05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਦੁਨੀਆ ਦੀ ਲਾਮਿਸਾਲ ਅਸਾਵੀਂ ਜੰਗ-ਸਾਕਾ ਚਮਕੌਰ

Ad Position 21
No active advertisement
ਅਜੀਤ ਡੈਸਕ 22-12-2025

ਫਰਾਂਸ ਦਾ ਉੱਘਾ ਲੇਖਕ ਚੈਤੀਓ ਬਰਾਇਡ ਵਿਸ਼ਵ ਕੌਮਾਂ ਦੇ ਇਤਿਹਾਸ ਬਾਰੇ ਕੁੰਜੀਵਤ ਟਿੱਪਣੀ ਵਿਚ ਲਿਖਦਾ ਹੈ, 'ਯੂਨਾਨ ਦਾ ਇਤਿਹਾਸ ਇਕ ਕਵਿਤਾ ਵਾਂਗ ਹੈ, ਲਾਤੀਨੀ ਇਤਿਹਾਸ ਤਸਵੀਰ ਵਰਗਾ ਲੱਗਦਾ ਹੈ ਜਦੋਂ ਕਿ ਆਧੁਨਿਕ ਇਤਿਹਾਸ ਘਟਨਾਵਾਂ ਦੀ ਤਫਸੀਲ ਹੈ।' ਕਿਸੇ ਵਿਦਵਾਨ ਨੇ ਬੜਾ ਨਫੀਸ ਲਿਖਿਆ ਹੈ ਕਿ ਸਿੱਖ ਇਤਿਹਾਸ ਵਿਚ ਚਮਕੌਰ ਦੀ ਜੰਗ ਦੌਰਾਨ ਉਪਰੋਕਤ ਤਿੰਨੋਂ ਹਕੀਕਤਾਂ ਇਕੋ ਵੇਲੇ ਵਾਪਰੀਆਂ ਹਨ। ਸੱਚਮੁਚ ਚਮਕੌਰ ਦੀ ਜੰਗ ਦੁਨੀਆ ਦੀ ਲਾਮਿਸਾਲ ਅਸਾਵੀਂ ਜੰਗ ਸੀ, ਜਿੱਥੇ ਦਸ ਲੱਖ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕਰਦਿਆਂ ਗੁਰੂ ਦੀ ਪ੍ਰੇਮ-ਪ੍ਰਤੀਤ ਵਿਚ ਭਿੱਜੇ ਸਿਦਕ ਤੇ ਸਬਰ ਦੇ ਮੁਜੱਸਮੇ ਚਾਲੀ ਸਿੰਘਾਂ ਨੇ ਕਿਸੇ ਜਿੱਤ-ਹਾਰ ਲਈ ਨਹੀਂ, ਬਲਕਿ ਜਬਰ-ਜ਼ੁਲਮ ਦੇ ਵਿਰੋਧ ਵਿਚ ਜੰਗ ਦੇ ਮੈਦਾਨ ਅੰਦਰ ਜੂਝਦਿਆਂ ਸ਼ਹਾਦਤਾਂ ਪਾਈਆਂ।
ਬਾਈਧਾਰ ਦੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੁਆਰਾ ਖਾਧੀਆਂ ਕਸਮਾਂ ਦਾ ਯਕੀਨ ਕਰਕੇ 6-7 ਪੋਹ 1761 (20-21 ਦਸੰਬਰ 1704 ਈਸਵੀ) ਦੀ ਦਰਮਿਆਨੀ ਰਾਤ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਦੁਸ਼ਮਣ ਫੌਜਾਂ ਨੇ ਆਪਣੀਆਂ ਕਸਮਾਂ ਨੂੰ ਛਿੱਕੇ ਟੰਗ ਕੇ ਸਿੰਘਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਗੰਗੂ ਰਸੋਈਆ ਆਪਣੇ ਪਿੰਡ ਖੇੜੀ ਲੈ ਗਿਆ। ਦਸਮੇਸ਼ ਪਿਤਾ ਸਿੰਘਾਂ ਦੇ ਕਾਫ਼ਲੇ ਨਾਲ ਰੋਪੜ ਤੋਂ ਹੁੰਦੇ ਹੋਏ 7 ਪੋਹ (21 ਦਸੰਬਰ) ਦੀ ਰਾਤ ਨੂੰ ਚਮਕੌਰ ਵਿਖੇ ਬੁੱਧੀ ਚੰਦ ਦੀ ਕੱਚੀ ਗੜ੍ਹੀ (ਹਵੇਲੀ) ਵਿਚ ਪੁੱਜੇ। ਉਨ੍ਹਾਂ ਦੇ ਨਾਲ 40 ਸਿੰਘ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸਨ। ਉਧਰ ਨਵਾਬ ਵਜ਼ੀਰ ਖ਼ਾਨ ਨੇ 10 ਲੱਖ ਦਾ ਲਸ਼ਕਰ ਲੈ ਕੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਆਣ ਘੇਰਾ ਪਾ ਲਿਆ। ਇਹ ਵੇਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਖ਼ਾਲਸਾ ਜੀ! ਅੱਜ ਸਿੱਖੀ ਦਾ ਇਮਤਿਹਾਨ ਹੋਣਾ ਹੈ। ਦੁਨੀਆ 'ਤੇ ਕਈ ਕੌਮਾਂ ਪੈਦਾ ਹੋਈਆਂ ਤੇ ਮਿਟ ਗਈਆਂ ਹਨ। ਮੈਂ ਅਕਾਲ ਪੁਰਖ ਦੇ ਹੁਕਮ ਨਾਲ ਸਦਾ ਅਟੱਲ ਰਹਿਣ ਵਾਲਾ ਪੰਥ ਸਿਰਜਿਆ ਹੈ। ਅੱਜ ਦਸ ਪੀੜ੍ਹੀਆਂ ਦੇ ਕੀਤੇ ਹੋਏ ਕੰਮ ਦੀ ਪਰਖ ਹੋਣੀ ਹੈ। ਚਾਲ੍ਹੀਆਂ ਨੇ ਦਸ ਲੱਖ ਨਹੀਂ, ਇਕੱਲੇ-ਇਕੱਲੇ ਨੇ ਲੱਖਾਂ ਨਾਲ ਟਾਕਰਾ ਕਰਨਾ ਹੈ।'
ਦੁਸ਼ਮਣ ਫ਼ੌਜ ਦੀ ਅਗਵਾਈ ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਨ, ਨਾਹਰ ਖ਼ਾਨ, ਹੈਬਤ ਖ਼ਾਨ, ਇਸਮਾਈਲ ਖ਼ਾਨ, ਉਸਮਾਨ ਖ਼ਾਨ, ਸੁਲਤਾਨ ਖ਼ਾਨ, ਖ਼ਵਾਜਾ ਖ਼ਿਜ਼ਰ ਖ਼ਾਨ, ਮੀਆਂ ਖ਼ਾਨ, ਦਿਲਾਵਰ ਖ਼ਾਨ ਅਤੇ ਜ਼ਬਰਦਸਤ ਖ਼ਾਨ ਆਦਿ ਮੁਗ਼ਲਾਂ ਦੇ ਸਿਰਕੱਢ ਜਰਨੈਲ ਕਰ ਰਹੇ ਸਨ। ਰਾਤ ਭਰ ਦੁਵੱਲੇ ਦੀਆਂ ਜੰਗੀ ਤਿਆਰੀਆਂ ਤੋਂ ਬਾਅਦ 8 ਪੋਹ (22 ਦਸੰਬਰ) ਦਾ ਦਿਨ ਚੜ੍ਹਦੇ ਹੀ ਵਜ਼ੀਰ ਖ਼ਾਨ ਨੇ ਬੜੇ ਜ਼ੋਰ ਨਾਲ ਗੜ੍ਹੀ 'ਤੇ ਹੱਲਾ ਬੋਲ ਦਿੱਤਾ। ਜਿਸ ਵੇਲੇ ਵੈਰੀ ਦੀਆਂ ਫ਼ੌਜਾਂ ਨੇੜੇ ਢੁੱਕੀਆਂ, ਗੜ੍ਹੀ ਵਿਚੋਂ ਇਕੋ ਵਾਰ ਸਿੰਘਾਂ ਨੇ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫੇਰ ਤੀਰਾਂ ਦੀ ਵਾਛੜ ਕੀਤੀ। ਵੈਰੀ ਦੀਆਂ ਮੋਹਰਲੀਆਂ ਪਾਲਾਂ ਵਿਚੋਂ ਕਈ ਢੇਰੀ ਹੋ ਗਏ। ਇਕ-ਇਕ ਗੋਲੀ ਤੇ ਤੀਰ ਕਈਆਂ-ਕਈਆਂ ਵਿਚ ਦੀ ਲੰਘ ਗਏ। ਮੁਗ਼ਲ ਜਰਨੈਲਾਂ ਦਾ ਇਹ ਭੁਲੇਖਾ ਦੂਰ ਹੋ ਗਿਆ ਕਿ ਗੁਰੂ ਜੀ ਨਾਲ ਸਿੰਘ ਥੋੜ੍ਹੇ ਹੀ ਹਨ।
ਫਿਰ ਮੁਗ਼ਲਾਂ ਦਾ ਜਰਨੈਲ ਨਾਹਰ ਖ਼ਾਨ ਅੱਗੇ ਵਧਿਆ ਤਾਂ ਗ਼ਨੀ ਖ਼ਾਨ ਤੇ ਖ਼ਵਾਜਾ ਮਹਿਮੂਦ ਅਲੀ ਖ਼ਾਨ (ਖ਼ਵਾਜਾ ਖ਼ਿਜ਼ਰ ਖ਼ਾਨ) ਵੀ ਉਸ ਦੇ ਮਗਰ ਲੱਗ ਤੁਰੇ। ਉਹ ਕਈ ਥਾਈਂ ਪੌੜੀਆਂ ਲਾ ਕੇ ਗੜ੍ਹੀ ਦੀ ਕੰਧ 'ਤੇ ਚੜ੍ਹਨ ਲੱਗੇ। ਜਿੰਨੇ ਕੁ ਕੰਧੋਂ ਉੱਚੇ ਹੁੰਦੇ, ਸਿੰਘ ਓਨਿਆਂ ਕੁ ਨੂੰ ਤੀਰਾਂ ਨਾਲ ਵਿੰਨ੍ਹ ਕੇ ਥੱਲੇ ਸੁੱਟ ਦਿੰਦੇ। ਨਾਹਰ ਖ਼ਾਨ ਗੁਰੂ ਜੀ ਦੇ ਤੀਰ ਵਿਚ ਪਰੁੱਚ ਕੇ ਧਰਤੀ 'ਤੇ ਆ ਡਿੱਗਾ। ਦੂਜਾ ਤੀਰ ਗ਼ਨੀ ਖ਼ਾਨ ਨੂੰ ਲੱਗਾ। ਉਨ੍ਹਾਂ ਦੋਹਾਂ ਨੂੰ ਡਿਗਦੇ ਵੇਖ ਕੇ ਖ਼ਵਾਜਾ ਮਹਿਮੂਦ ਅਲੀ (ਖ਼ਿਜ਼ਰ ਖ਼ਾਨ) ਦਾ ਹੌਸਲਾ ਟੁੱਟ ਗਿਆ। ਉਸ ਨੇ ਕਾਇਰਾਂ ਵਾਂਗ ਭੱਜ ਕੇ ਜਾਨ ਬਚਾਈ।
ਫਿਰ ਮੁਗ਼ਲ ਫ਼ੌਜਾਂ ਚਮਕੌਰ ਦੀ ਗੜ੍ਹੀ ਦਾ ਦਰਵਾਜ਼ਾ ਤੋੜਨ ਵਾਸਤੇ ਵਧੀਆਂ। ਇਹ ਪਹਿਲੇ ਨਾਲੋਂ ਵੀ ਮਾਰੂ ਹੱਲਾ ਸੀ। ਇਹ ਵੇਖ ਕੇ 'ਪਿਆਰੇ' ਭਾਈ ਹਿੰਮਤ ਸਿੰਘ ਦਸਮੇਸ਼ ਪਿਤਾ ਦੀ ਆਗਿਆ ਦੇ ਨਾਲ ਚਾਰ ਸਿੰਘਾਂ ਸਮੇਤ ਹੱਥਾਂ ਵਿਚ ਸ਼ਸਤਰ ਲੈ ਕੇ ਗੜ੍ਹੀ ਤੋਂ ਬਾਹਰ ਨਿਕਲੇ। ਸੈਂਕੜੇ ਵੈਰੀਆਂ ਨੂੰ ਮਾਰ ਕੇ ਸਾਰੇ ਸਿੰਘ ਸ਼ਹੀਦ ਹੋ ਗਏ। ਫਿਰ ਛੇ-ਛੇ ਸਿੰਘਾਂ ਦੇ ਦੋ ਹੋਰ ਜਥੇ ਬਾਹਰ ਨਿਕਲ ਕੇ ਸ਼ਹੀਦ ਹੋ ਗਏ। ਇਹ ਵੇਖ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਗੁਰੂ ਪਿਤਾ ਕੋਲੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਨੇ ਜੰਞ ਚਾੜ੍ਹਨ ਵਰਗੀ ਖ਼ੁਸ਼ੀ ਵਿਚ ਆਪਣੇ 18 ਕੁ ਸਾਲਾਂ ਦੇ ਵੱਡੇ ਪੁੱਤਰ ਨੂੰ ਅੱਠਾਂ ਸਿੰਘਾਂ ਦੇ ਜਥੇ ਨਾਲ ਜੰਗ ਦੇ ਮੈਦਾਨ ਵਿਚ ਤੋਰਿਆ। ਹਜ਼ਾਰਾਂ ਵੈਰੀਆਂ ਦਾ ਖ਼ਾਤਮਾ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾ ਗਏ। ਇਤਿਹਾਸਕਾਰਾਂ ਮੁਤਾਬਿਕ ਉਨ੍ਹਾਂ ਦੇ ਸਰੀਰ 'ਤੇ 400 ਦੇ ਲਗਪਗ ਫੱਟ ਸਨ।
ਦੂਜੇ ਪਾਸੇ ਪੌਣੇ ਪੰਦਰਾਂ ਕੁ ਸਾਲਾਂ ਦੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਆਪਣੇ ਵੱਡੇ ਵੀਰ ਵਾਂਗ ਸੂਰਮਗਤੀ ਨਾਲ ਜੂਝ ਕੇ ਸ਼ਹੀਦ ਹੋਣ ਦਾ ਚਾਅ ਚੜ੍ਹ ਗਿਆ। ਗੁਰੂ ਜੀ ਨੇ ਅਸੀਸ ਦੇ ਕੇ ਪੰਜ ਸਿੰਘਾਂ ਦੇ ਨਾਲ ਉਨ੍ਹਾਂ ਨੂੰ ਵੀ ਮੈਦਾਨ-ਏ-ਜੰਗ ਵੱਲ ਤੋਰ ਦਿੱਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜੰਗ ਦੇ ਮੈਦਾਨ ਵਿਚ ਪੁੱਜਦਿਆਂ ਹੀ ਜੰਗ ਫੇਰ ਭਖ ਗਈ। ਲੋਥਾਂ 'ਤੇ ਲੋਥਾਂ ਡਿਗਣ ਲੱਗ ਪਈਆਂ। ਮੁਗ਼ਲਾਂ ਨੇ ਮੌਕਾ ਪਾ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਸਿੰਘਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ। ਬਹਾਦਰ ਸਪੂਤ ਨੇ ਨੇਜ਼ਾ ਸੰਭਾਲ ਲਿਆ ਅਤੇ ਵੈਰੀਆਂ ਦੇ ਸੀਨੇ ਪਾੜਦਾ ਗਿਆ। ਮੁਗ਼ਲ ਫ਼ੌਜ ਦੇ ਇਕ ਹੋਰ ਦਸਤੇ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ। ਕਈਆਂ ਨੂੰ ਪਾਰ ਬੁਲਾ ਕੇ ਅੰਤ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ।
ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋਣ ਕਰਕੇ ਵੈਰੀ ਸਮਝਦੇ ਸਨ ਕਿ ਹੁਣ ਅੰਦਰ ਦਸਮੇਸ਼ ਗੁਰੂ ਇਕੱਲੇ ਹੀ ਰਹਿ ਗਏ ਹਨ। ਵਜ਼ੀਰ ਖ਼ਾਨ ਨੇ ਫਿਰ ਆਖ਼ਰੀ ਹੱਲਾ ਕਰਵਾਇਆ। ਅੱਗੋਂ ਗੁਰੂ ਮਹਾਰਾਜ ਨੇ ਅਤੇ ਬਾਕੀ ਸਿੰਘਾਂ ਨੇ ਏਨੇ ਜੋਸ਼ ਵਿਚ ਤੀਰਾਂ ਦੀ ਬੁਛਾੜ ਕੀਤੀ ਕਿ ਬਾਹਰ ਵੈਰੀਆਂ ਦੇ ਸੱਥਰ ਲਾਹ ਦਿੱਤੇ। ਕਈ ਚੋਣਵੇਂ ਜਰਨੈਲ ਮਾਰੇ ਗਏ। ਨੁਕਸਾਨ ਹੁੰਦਾ ਵੇਖ ਕੇ ਵਜ਼ੀਰ ਖ਼ਾਨ ਨੇ ਫ਼ੌਜ ਨੂੰ ਪਿੱਛੇ ਹਟਾ ਕੇ ਹੁਕਮ ਦਿੱਤਾ ਕਿ ਗੜ੍ਹੀ ਦੁਆਲੇ ਸਖ਼ਤ ਪਹਿਰਾ ਰੱਖਿਆ ਜਾਵੇ, ਸਵੇਰੇ ਗੁਰੂ ਜੀ ਨੂੰ ਕੈਦ ਕਰ ਲਿਆ ਜਾਵੇਗਾ। ਇਸ ਕਾਰਨ ਲੜਾਈ ਬੰਦ ਹੋ ਗਈ।
ਗੜ੍ਹੀ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਦਸ ਕੁ ਸਿੰਘ ਹੀ ਰਹਿ ਗਏ ਸਨ। ਸਿੰਘਾਂ ਨੇ ਗੁਰੂ ਜੀ ਦੇ ਚਰਨਾਂ ਵਿਚ ਪੰਥ ਦੀ ਅਗਵਾਈ ਖ਼ਾਤਰ ਗੜ੍ਹੀ ਵਿਚੋਂ ਚਲੇ ਜਾਣ ਦੀ ਬੇਨਤੀ ਕੀਤੀ ਪਰ ਗੁਰੂ ਜੀ ਨਹੀਂ ਮੰਨੇ। ਫਿਰ 'ਪਿਆਰੇ' ਭਾਈ ਦਇਆ ਸਿੰਘ ਜੀ ਦੀ ਅਗਵਾਈ ਵਿਚ ਪੰਜ ਸਿੰਘਾਂ ਨੇ 'ਪੰਜ ਪਿਆਰਿਆਂ' ਦੇ ਰੂਪ ਵਿਚ ਗੜ੍ਹੀ ਵਿਚੋਂ ਚਲੇ ਜਾਣ ਦਾ ਦਸਮੇਸ਼ ਪਿਤਾ ਨੂੰ ਹੁਕਮ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮੇਸ਼ਰ ਰੂਪ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਆਪਣੇ ਨਾਲ ਤਿੰਨ ਸਿੰਘਾਂ; (ਪਿਆਰੇ) ਭਾਈ ਦਇਆ ਸਿੰਘ ਜੀ, (ਪਿਆਰੇ) ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਜਾਣ ਦਾ ਫ਼ੈਸਲਾ ਕੀਤਾ।
ਅੱਧੀ ਰਾਤ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਦੇ ਬੁਰਜ ਉੱਪਰ ਖਲੋ ਕੇ ਆਪ ਨਰਸਿੰਙਾ ਵਜਾਇਆ ਅਤੇ ਹਵੇਲੀ ਤੋਂ ਬਾਹਰ ਨਿਕਲ ਕੇ ਇਕ ਉੱਚੀ ਟਿੱਬੀ 'ਤੇ ਚੜ੍ਹ ਕੇ ਤਿੰਨ ਵਾਰ ਕਿਹਾ:
'ਪੀਰ-ਏ-ਹਿੰਦ ਮੇ ਰਵੱਦ।'
ਭਾਵ; ਹਿੰਦ ਦਾ ਪੀਰ ਜਾ ਰਿਹਾ ਹੈ। ਕਿਸੇ ਵਿਚ ਹਿੰਮਤ ਹੈ ਤਾਂ ਰੋਕ ਲਵੇ।
ਇਹ ਸੁਣ ਕੇ ਮੁਗ਼ਲ ਫ਼ੌਜਾਂ ਵਿਚ ਖਲਬਲੀ ਮਚ ਗਈ। ਸਾਰੇ ਪਾਸੇ ਦੁਹਾਈ ਮੱਚ ਉਠੀ, 'ਸਿੱਖ ਆ ਪਏ, ਸਿੱਖਾਂ ਦਾ ਗੁਰੂ ਆ ਪਿਆ, ਫੜ ਲਵੋ, ਨਿਕਲ ਨਾ ਜਾਏ, ਬਚ ਜਾਓ, ਕਾਲ ਆਇਆ ਜੇ।'
ਦੁਸ਼ਮਣ ਦਲਾਂ ਵਿਚ ਚਾਨਣ ਹੁੰਦੇ ਤੱਕ ਵੱਢ-ਟੁੱਕ ਹੁੰਦੀ ਰਹੀ। ਇਸ ਰਾਤ ਦੇ ਦੋ ਪਹਿਰਾਂ ਵਿਚ ਉਨ੍ਹਾਂ ਦਾ ਏਨਾ ਨੁਕਸਾਨ ਹੋਇਆ, ਜਿੰਨਾ ਪਹਿਲੇ ਸਾਰੇ ਦਿਨ ਵਿਚ ਨਹੀਂ ਸੀ ਹੋਇਆ। 9 ਪੋਹ (23 ਦਸੰਬਰ) ਦੀ ਸਵੇਰ ਹੁੰਦਿਆਂ ਹੀ ਉਨ੍ਹਾਂ ਬੜੇ ਗੁੱਸੇ ਨਾਲ ਗੜ੍ਹੀ ਉੱਤੇ ਹੱਲਾ ਬੋਲਿਆ। ਇਸ ਤਰ੍ਹਾਂ ਸੰਸਾਰ ਦੀ ਬੇਜੋੜ ਤੇ ਅਸਾਵੀਂ ਜੰਗ ਵਿਚ ਜੂਝਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਦੇ ਬਾਕੀ ਸੱਤ ਸਿੰਘ ਵੀ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀ ਪਾ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ-ਜੂਹਾਂ ਵਿਚੋਂ ਲੰਘਦੇ ਰਾਤ ਨੂੰ ਮਾਛੀਵਾੜੇ ਦੇ ਜੰਗਲ ਵਿਚ ਜਾ ਪੁੱਜੇ ਸਨ।
ਇਸ ਤਰ੍ਹਾਂ ਚਮਕੌਰ ਦਾ ਯੁੱਧ 22 ਦਸੰਬਰ ਸੰਨ 1704 ਨੂੰ ਹੋਇਆ। ਇਸ ਯੁੱਧ ਵਿਚ ਤਿੰਨ 'ਪਿਆਰੇ' ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ ਤੇ ਭਾਈ ਸਾਹਿਬ ਜੀ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਦਸਮੇਸ਼ ਪਿਤਾ ਦੇ ਨਾਦੀ ਪੁੱਤਰ 35 ਸਿੰਘ ਹੋਰ ਸ਼ਹੀਦ ਹੋਏ।
ਚਮਕੌਰ ਦੀ ਜੰਗ ਵਿਸ਼ਵ ਇਤਿਹਾਸ ਦਾ ਇਕੋ ਇਕ ਪਵਿੱਤਰ ਧਰਮ-ਯੁੱਧ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਖ਼ੁਦ ਚਾਈਂ-ਚਾਈਂ ਮੈਦਾਨ-ਏ-ਜੰਗ ਵੱਲ ਤੋਰਦੇ ਹਨ ਅਤੇ ਗੁਰੂ ਪਿਤਾ ਜੀ ਦੀਆਂ ਅੱਖਾਂ ਸਾਹਮਣੇ ਦੋਵੇਂ ਸਾਹਿਬਜ਼ਾਦੇ ਅਦੁੱਤੀ ਸ਼ਹਾਦਤ ਦਾ ਜਾਮ ਪੀਂਦੇ ਹਨ। ਇਸੇ ਕਰਕੇ ਜੋਗੀ ਅੱਲ੍ਹਾ ਯਾਰ ਖ਼ਾਨ ਨੇ ਲਿਖਿਆ ਹੈ:
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸ਼ਮ੍ਹਾਂ ਕੇ ਲੀਏ।

-ਮੋਬਾਈਲ : 98780-70008.

Ad Position 22
No active advertisement
ਪਿਛਲੀ ਖ਼ਬਰ ਐਡਮਿੰਟਨ ਦਾ ਪਹਿਲਾ ਗੁਰਦੁਆਰਾ-ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ ਅਲਬਰਟਾ ਅਗਲੀ ਖ਼ਬਰ ਮਾਤਾ ਗੁਜਰੀ ਦੀਆਂ ਛੋਟੇ ਸਾਹਿਬਜ਼ਾਦਿਆਂ ਨੂੰ ਆਖ਼ਰੀ ਅਸੀਸਾਂ
Ad Position 24