾਇਤੀ ਪਹਿਰਾਵੇ ਲੁੰਗੀ ਪਹਿਨਣ 'ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਇਕ ਇਤਫ਼ਾਕ ਹੋ ਸਕਦਾ ਹੈ, ਪਰ ਕੇਰਲ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸੀ.ਪੀ.ਐਮ. ਇਹ ਮੁੱਦਾ ਜ਼ਰੂਰ ਉਠਾਏਗੀ। ਇਹ ਘਟਨਾ ਭਾਜਪਾ ਲਈ ਪੁੱਠੀ ਪੈ ਸਕਦੀ ਹੈ ਕਿਉਂਕਿ ਮਾਮਲਾ ਕੇਰਲ ਦੀ ਮਾਤ ਭਾਸ਼ਾ ਮਲਿਆਲਮ ਤੇ ਉਸ ਦੇ ਸੱਭਿਆਚਾਰ ਨਾਲ ਜੁੜਿਆ ਹੈ।
ਸਿੱਧਾਰੱਮਈਆ ਦੀ ਹਮਲਾਵਰ ਰਾਜਨੀਤੀ
ਜਿਸ ਤਰੀਕੇ ਨਾਲ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰੱਮਈਆ ਆਪਣੀ ਰਾਜਨੀਤੀ ਨੂੰ ਵਿਲੱਖਣ ਤਰੀਕੇ ਨਾਲ ਚਲਾ ਰਹੇ ਹਨ, ਉਸ ਤੋਂ ਲਗਦਾ ਹੈ ਕਿ ਕਾਂਗਰਸ ਹਾਈਕਮਾਨ ਨੇ ਵੀ ਉਨ੍ਹਾਂ ਅੱਗੇ ਆਤਮ- ਸਮਰਪਣ ਕਰ ਦਿੱਤਾ ਹੈ। ਜਿਵੇਂ-ਜਿਵੇਂ ਢਾਈ ਸਾਲ ਦੀ ਮਿੱਥੀ ਗਈ ਸਮਾਂ ਹੱਦ ਨੇੜੇ ਆ ਰਹੀ ਹੈ, ਉਨ੍ਹਾਂ ਦੀ ਹਮਲਾਵਰਤਾ ਵਧਦੀ ਜਾ ਰਹੀ ਹੈ। ਕਰਨਾਟਕ ਦੇ ਮੌਜੂਦਾ ਰਾਜਨੀਤਕ ਦ੍ਰਿਸ਼ ਨੂੰ ਦੇਖਦੇ ਹੋਏ ਸਿੱਧਾਰੱਮਈਆ ਨੂੰ ਬਦਲਣਾ ਕਾਂਗਰਸ ਲਈ ਆਤਮਘਾਤੀ ਹੋ ਸਕਦਾ ਹੈ। ਸਿੱਧਾਰੱਮਈਆ ਨੇ ਮੈਸੂਰ ਦੁਸਹਿਰਾ ਸਮਾਗਮ ਦਾ ਉਦਘਾਟਨ ਬਾਨੂ ਮੁਸ਼ਤਾਕ ਤੋਂ ਕਰਵਾਇਆ ਅਤੇ ਉਹ ਤਿੱਖੇ ਰਾਜਨੀਤਕ, ਸਮਾਜਿਕ ਤੇ ਕਾਨੂੰਨੀ ਦਬਾਅ ਦੇ ਬਾਵਜੂਦ ਅਡੋਲ ਰਹੇ। ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ। ਕਈ ਸਮਾਜਿਕ ਸੰਗਠਨ ਵਿਰੋਧ ਕਰਦਿਆਂ ਸਵਾਲ ਕਰ ਰਹੇ ਸਨ ਕਿ ਕੋਈ ਮੁਸਲਮਾਨ ਹਿੰਦੂ ਤਿਉਹਾਰ ਦਾ ਉਦਘਾਟਨ ਕਿਵੇਂ ਕਰ ਸਕਦਾ ਹੈ। ਇਸੇ ਤਰ੍ਹਾਂ ਸੂਬਾ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਜਾਤੀ ਜਨਗਣਨਾ ਨਾਲ ਲਿੰਗਾਇਤ ਭਾਈਚਾਰੇ ਦੇ ਅੰਦਰ ਵੰਡ ਵੀ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਹਾਲ ਹੀ ਵਿਚ ਇਕ ਮੱਠ ਦੇ ਮੁਖੀ ਨੂੰ ਇਸ ਲਈ ਹਟਾ ਦਿੱਤਾ ਗਿਆ, ਕਿਉਂਕਿ ਉਸ ਨੇ ਲਿੰਗਾਇਤਾਂ ਨੂੰ ਆਪਣੀ ਗਿਣਤੀ ਹਿੰਦੂ ਧਰਮ ਵਿਚ ਹੀ ਕਰਵਾਉਣ ਦੀ ਅਪੀਲ ਕੀਤੀ ਸੀ, ਜਦਕਿ ਜ਼ਿਆਦਾਤਰ ਸਮੂਹਾਂ ਨੇ ਆਪਣੇ-ਆਪ ਨੂੰ 'ਹੋਰ ਸ਼੍ਰੇਣੀ' ਵਿਚ ਦਰਜ ਕਰਨ ਲਈ ਫ਼ੁਰਮਾਨ ਜਾਰੀ ਕੀਤੇ ਹਨ। ਇਸ ਤਰ੍ਹਾਂ ਉਸ ਨੇ ਕਰਨਾਟਕ ਦੇ ਸਭ ਤੋਂ ਵੱਡੇ ਹਿੰਦੂ ਧਾਰਮਿਕ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰਦਿਆਂ ਪਛੜੀਆਂ ਜਾਤੀਆਂ ਵਿਚ ਆਪਣਾ ਆਧਾਰ ਹੋਰ ਮਜ਼ਬੂਤ ਕਰ ਲਿਆ ਹੈ।
ਗੱਠਜੋੜ ਲਈ ਓਵੈਸੀ ਦੀ ਬੇਚੈਨੀ
ਦੇਸ਼ ਵਿਚ ਗੱਠਜੋੜ ਦੀ ਰਾਜਨੀਤੀ ਦੇ ਚੱਲ ਰਹੇ ਦੌਰ ਦੌਰਾਨ ਸਭ ਪਾਰਟੀਆਂ ਨੂੰ ਸਹਿਯੋਗੀਆਂ ਦੀ ਲੋੜ ਹੁੰਦੀ ਹੈ। ਪਰ ਹੁਣ ਤੱਕ ਕਿਸੇ ਵੀ ਪਾਰਟੀ ਵਿਚ ਗੱਠਜੋੜ ਲਈ ਏਨੀ ਬੇਚੈਨ ਨਹੀਂ ਦੇਖੀ, ਜਿੰਨੀ ਬਿਹਾਰ ਵਿਚ ਅਸਦੁਦੀਨ ਓਵੈਸੀ ਦੀ ਪਾਰਟੀ ਐਮ.ਆਈ.ਐਮ. ਬੇਚੈਨ ਹੈ। ਉਹ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਤੇ ਕਾਂਗਰਸ ਉੱਤੇ ਗੱਠਜੋੜ ਬਣਾਉਣ ਲਈ ਲਗਾਤਾਰ ਦਬਾਅ ਪਾ ਰਹੀ ਹੈ, ਪਰ ਦੋਵੇਂ ਆਰ.ਜੇ.ਡੀ. ਤੇ ਕਾਂਗਰਸ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਬਿਹਾਰ ਵਿਚ ਓਵੈਸੀ ਦੀ ਪਾਰਟੀ ਦੇ ਸੂਬਾ ਪ੍ਰਧਾਨ ਅਖ਼ਤਰ-ਉਲ-ਇਮਾਨ ਵਲੋਂ ਆਰ.ਜੇ.ਡੀ. ਤੇ ਕਾਂਗਰਸੀ ਨੇਤਾਵਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਸੀ ਕਿ ਬਿਹਾਰ ਵਿਚ ਐਨ.ਡੀ.ਏ. ਨੂੰ ਰੋਕਣ ਲਈ ਸਾਰੀਆਂ ਇਕ ਸੋਚ ਵਾਲੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇਕ ਦਿਨ ਐਮ.ਆਈ. ਐਮ. ਦੇ ਆਗੂ ਰਾਬੜੀ ਦੇਵੀ ਦੇ ਘਰ ਅੱਗੇ ਢੋਲ ਵਜਾਉਂਦੇ ਪਹੁੰਚੇ ਅਤੇ ਉਨ੍ਹਾਂ ਦੀ ਪਾਰਟੀ ਨੂੰ ਗੱਠਜੋੜ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ। ਜਦੋਂ ਪੱਤਰ ਅਤੇ ਢੋਲ ਵਜਾਉਣ ਦੀ ਰਣਨੀਤੀ ਅਸਫ਼ਲ ਹੋ ਗਈ ਤਾਂ ਓਵੈਸੀ ਦੇ ਸਮਰਥਕਾਂ ਨੇ ਤੇਜਸਵੀ ਯਾਦਵ ਨੂੰ ਉਨ੍ਹਾਂ ਦੀ ਬਿਹਾਰ ਅਧਿਕਾਰ ਯਾਤਰਾ ਦੌਰਾਨ ਕਈ ਥਾਵਾਂ 'ਤੇ ਰੋਕ ਕੇ ਆਪਣੀ ਪਾਰਟੀ ਨੂੰ ਗੱਠਜੋੜ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ। ਓਵੈਸੀ ਨੂੰ ਲੱਗ ਰਿਹਾ ਹੈ ਕਿ ਬਿਹਾਰ ਵਿਚ ਮੁਸਲਮਾਨ ਐਨ.ਡੀ.ਏ. ਨੂੰ ਹਰਾਉਣ ਲਈ ਪੂਰੀ ਤਰ੍ਹਾਂ ਨਾਲ ਮਹਾਗੱਠਜੋੜ ਦੇ ਪਿੱਛੇ ਹਨ, ਇਸੇ ਲਈ ਉਹ ਵੀ ਮਹਾਗੱਠਜੋੜ ਦਾ ਹਿੱਸਾ ਬਣਨ ਲਈ ਲਗਾਤਾਰ ਯਤਨ ਕਰ ਰਹੇ ਹਨ।
ਬੀ.ਸੀ.ਸੀ.ਆਈ. 'ਚ ਵੀ ਕੱਦ ਤੋਂ ਵੱਡਾ ਅਹੁਦਾ
ਹੁਣ ਤੱਕ ਇਹ ਸਿਰਫ਼ ਭਾਜਪਾ ਵਿਚ ਹੀ ਹੋ ਰਿਹਾ ਸੀ ਕਿ ਉਸ ਨੇ ਚੁਣ-ਚੁਣ ਕੇ ਅਜਿਹੇ ਲੋਕਾਂ ਨੂੰ ਉੱਚ ਅਹੁਦੇ ਦਿੱਤੇ, ਜਿਨ੍ਹਾਂ ਦਾ ਰਾਜਨੀਤਕ ਕੱਦ ਉਕਤ ਅਹੁਦੇ ਨਾਲ ਮੇਲ ਨਹੀਂ ਖਾਂਦਾ ਸੀ। ਪਾਰਟੀ ਨੇ ਵੱਡੇ ਆਧਾਰ ਵਾਲੇ ਨੇਤਾਵਾਂ ਨੂੰ ਅਣਡਿੱਠ ਕਰਕੇ ਨਵੀਂ ਲੀਡਰਸ਼ਿਪ ਪੈਦਾ ਕਰਨ ਦੇ ਨਾਂਅ 'ਤੇ ਪਹਿਲੀ ਜਾਂ ਦੂਜੀ ਵਾਰ ਬਣੇ ਵਿਧਾਇਕਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਹਲਕਿਆਂ ਤੋਂ ਬਾਹਰ ਕੋਈ ਜਾਣਦਾ ਤੱਕ ਨਹੀਂ ਸੀ। ਹੁਣ ਇਹ ਸਿਧਾਂਤ ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਿਚ ਵੀ ਪਹੁੰਚ ਗਿਆ ਹੈ, ਜਿਸ ਦੇ ਮੁਖੀ ਕਦੇ ਭਾਰਤ ਦੇ ਸਭ ਤੋਂ ਮਹਾਨ ਕਪਤਾਨ ਸੌਰਵ ਗਾਂਗੁਲੀ ਰਹੇ ਹਨ। ਹੁਣ ਮਿਥੁਨ ਮਿਨਹਾਸ ਇਸ ਬੋਰਡ ਦੇ ਮੁਖੀ ਬਣਨ ਵਾਲੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬੀ.ਸੀ.ਸੀ.ਆਈ. ਪੂਰੀ ਤਰ੍ਹਾਂ ਨਾਲ ਜੈ ਸ਼ਾਹ ਦੇ ਕੰਟਰੋਲ ਹੇਠ ਹੈ, ਜਿਸ ਦੀ ਇਕੋ-ਇਕ ਯੋਗਤਾ ਸਿਰਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਹੋਣਾ ਹੈ। ਭਾਵੇਂ ਪਿਛਲੀ ਵਾਰ ਇਕ ਤਜਰਬੇਕਾਰ ਟੈਸਟ ਕ੍ਰਿਕਟਰ ਰੋਜਰ ਬਿੰਨੀ ਨੂੰ ਸੌਰਵ ਗਾਂਗੁਲੀ ਦੀ ਜਗ੍ਹਾ ਪ੍ਰਧਾਨ ਬਣਾਇਆ ਗਿਆ ਸੀ। ਹਾਲਾਂਕਿ ਉਹ ਵੀ ਇਸ ਅਹੁਦੇ 'ਤੇ ਇਕ ਮੂਰਤੀ ਵਾਂਗ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਨੇ ਪ੍ਰਧਾਨ ਵਜੋਂ ਸਿਰਫ਼ ਨੌਕਰੀ ਕੀਤੀ। ਹੁਣ ਮਿਥੁਨ ਮਿਨਹਾਸ ਨੂੰ ਉਨ੍ਹਾਂ ਦੀ ਜਗ੍ਹਾ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਦਿੱਲੀ ਟੀਮ ਲਈ ਤਾਂ ਖੇਡੇ ਹਨ ਪਰ ਕਦੇ ਵੀ ਭਾਰਤ ਲਈ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡੇ। ਉਸ ਕੋਲ ਕੋਈ ਵੀ ਪ੍ਰਸ਼ਾਸਕੀ ਜਾਂ ਕ੍ਰਿਕਟ ਕੋਚ ਵਜੋਂ ਤਜਰਬਾ ਨਹੀਂ ਹੈ। ਸ਼ਾਇਦ ਉਹ ਵਫ਼ਾਦਾਰ ਹੋਵੇਗਾ, ਇਸੇ ਆਧਾਰ 'ਤੇ ਹੀ ਉਸ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਬਣਾਇਆ ਜਾ ਰਿਹਾ ਹੈ।
ਜੀ.ਐੱਸ.ਟੀ. ਸੁਧਾਰਾਂ ਦਾ ਸਿਹਰਾ ਵਿਰੋਧੀ ਪਾਰਟੀਆਂ ਨਾ ਲੈ ਸਕੀਆਂ
ਅਜੀਤ ਡੈਸਕ
29-09-2025