27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੂੰ ਪੇਸ਼ ਕਰਦੀਆਂ ਕਵਿਤਾਵਾਂ

Ad Position 21
No active advertisement
ਅਜੀਤ ਡੈਸਕ 29-09-2025

ਅੰਮ੍ਰਿਤਸਰ ਵਿਚ ਵਾਪਰੇੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਜਾਂ ਦੁਖਾਂਤ ਨੇ ਆਜ਼ਾਦੀ ਸੰਗਰਾਮ ਨੂੰ ਇਕ ਨਵਾਂ ਮੋੜ ਦਿੱਤਾ। ਇਸ ਦੁਖਾਂਤ ਦੀ ਗੂੰਜ ਸਾਰੇ ਭਾਰਤ ਵਿਚ ਸੁਣਾਈ ਦਿੱਤੀ। ਇਸ ਦੁਖਾਂਤ ਨੇ ਕਈ ਨਵੀਆਂ ਲਹਿਰਾਂ ਨੂੰ ਜਨਮ ਦਿੱਤਾ ਅਤੇ ਪਹਿਲਾਂ ਤੋਂ ਚੱਲ ਰਹੇ ਆਜ਼ਾਦੀ ਸੰਗਰਾਮ ਵਿਚ ਇਕ ਨਵੀਂ ਰੂਹ ਫੂਕੀ। ਸੰਨ 1920 ਵਿਚ ਚੱਲੀ ਗੁਰਦੁਆਰਿਆਂ ਦੀ ਆਜ਼ਾਦੀ ਲਈ ਅਕਾਲੀ ਲਹਿਰ ਵਿਚ ਇਸ ਦੁਖਾਂਤ ਦਾ ਅਸਰ ਸਪੱਸ਼ਟ ਰੂਪ ਵਿਚ ਵੇਖਿਆ ਜਾ ਸਕਦਾ ਹੈ ਕਿਉਂਕਿ ਇਸ ਲਹਿਰ ਦੇ ਆਰੰਭ ਤੋਂ ਬਹੁਤ ਥੋੜ੍ਹਾ ਚਿਰ ਪਹਿਲਾਂ ਹੀ ਵਾਪਰਿਆ ਹੋਣ ਕਰਕੇ ਲੋਕ ਸ੍ਰਿਮਤੀਆਂ ਵਿਚ ਇਹ ਤਾਜ਼ਾ ਸੀ। ਇਸ ਦੁਖਾਂਤ ਬਾਰੇ ਪੰਜਾਬੀ ਕਵੀਆਂ ਨੇ ਭਰਪੂਰ ਹੁੰਗਾਰਾ ਭਰਿਆ। ਇਹ ਸਮਾਂ ਕਵੀ ਦਰਬਾਰਾਂ ਦੀ ਚੜ੍ਹਤ ਦਾ ਸਮਾਂ ਸੀ ਅਤੇ ਜਦ ਵੀ ਕੋਈ ਕਵੀ ਦਰਬਾਰ ਹੁੰਦਾ ਜਾਂ ਦੇਸ਼-ਭਗਤੀ ਦੀ ਗੱਲ ਹੁੰਦੀ ਤਾਂ ਜਲ੍ਹਿਆਂਵਾਲਾ ਬਾਗ਼ ਦੇ ਦੁਖਾਂਤ ਨੂੰ ਜ਼ਰੂਰ ਯਾਦ ਕੀਤਾ ਜਾਂਦਾ।
ਜਲ੍ਹਿਆਂਵਾਲੇ ਬਾਗ਼ ਬਾਰੇ ਮਿਲਦੀ ਕਵਿਤਾ ਦੋ ਰੂਪਾਂ ਵਿਚ ਹੈ। ਇਕ ਤਾਂ ਸਿੱਧੀ 13 ਅਪ੍ਰੈਲ, 1919 ਦੇ ਦੁਖਾਂਤ ਬਾਰੇ, ਜਿਸ ਵਿਚ ਜਨਰਲ ਡਾਇਰ ਦੇ ਹੁਕਮ ਉੱਪਰ ਨਿਹੱਥੇ ਭਾਰਤੀਆਂ ਉੱਤੇ ਗੋਲਾਬਾਰੀ ਕੀਤੀ ਗਈ ਅਤੇ ਦੂਜੀ ਭਾਂਤ ਦੀ ਕਵਿਤਾ ਵਿਚ ਇਸ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ ਮਹਿਮਾ ਵਿਚ ਜਸ ਗਾਇਨ ਕੀਤਾ ਗਿਆ ਹੈ। ਇਹ ਕਵਿਤਾ ਅਸਲ ਵਿਚ ਇਕ-ਦੂਜੀ ਦੀ ਪੂਰਕ ਹੀ ਹੈ। ਦਰਸ਼ਨ ਸਿੰਘ ਅਵਾਰਾ ਪਹਿਲਾ ਕਵੀ ਹੈ, ਜਿਸ ਦਾ ਕਾਵਿ ਸੰਗ੍ਰਹਿ 'ਬਿਜਲੀ ਦੀ ਕੜਕ' ਛਪਦਿਆਂ ਬਰਤਾਨਵੀ ਹਕੂਮਤ ਵਲੋਂ ਜ਼ਬਤ ਕਰ ਲਿਆ ਗਿਆ:
ਬਾਗ਼ ਜਲ੍ਹਿਆਂ ਵਿਚ ਹਾਏ,
ਖ਼ੂਨ ਸੰਦੜੀ ਧਾਰ ਚੱਲੀ।
ਲਾਹੁੰਦੀ ਗਈ ਧੜਾਂ ਤੋਂ ਸਿਰ,
ਜਦ ਡਾਇਰ ਦੀ ਤਲਵਾਰ ਚੱਲੀ।
ਨਾਨਕ ਸਿੰਘ ਦੀ 'ਖ਼ੂਨੀ ਵਿਸਾਖੀ' ਇਸ ਦੁਖਾਂਤ ਬਾਰੇ ਲਿਖੀ ਗਈ ਲੰਮੀ ਕਵਿਤਾ ਸਭ ਤੋਂ ਵੱਧ ਪ੍ਰਸਿੱਧ ਹੋਈ। ਫਿਰੋਜ਼ਦੀਨ ਸ਼ਰਫ਼ ਇਸ ਸਮੇਂ ਦਾ ਪ੍ਰਸਿੱਧ ਸਟੇਜੀ ਕਵੀ ਹੈ, ਜਿਸ ਨੇ ਇਸ ਦੁਖਾਂਤ ਦਾ ਅਸਰ ਕਬੂਲਿਆ। ਉਸ ਦਾ ਕਵੀ ਹਿਰਦਾ ਕੁਰਲਾ ਉੱਠਿਆ। ਸਾਕੇ ਤੋਂ ਥੋੜ੍ਹਾ ਚਿਰ ਬਾਅਦ ਵਿਚ ਇਸੇ ਬਾਗ਼ ਵਿਚ ਇਕ ਕਵੀ ਦਰਬਾਰ ਹੋਇਆ, ਜਿਸ ਵਿਚ ਸ਼ਰਫ਼ ਵਲੋਂ ਪੜ੍ਹੀ ਗਈ ਇਕ ਲੰਮੀ ਨਜ਼ਮ ਵਿਚ ਕੁਝ ਸਤਰਾਂ ਇਹ ਹਨ:
ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ
ਚੜ੍ਹੇ ਇੰਗਲਿਸ਼ੀ ਐਸੇ ਤੂਫ਼ਾਨ ਏਥੇ
ਕਰਾਂ ਕਿਹੜਿਆਂ ਸ਼ਬਦਾਂ ਦੇ ਵਿਚ ਜ਼ਾਹਿਰ
ਜੋ ਜੋ ਜ਼ੁਲਮ ਦੇ ਹੋਏ ਸਾਮਾਨ ਏਥੇ
ਹੋਏ ਜਮਜਮ ਤੇ ਗੰਗਾ ਇਕ ਥਾਂ ਕੱਠੇ
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
ਇਹ ਘਟਨਾ ਕਿਉਂਕਿ ਜੱਗੋਂ ਨਿਆਰੀ ਸੀ, ਇਸ ਲਈ ਕਵੀਆਂ ਉੱਪਰ ਇਸ ਦਾ ਅਸਰ ਵਿਆਪਕ ਰੂਪ ਵਿਚ ਪਿਆ। ਦਰਸ਼ਨ ਸਿੰਘ ਅਵਾਰਾ, ਨਾਨਕ ਸਿੰਘ ਅਤੇ ਫਿਰੋਜ਼ਦੀਨ ਸ਼ਰਫ਼ ਤੋਂ ਇਲਾਵਾ ਕਈ ਨਾਮਵਰ ਕਵੀ ਸਾਹਮਣੇ ਆਏ, ਜਿਨ੍ਹਾਂ ਨੇ ਇਸ ਸਾਕੇ ਬਾਰੇ ਲਿਖਿਆ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਅਜਿਹਾ ਹੀ ਇਕ ਹੋਰ ਕਵੀ ਹੈ, ਉਸ ਦਾ ਸਵੈਕਥਨ ਹੈ ਕਿ ਮੇਰੇ ਉੱਪਰ ਗੁਰਮਤਿ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਸੰਬੰਧੀ ਦੇਸ਼ ਵਿਚ ਲੱਗ ਰਹੇ ਮੋਰਚਿਆਂ ਅਤੇ ਚੱਲ ਰਹੀਆਂ ਲੋਕ ਲਹਿਰਾਂ ਨੇ ਬੜਾ ਅਸਰ ਪਾਇਆ। ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਕਾਰਨ ਮੇਰੇ ਅੰਦਰ ਵਿਦੇਸ਼ੀ ਰਾਜ ਦੇ ਵਿਰੁੱਧ ਇਕ ਜਵਾਲਾ ਭੜਕ ਉੱਠੀ। ਦੇਸ਼ ਭਗਤੀ ਦੀ ਇਸ ਜਵਾਲਾਮੁਖੀ ਵਿਚੋਂ ਨਿਕਲੀ ਇਕ ਕਵਿਤਾ ਦੀਆਂ ਸਤਰਾਂ:
ਤਾੜ ਤਾੜ ਗੋਲੀ ਚੱਲੀ ਵਾਂਗ ਹੋਲੀ
ਹੋਇਆ ਖ਼ੂਨ ਦਾ ਹੜ੍ਹ ਰਵਾਨ ਏਥੇ।
ਹੱਡੀ ਕਲਮ ਤੇ ਜੁੱਸਾ ਦਵਾਤ ਬਣਿਆ,
ਲਿਖਿਆ ਖ਼ੂਨ ਸੰਗ ਬੈਠ ਪੈਗਾਮ ਏਥੇ।
ਗਾਂਧੀ ਏਕਤਾ ਦਾ ਪਰਚਾ ਪਾਣ ਵਾਲਾ,
ਰਾਹੀਂ ਡਾਇਰ ਹੋਇਆ ਇਮਤਿਹਾਨ ਏਥੇ।
ਉਹ ਤਾਂ ਪਾਸ ਹੋਏ ਪਿੱਛੋਂ ਸਬਕ ਭੁੱਲਿਆ,
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
ਬਰਕਤ ਰਾਮ ਯੁਮਨ ਵੀ ਏਸੇ ਯੁੱਗ ਦਾ ਇਕ ਹੋਰ ਪ੍ਰਸਿੱਧ ਸਟੇਜੀ ਕਵੀ ਹੈ। ਉਸ ਦੀ ਕਾਵਿ-ਰਚਨਾ ਵਿਚ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦੀ ਗੂੰਜ ਇਸ ਤਰ੍ਹਾਂ ਸੁਣਾਈ ਦਿੰਦੀ ਹੈ:
ਜਲ੍ਹਿਆਂਵਾਲੇ ਬਾਗ਼ ਦੇ ਅੰਦਰ, ਜਲਸਾ ਜਦੋਂ ਜਮਾਇਆ।
ਅਚਨਚੇਤੀ ਖੂਨੀ ਡਾਇਰ, ਕਾਲ ਰੂਪ ਬਣ ਆਇਆ।
ਆਉਂਦੇ ਸਾਰ ਨਿਹੱਥਿਆਂ ਉਤੇ ਚੁੱਕ ਚਲਾਈ ਗੋਲੀ।
ਲਹੂ ਦੇ ਨਾਲ ਲਾਲ ਹੋਈ ਧਰਤੀ ਖੇਡੀ ਖੂਨੀ ਹੋਲੀ।
ਅੰਨ੍ਹੇਵਾਹ ਮਸ਼ੀਨਗੰਨਾਂ ਤੋਂ ਐਸਾ ਮੀਂਹ ਵਰ੍ਹਾਇਆ।
ਜਾਨ ਬਚਾਣ ਲਈ ਕਿਸੇ ਨੂੰ,
ਕੁਝ ਸਿਰ ਪੈਰ ਨਾ ਆਇਆ।
ਬੁੱਢੇ ਠੇਰੇ ਠੇਡੇ ਖਾਂਦੇ,
ਡਿੱਗ ਪਏ ਨਿੰਮੋਝੂਣੇ
ਦੁੱਧ ਚੁੰਘਦੇ ਮਾਂ ਦੀ ਛਾਤੀ 'ਤੇ
ਮਰ ਗਏ ਬਾਲ ਅੰਞਾਣੇ।
ਹੀਰਾ ਸਿੰਘ ਦਰਦ ਨੂੰ ਕਵਿਤਾ ਦੀ ਅਸਲੀ ਪ੍ਰੇਰਨਾ ਅਪ੍ਰੈਲ 1919 ਵਿਚ ਲੱਗੇ ਮਾਰਸ਼ਲ ਲਾਅ ਤੋਂ ਹੀ ਮਿਲੀ ਅਤੇ ਇਸ ਤੋਂ ਮਗਰੋਂ ਉਹ ਰਾਜਨੀਤਕ ਚੇਤਨਾ ਵਾਲਾ ਪ੍ਰਸਿੱਧ ਲੇਖਕ ਬਣ ਨਿਬੜਿਆ। ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਬਾਰੇ ਉਸ ਦੀ ਲਿਖੀ ਇਕ ਕਵਿਤਾ ਹੈ:
ਗੁੱਸੇ ਨਾਲ ਮਸ਼ੀਨਾਂ ਦੀ ਬਾੜਬਾੜੀ,
ਉਲਟੀ ਬਾਗ਼ ਦੀ ਦੁੱਗਣੀ ਗੁਲਜ਼ਾਰ ਬਣ ਗਈ।
ਨਾਲ ਕਹਿਰ ਦੀ ਅੱਗ ਦੇ ਸਾੜਿਆ ਸੂ,
ਐਪਰ ਖ਼ਾਕ ਥੀਂ ਨਈਂ ਗੁਲਜ਼ਾਰ ਬਣ ਗਈ।
ਉਸ ਨੇ ਸੋਚਿਆ ਮਿਟ ਸੀ ਨਿਸ਼ਾਨ ਮੇਰਾ,
ਇਹ ਤਾਂ ਸਦਾ ਲਈ ਇਕ ਯਾਦਗਾਰ ਬਣ ਗਈ।
ਦੋਸ਼ੀ ਸਮਝ ਕੇ ਜ਼ਾਲਮ ਨੇ ਕਤਲ ਕੀਤਾ,
ਦੁਨੀਆ ਲਈ ਉਹ ਸ਼ਹੀਦੀ ਮਜ਼ਾਰ ਬਣ ਗਈ।
ਸੌਦਾਗਰ ਸਿੰਘ ਭਿਖਾਰੀ ਅਤੇ ਰਘਬੀਰ ਸਿੰਘ ਬੀਰ ਇਸ ਧਾਰਾ ਦੇ ਦੋ ਅਜਿਹੇ ਹੋਰ ਕਵੀ ਹਨ। ਪੰਜਾਬੀ ਕਵੀਆਂ ਲਈ ਜਨਰਲ ਡਾਇਰ, ਪਹਿਲਾਂ ਹੋ ਚੁੱਕੇ ਜ਼ਾਲਮ ਨਾਦਰਸ਼ਾਹ, ਚੰਗੇਜ਼ ਖ਼ਾਂ ਅਤੇ ਹਲਾਕੂ ਆਦਿ ਦੀ ਸਫ਼ ਵਿਚ ਸ਼ਾਮਿਲ ਹੋ ਗਿਆ ਅਤੇ ਜਦ ਕਦੀ ਵੀ ਜ਼ੁਲਮ ਦੀ ਗੱਲ ਹੁੰਦੀ ਤਾਂ ਉਹ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਨੋਂ ਨਾ ਰੁਕਦੇ। ਲਿਖਾਰੀ ਦੀ ਕਵਿਤਾ ਦਾ ਇਕ ਬੰਦ ਵੇਖੋ:
ਹਿਰਦਾ ਕੰਬ ਉੱਠੇ, ਅੱਖਾਂ ਲਾਉਣ ਛਹਿਬਰ,
ਜਦੋਂ ਯਾਦ ਜਲ੍ਹਿਆਂਵਾਲਾ ਬਾਗ਼ ਆਵੇ।
ਲੰੰਮੀ ਪ੍ਰੇਮ ਡੋਰੀ ਜਦੋਂ ਟੁੱਟ ਜਾਵੇ,
ਗੀਤ ਗਾਉਂਦੇ ਨੂੰ ਭੁੱਲ ਰਾਗ ਜਾਵੇ।
ਧੜਕੇ ਦਿਲ, ਅੱਖਾਂ ਅੱਗੇ ਫਿਰਨ ਤਾਰੇ,
ਸੁੱਖੀਂ ਸੁੱਤੇ ਨੂੰ ਤੁਰੰਤ ਹੀ ਜਾਗ ਆਵੇ।
ਲੁੱਛੇ ਕਾਲਜਾ ਤੇ ਤੜਪੇ ਜਾਨ ਮੇਰੀ,
ਜਦੋਂ ਯਾਦ ਜਲ੍ਹਿਆਂਵਾਲਾ ਬਾਗ਼ ਆਵੇ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਮੋਬਾਈਲ : 98889-39808

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਗਰਲਜ਼ ਕਾਲਜ ਚੀਕਾ ਵਿਖੇ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਕੱਲ੍ਹ ਬਰਸੀ 'ਤੇ ਵਿਸ਼ੇਸ਼ ਮਹਾਨ ਨੌਜਵਾਨ ਗ਼ਦਰੀ ਸ਼ਹੀਦ ਪ੍ਰੇਮ ਸਿੰਘ ਸਰਾਭਾ
Ad Position 24