27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਕੱਲ੍ਹ ਬਰਸੀ 'ਤੇ ਵਿਸ਼ੇਸ਼ ਮਹਾਨ ਨੌਜਵਾਨ ਗ਼ਦਰੀ ਸ਼ਹੀਦ ਪ੍ਰੇਮ ਸਿੰਘ ਸਰਾਭਾ

Ad Position 21
No active advertisement
ਅਜੀਤ ਡੈਸਕ 29-09-2025

ਪ੍ਰੇਮ ਸਿੰਘ ਦਾ ਜਨਮ ਪਿਤਾ ਸ. ਜੀਵਾ ਸਿੰਘ ਤੇ ਮਾਤਾ ਜਿਉਣ ਕੌਰ ਦੇ ਘਰ ਹੋਇਆ। ਉਨ੍ਹਾਂ ਦੇ ਦੋ ਹੋਰ ਭਰਾ ਤੇਜਾ ਸਿੰਘ ਸਫ਼ਰੀ (ਮਹਾਨ ਗ਼ਦਰੀ ਯੋਧਾ) ਤੇ ਜਗੀਰ ਸਿੰਘ ਸਨ। ਪ੍ਰੇਮ ਸਿੰਘ 'ਤੇ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਹਾਨ ਸੰਗਰਾਮੀ ਜੀਵਨ ਤੇ ਸ਼ਹਾਦਤ ਦਾ ਵੱਡਾ ਪ੍ਰਭਾਵ ਪਿਆ, ਉੱਥੇ ਗ਼ਦਰੀ ਸੂਰਮੇ ਵੱਡੇ ਵੀਰ ਤੇਜਾ ਸਿੰਘ ਸਫ਼ਰੀ ਦੀਆਂ ਇਨਕਲਾਬੀ ਸਰਗਰਮੀਆਂ ਦਾ ਵੀ ਡੂੰਘਾ ਅਸਰ ਸੀ। ਪ੍ਰੇਮ ਸਿੰਘ ਦੀ ਉਮਰ ਅਜੇ 15 ਸਾਲ ਦੀ ਹੀ ਸੀ ਕਿ ਉਸ ਨੇ 1930 ਵਿਚ ਕਲਕੱਤਾ ਵਿਖੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦੇ ਵਿਰੋਧ 'ਚ ਵੱਡੇ ਜਲੂਸ ਵਿਚ ਹਿੱਸਾ ਲਿਆ। ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ। ਜ਼ਖ਼ਮੀ ਹੋਏ ਸੁਭਾਸ਼ ਨੂੰ ਜਦੋਂ ਹਸਪਤਾਲ 'ਚ ਪਤਾ ਲੱਗਾ ਕਿ ਪ੍ਰੇਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡੋਂ ਹੈ ਤਾਂ ਉਹ ਬਹੁਤ ਖੁਸ਼ ਹੋਏ। ਆਪ ਕਲਕੱਤੇ ਰਹਿੰਦਿਆਂ ਪੰਜਾਬੀ ਨੌਜਵਾਨ ਸਭਾ ਦੇ ਜਨਰਲ ਸਕੱਤਰ ਬਣੇ। ਪ੍ਰੇਮ ਸਿੰਘ ਸੁਭਾਸ਼ ਚੰਦਰ ਬੋਸ ਨਾਲ ਉਨ੍ਹਾਂ 7 ਆਦਮੀਆਂ 'ਚੋਂ ਸਨ, ਜਿਨ੍ਹਾਂ ਨੇ ਕਲਕੱਤਾ ਜੇਲ੍ਹ 'ਤੇ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਇਸ ਮੌਕੇ ਜਦੋਂ ਪੁਲਿਸ ਸੁਭਾਸ਼ ਨੂੰ ਕੁੱਟ ਰਹੀ ਸੀ ਤਾਂ ਪ੍ਰੇਮ ਸਿੰਘ ਉਨ੍ਹਾਂ ਦੇ ਉੱਪਰ ਪੈ ਗਿਆ ਤੇ ਖ਼ੁਦ ਜਬਰ ਝੱਲਦੇ ਰਹੇ। ਉਨ੍ਹਾਂ 'ਤੇ ਬੰਗਾਲ ਹਕੂਮਤ ਨੇ ਨੰਗੀ ਤਲਵਾਰ ਰੱਖਣ ਦਾ ਕੇਸ ਵੀ ਪਾਇਆ। ਉਹ ਗ਼ਦਰ-ਕਾਵਿ ਵੀ ਰਚਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਪ੍ਰਤਿੱਕਾ (ਕਲਕੱਤਾ) ਵਿਚ ਛਪਦੀਆਂ ਰਹੀਆਂ।
ਤੇਜਾ ਸਿੰਘ ਸਫ਼ਰੀ ਤੇ ਪ੍ਰੇਮ ਸਿੰਘ ਸਰਾਭਾ ਨੇ 1932 'ਚ ਪਹਿਲੀ ਵਾਰ ਪਿੰਡ ਤੇ ਇਲਾਕੇ ਦਾ ਵੱਡਾ ਇਕੱਠ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮਨਾਈ। ਅੰਗਰੇਜ਼ ਹਕੂਮਤ ਵਲੋਂ ਭਾਰੀ ਪੁਲਿਸ ਫੋਰਸ ਲਗਾਉਣ ਦੇ ਬਾਵਜੂਦ ਉਨ੍ਹਾਂ ਨੇ ਨਿੱਡਰ ਹੋ ਕੇ ਇਹ ਕਾਰਜ ਨੇਪਰੇ ਚਾੜ੍ਹਿਆ। ਬਾਅਦ 'ਚ ਦੋਨੋਂ ਭਰਾਵਾਂ ਸਮੇਤ ਦਰਜਨਾਂ ਆਗੂਆਂ ਤੇ ਵਰਕਰਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ। ਲੰਮੇ ਅਰਸੇ ਬਾਅਦ ਰਿਹਾਈ ਉਪਰੰਤ ਬਾਹਰ ਆ ਕੇ ਉਨ੍ਹਾਂ ਨੇ ਫਿਰ ਅੰਗਰੇਜ਼ ਹਕੂਮਤ ਵਿਰੁੱਧ ਜੱਦੋ-ਜਹਿਦ ਜਾਰੀ ਰੱਖੀ। ਸੰਨ 1946 ਦੀ ਲੁਧਿਆਣਾ ਕਾਨਫਰੰਸ ਮੌਕੇ ਪ੍ਰੇਮ ਸਿੰਘ ਨੇ ਬਹੁਤ ਹੀ ਸੂਝ ਤੇ ਜੋਸ਼ ਭਰਪੂਰ ਤਕਰੀਰ ਰਾਹੀਂ ਗੋਰੀ ਹਕੂਮਤ ਦਾ ਚਿਹਰਾ ਨੰਗਾ ਕੀਤਾ। ਸਿੱਟੇ ਵਜੋਂ ਇਕ ਹੋਰ ਨਵਾਂ ਕੇਸ ਦਰਜ ਕਰਕੇ ਉਨ੍ਹਾਂ ਨੂੰ ਮੁੜ ਕੈਦ ਕੱਟਣੀ ਪਈ। ਰਿਹਾਈ ਉਪਰੰਤ ਉਨ੍ਹਾਂ ਨੂੰ ਕਈ ਵਾਰ ਪਿੰਡ 'ਚ ਵੀ ਜੂਹ ਬੰਦ ਕੀਤਾ ਗਿਆ। '47 ਦੀ ਵੰਡ ਵੇਲੇ 10 ਲੱਖ ਲੋਕਾਂ ਦੇ ਫਿਰਕੂ ਕਤਲੇਆਮ ਕਾਰਨ ਪ੍ਰੇਮ ਸਿੰਘ ਸਰਾਭਾ, ਤੇਜਾ ਸਿੰਘ ਸਫ਼ਰੀ ਸਮੇਤ ਅਨੇਕਾਂ ਕਮਿਊਨਿਸਟ ਯੋਧਿਆਂ ਨੇ ਸਮਝਿਆ ਕਿ ਦੇਸ਼ ਦੀ ਮਿਹਨਤਕਸ਼ ਜਨਤਾ ਨਾਲ ਵੱਡਾ ਧੋਖਾ ਹੋਇਆ ਹੈ। ਸੋ ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਵਾਲੇ ਹਾਕਮਾਂ ਵਿਰੁੱਧ ਵੀ ਬਗਾਵਤ ਦਾ ਝੰਡਾ ਚੁੱਕਿਆ। ਸਿੱਟੇ ਵਜੋਂ ਉਨ੍ਹਾਂ ਨੂੰ ਮੁੜ ਜੇਲ੍ਹ 'ਚ ਡੱਕ ਦਿੱਤਾ। ਜੇਲ੍ਹ ਨੂੰ ਪਾੜ ਲਾ ਕੇ ਤਿੰਨ ਜੁਝਾਰੂ ਕੈਦੀ ਕਾਮਰੇਡ ਵਿਧਾਤਾ ਰਾਮ, ਰਾਜਿੰਦਰ ਸਿੰਘ ਤੇ ਗੁਰਚਰਨ ਸਿੰਘ ਰੰਧਾਵਾ ਫ਼ਰਾਰ ਹੋ ਗਏ। ਗੁੱਸੇ 'ਚ ਪ੍ਰੇਮ ਸਿੰਘ 'ਤੇ ਭਾਰੀ ਤਸ਼ਦੱਦ ਕੀਤਾ ਗਿਆ, ਜਿਸ ਕਾਰਨ ਉਹ ਸ਼ਹੀਦੀ ਪਾ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਲੈਣ ਲਈ ਕਾਮਰੇਡ ਭਾਗ ਸਿੰਘ ਸਰਾਭਾ ਸਾਥੀਆਂ ਸਮੇਤ ਲੁਧਿਆਣਾ ਜੇਲ੍ਹ ਪੁੱਜੇ ਪਰ ਉਨ੍ਹਾਂ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਤੇ ਮ੍ਰਿਤਕ ਦੇਹ ਨੂੰ ਜੇਲ੍ਹ ਦੇ ਅੰਦਰ ਜਬਰੀ ਹੀ ਦਫ਼ਨ ਕਰ ਦਿੱਤਾ ਗਿਆ। ਪ੍ਰੇਮ ਸਿੰਘ ਸਰਾਭਾ ਨੇ ਸ਼ਹੀਦ ਹੋਣ ਤੋਂ ਪਹਿਲਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਇਕ ਪੱਤਰ ਲਿਖਿਆ, ਜਿਸ ਦੀ ਬਹੁਤ ਹੀ ਵੱਡੀ ਇਤਿਹਾਸਕ ਅਹਿਮੀਅਤ ਹੈ। ਪੱਤਰ ਦੀ ਸੰਖੇਪ ਸ਼ਬਦਾਵਲੀ ਇਸ ਤਰ੍ਹਾਂ ਹੈ, 'ਅਸੀਂ ਜਿਹੜੇ ਅਸਲੀ ਆਜ਼ਾਦੀ ਤੇ ਸੱਚੀ ਬਰਾਬਰੀ ਲਈ ਲੜੇ, ਅੱਜ ਜੇਲ੍ਹਾਂ ਵਿਚ ਜੱਦੋ-ਜਹਿਦ ਕਰਦੇ ਮਰ ਰਹੇ ਹਾਂ। ਤੁਸੀਂ ਜਨਤਾ ਤੋਂ ਦੂਰ ਚਲੇ ਗਏ ਹੋ। ਆਪਣੇ ਭਾਰਤ ਤੋਂ ਦੂਰ। ਤੁਸੀਂ ਅਮਰੀਕਾ ਤੇ ਬਰਤਾਨੀਆ ਦੇ ਸ਼ਾਹੀ ਖ਼ਾਨਦਾਨਾਂ ਦੇ ਨੇੜੇ ਹੋ ਗਏ ਹੋ। ਸਾਡੀ ਤੇ ਕਿਰਤੀਆਂ ਦੀ ਵਫ਼ਾ ਤੇ ਤਪੱਸਿਆ ਆਪਣੇ ਹੱਕ ਮੰਗਦੀ ਹੈ। ਤੁਸੀਂ ਕਿਰਤੀਆਂ ਵੱਲ ਪਿੱਠ ਕਰ ਰਹੇ ਹੋ ਤੇ ਸਾਮਰਾਜੀਆਂ ਵੱਲ ਮੂੰਹ ਕਰ ਰਹੇ ਹੋ। ਤੁਸੀਂ ਜੋ ਕੀਤਾ, ਚੰਗਾ ਨਹੀਂ ਕੀਤਾ। ਸਾਡੀਆਂ ਜੇਲ੍ਹਾਂ ਵਿਚ ਹੋ ਰਹੀਆਂ ਸ਼ਹੀਦੀਆਂ, ਨਵੇਂ ਇਤਿਹਾਸ ਨੂੰ ਜਨਮ ਦੇਣਗੀਆਂ। ਅੱਛਾ ਮੈਂ ਜਾ ਰਿਹਾ ਹਾਂ, ਆਪਣੇ ਸ਼ਹੀਦਾਂ ਕੋਲ।' ਇਹ ਕਹਿਣ ਉਪਰੰਤ 30 ਸਤੰਬਰ 1949 ਨੂੰ ਉਹ ਦੇਸ਼ ਵਾਸੀਆਂ ਨੂੰ ਸਦਾ-ਸਦਾ ਲਈ ਵਿਛੋੜਾ ਦੇ ਗਏ। ਉਨ੍ਹਾਂ ਦੇ ਅਮਰ ਬੋਲ ਦੇਸ਼ ਅੰਦਰ ਖ਼ਰੀ ਆਜ਼ਾਦੀ, ਖੁਸ਼ਹਾਲੀ, ਮੁਕੰਮਲ ਬਰਾਬਰੀ ਤੇ ਸਮਾਜਵਾਦ ਲਈ ਲੋਕ ਲਹਿਰਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।

-ਮੋਬਾ: 96464-02470

Ad Position 22
No active advertisement
ਪਿਛਲੀ ਖ਼ਬਰ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੂੰ ਪੇਸ਼ ਕਰਦੀਆਂ ਕਵਿਤਾਵਾਂ ਅਗਲੀ ਖ਼ਬਰ ਕਰਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ
Ad Position 24