ਪੰਜਾਬ ਦੀ ਹਵਾ, ਪਾਣੀ ਤੇ ਮਿੱਟੀ ਵਿਚ ਸਿੱਕੇ (ਸੀਸਾ) ਵਰਗੇ ਜ਼ਹਿਰੀਲੇ ਤੱਤਾਂ ਦੇ ਵਧਦੇ ਪੱਧਰ ਬਾਰੇ ਇਕ ਰਿਪੋਰਟ ਨੇ ਸੂਬੇ ਦੇ ਹਿੱਤਧਾਰਕਾਂ ਵਿਚ ਚਿੰਤਾਵਾਂ ਨੂੰ ਵਧਾਇਆ ਹੈ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਰਿਪੋਰਟ ਨੂੰ ਚਿੰਤਾਜਨਕ ਕਰਾਰ ਦਿੰਦਿਆਂ ਇਸ ਦੇ ਆਧਾਰ 'ਤੇ ਪੰਜਾਬ ਸਰਕਾਰ ਤੋਂ ਬਾਕਾਇਦਾ ਜਵਾਬ ਮੰਗਿਆ ਹੈ। ਇਸ ਰਿਪੋਰਟ ਵਿਚ ਇਸ ਸਥਿਤੀ ਲਈ ਰਸਾਇਣਕ ਖਾਦਾਂ, ਉਦਯੋਗਿਕ ਰਹਿੰਦ-ਖੂੰਹਦ, ਪਾਣੀ ਵਿਚ ਘੁਲਣ ਵਾਲੇ ਜ਼ਹਿਰੀਲੇ ਤੱਤ ਅਤੇ ਪਾਵਰ ਪਲਾਂਟਾਂ ਤੋਂ ਉੱਡਦੀ ਸੁਆਹ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਵੱਡੇ ਸ਼ਹਿਰਾਂ ਤੇ ਮਹਾਂਨਗਰਾਂ ਵਿਚ ਆਵਾਜਾਈ ਸਾਧਨਾਂ ਦੇ ਧੂੰਏਂ ਨੂੰ ਇਸ ਦੇ ਲਈ ਵੱਡੀ ਹੱਦ ਤੱਕ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਹ ਚਿੰਤਾ ਪੰਜਾਬ ਯੂਨੀਵਰਸਿਟੀ, ਬਾਬਾ ਫ਼ਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਅਤੇ ਫਰੀਦਕੋਟ ਦੇ ਇਕ ਐਨ.ਜੀ.ਓ. ਦੁਆਰਾ ਸਾਂਝੇ ਤੌਰ 'ਤੇ ਕਰਵਾਏ ਗਏ ਇਕ ਵਿਸ਼ੇਸ਼ ਸਰਵੇਖਣ ਦੀ ਰਿਪੋਰਟ ਸਾਹਮਣੇ ਆਉਣ 'ਤੇ ਪੈਦਾ ਹੋਈ ਹੈ। ਇਸ ਰਿਪੋਰਟ ਵਿਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਸਿੱਕੇ ਦੀ ਵੱਡੀ ਮਾਤਰਾ ਵਿਚ ਮੌਜੂਦਗੀ ਪਾਈ ਗਈ ਹੈ। ਇਸ ਰਿਪੋਰਟ ਦੀ ਅਨੁਸਾਰ ਪੰਜਾਬ ਦੇ ਰੋਪੜ ਦੇ ਆਲੇ-ਦੁਆਲੇ ਧਰਤੀ ਹੇਠਲੇ ਪਾਣੀ ਵਿਚ ਸਿੱਕੇ ਦੀ ਮਾਤਰਾ ਵਿਸ਼ਵ ਪੱਧਰ ਦੇੇ ਤੈਅ ਮਾਪਦੰਡਾਂ ਤੋਂ 80 ਗੁਣਾ ਵੱਧ ਹੈ ਅਤੇ ਨਿਰਧਾਰਿਤ ਆਰਸੈਨਿਕ ਮਾਪਦੰਡਾਂ ਨਾਲੋਂ ਅੱਠ ਗੁਣਾ ਵੱਧ ਹੈ। ਸਰਵੇਖਣਕਾਰਾਂ ਦੁਆਰਾ ਲਏੇ ਗਏ ਪਾਣੀ ਦੇ 37 ਨਮੂਨਿਆਂ 'ਚੋਂ 21 ਅਰਥਾਤ 57.75 ਫ਼ੀਸਦੀ ਨਿਰਧਾਰਤ ਕਸੌਟੀ ਵਿਚ ਅਸਫ਼ਲ ਰਹੇ ਅਤੇ ਯੂਰੇਨੀਅਮ ਦਾ ਪੱਧਰ ਆਮ ਨਾਲੋਂ ਬਹੁਤ ਜ਼ਿਆਦਾ ਪਾਇਆ ਗਿਆ। ਇਸ ਰਿਪੋਰਟ ਨੂੰ ਤਿਆਰ ਕਰਨ ਲਈ ਸੂਬੇ ਦੇ ਚੰਡੀਗੜ੍ਹ, ਮੁਹਾਲੀ, ਬਠਿੰਡਾ ਅਤੇ ਰੋਪੜ ਤੋਂ ਪਾਣੀ ਦੇ ਕੁੱਲ 37 ਨਮੂਨੇ ਅਤੇ ਮਿੱਟੀ ਦੇ 26 ਨਮੂਨੇ ਲਏ ਗਏ ਸਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਪੀਣ ਵਾਲੇ ਪਾਣੀ ਵਿਚ ਯੂਰੇਨੀਅਮ ਦੀ ਹੱਦ 30 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਹੋਣੀ ਚਾਹੀਦੀ ਹੈ। ਹਾਲਾਂਕਿ ਰਿਪੋਰਟ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਇਹ ਪੱਧਰ 5.9 ਗੁਣਾ ਵੱਧ ਹੈ, ਜਦਕਿ ਜ਼ਿਲ੍ਹੇ ਦੇ ਇਕ ਪਿੰਡ ਵਿਚ ਤਾਂ ਇਹ ਪੱਧਰ 83 ਮਾਈਕ੍ਰੋਗ੍ਰਾਮ ਤੱਕ ਪਹੁੰਚ ਗਿਆ, ਜੋ ਬਹੁਤ ਜ਼ਿਆਦਾ ਗੰਭੀਰ ਖ਼ਤਰੇ ਵਾਲੀ ਗੱਲ ਹੈ। ਰੋਪੜ ਦੇ ਇਕ ਹੋਰ ਪਿੰਡ ਵਿਚ ਇਹ ਪੱਧਰ 814 ਮਾਈਕ੍ਰੋਗ੍ਰਾਮ ਤੱਕ ਪਹੁੰਚ ਗਿਆ। ਇਸ ਤਰ੍ਹਾਂ ਇਨ੍ਹਾਂ 4 ਥਾਵਾਂ 'ਤੇ ਪਾਣੀ, ਹਵਾ ਅਤੇ ਮਿੱਟੀ ਵਿਚ ਵਧੀ ਸਿੱਕੇ ਦੀ ਮਾਤਰਾ ਨੇ ਮਨੁੱਖੀ ਖੂਨ ਵਿਚ ਜ਼ਹਿਰੀਲੇ ਤੱਤਾਂ ਦੇ ਵਧਣ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਰੋਪੜ ਦੇ ਕੁਝ ਪਿੰਡਾਂ ਵਿਚ ਥਰਮਲ ਪਾਵਰ ਉਤਪਾਦਨ ਤੋਂ ਬਾਅਦ ਪੈਦਾ ਹੋਣ ਵਾਲੀ ਸੁਆਹ ਦਾ ਖ਼ਤਰਾ ਅਤੇ ਡਰ ਇਸ ਹੱਦ ਤੱਕ ਵਧ ਗਿਆ ਹੈ ਕਿ ਹੁਣ ਔਰਤਾਂ ਕੱਪੜੇ ਧੋਣ ਤੋਂ ਬਾਅਦ ਸੁਕਾਉਣ ਲਈ ਛੱਤਾਂ ਜਾਂ ਵਿਹੜਿਆਂ ਵਿਚ ਨਹੀਂ ਪਾਉਂਦੀਆਂ ਕਿਉਂਕਿ ਬਾਹਰ ਪਾਏ ਕੱਪੜਿਆਂ 'ਤੇ ਸੁਆਹ ਜੰਮ ਜਾਂਦੀ ਹੈ, ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ।
ਇਸ ਰਿਪੋਰਟ ਵਿਚ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ 'ਤੇ ਬਠਿੰਡਾ ਦੇ ਸਾਰੇ 19 ਅਤੇ ਰੋਪੜ ਦੇ 13 'ਚੋਂ 2 ਨਮੂਨਿਆਂ ਵਿਚ ਯੂਰੇਨੀਅਮ ਦੀ ਮਾਤਰਾ ਉੱਚ ਪੱਧਰੀ ਪਾਈ ਗਈ। ਇੱਥੇ ਚੰਡੀਗੜ੍ਹ ਸੁਰੱਖਿਅਤ ਬਚਿਆ ਰਿਹਾ। ਇਸੇ ਤਰ੍ਹਾਂ ਆਰਸੈਨਿਕ ਮਾਮਲੇ 'ਚ ਰੋਪੜ 13 'ਚੋਂ 5 ਨਮੂਨਿਆਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਰਿਹਾ। ਇਨ੍ਹਾਂ ਸ਼ਹਿਰਾਂ ਤੋਂ ਲਏ ਗਏ ਮਿੱਟੀ ਦੇ ਨਮੂਨਿਆਂ 'ਚੋਂ ਬਠਿੰਡਾ ਦੇ ਕੁੱਲ 23 'ਚੋਂ 22 ਵਿਚ ਯੂਰੇਨੀਅਮ, ਥੋਰੀਅਮ ਅਤੇ ਕ੍ਰੋਮੀਅਮ ਦੀ ਮਾਤਰਾ ਆਮ ਨਾਲੋਂ ਕਾਫ਼ੀ ਜ਼ਿਆਦਾ ਪਾਈ ਗਈ। ਇਸ ਤਰ੍ਹਾਂ ਇਹ ਰਿਪੋਰਟ ਜਿਹੜੇ ਅੰਕੜੇ ਪੇਸ਼ ਕਰਦੀ ਹੈ, ਉਨ੍ਹਾਂ ਅਨੁਸਾਰ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੱਚਮੁੱਚ ਚਿੰਤਾ ਪੈਦਾ ਕਰਨ ਵਾਲੀ ਬਣ ਜਾਂਦੀ ਹੈ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਇਹ ਸਥਿਤੀ ਕੋਈ ਬਹੁਤ ਚੰਗੀ ਨਹੀਂ ਹੈ। ਦਰਅਸਲ ਜ਼ਮੀਨ ਹੇਠਲੇ ਪਾਣੀ ਨੂੰ ਲੈ ਕੇ ਪੰਜਾਬ ਲੰਬੇ ਸਮੇਂ ਤੋਂ ਖ਼ਤਰੇ ਦੇ ਨਿਸ਼ਾਨ ਨੂੰ ਛੂੰਹਦਾ ਪ੍ਰਤੀਤ ਹੁੰਦਾ ਰਿਹਾ ਹੈ। ਬਠਿੰਡਾ ਵਿਚ ਥਰਮਲ ਪਾਵਰ ਪਲਾਂਟਾਂ ਤੋਂ ਉੱਡਦੀ ਸੁਆਹ ਨੇ ਸਾਰੇ ਮਨੁੱਖਾਂ ਦੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕੀਤਾ ਹੈ, ਜਦਕਿ ਲੁਧਿਆਣਾ ਵਿਚ ਬੁੱਢਾ ਨਾਲਾ ਅਤੇ ਉਦਯੋਗਿਕ ਰਹਿੰਦ-ਖੂੰਹਦ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਰੱਖਿਆ ਹੈ। ਬੇਸ਼ੱਕ ਵਿਕਾਸ ਤੇ ਤਰੱਕੀ ਦੀ ਦੌੜ 'ਚ ਖੇਤਾਂ ਅਤੇ ਉਦਯੋਗਾਂ ਤੋਂ ਵੱਧ ਤੋਂ ਵੱਧ ਉਤਪਾਦਨ ਲੈਣ ਦੀ ਹੋੜ੍ਹ ਲੱਗੀ ਰਹਿੰਦੀ ਹੈ। ਇਸੇ ਕਾਰਨ ਕਿਸਾਨ ਰਸਾਇਣਕ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਗਦੇ ਹਨ ਪਰ ਇਹ ਹੋੜ ਮਨੁੱਖੀ ਸਿਹਤ ਦੀ ਆਖਰੀ ਸੀਮਾ ਤੱਕ ਤਾਂ ਕਦੇ ਵੀ ਨਹੀਂ ਪਹੁੰਚਣੀ ਚਾਹੀਦੀ। ਜਦੋਂ ਵੀ ਸੰਭਵ ਹੋਵੇ ਖੇਤੀਬਾੜੀ ਲਈ ਪ੍ਰਾਚੀਨ ਜੈਵਿਕ ਖਾਦਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਦਯੋਗਿਕ ਵਿਸਥਾਰ ਕਿਸੇ ਵੀ ਦੇਸ਼ ਦੇ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ, ਪਰ ਇਸ ਦੇ ਲਈ ਚੰਗੀ ਯੋਜਨਾਬੱਧ ਅਤੇ ਨਿਯੰਤਰਿਤ ਨੀਤੀ ਵੀ ਓਨੀ ਹੀ ਜ਼ਰੂਰੀ ਹੈ। ਅਸੀਂ ਸਮਝਦੇ ਹਾਂ ਕਿ ਧਰਤੀ, ਪਾਣੀ ਤੇ ਹਵਾ ਨੂੰ ਬਚਾਈ ਰੱਖਣ ਲਈ ਲਈ ਚੰਗੀਆਂ ਨੀਤੀਆਂ ਅਤੇ ਸਖ਼ਤ ਨਿਯਮਾਂ ਦੀ ਰੂਪਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਤਦ ਹੀ ਸਾਰੇ ਮਨੁੱਖਾਂ ਲਈ ਸਾਫ਼ ਪਾਣੀ, ਸ਼ੁੱਧ ਹਵਾ ਅਤੇ ਪਵਿੱਤਰ ਮਿੱਟੀ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇਗੀ।
ਪੰਜਾਬ ਦਾ ਵਾਤਾਵਰਨ ਹੋਇਆ ਜ਼ਹਿਰੀਲਾ
ਅਜੀਤ ਡੈਸਕ
29-09-2025