05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐਡਮਿੰਟਨ ਦਾ ਪਹਿਲਾ ਗੁਰਦੁਆਰਾ-ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ ਅਲਬਰਟਾ

Ad Position 21
No active advertisement
ਅਜੀਤ ਡੈਸਕ 22-12-2025

ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ ਅਲਬਰਟਾ, ਐਡਮਿੰਟਨ (ਕੈਨੇਡਾ) ਐਡਮਿੰਟਨ 'ਚ ਪਹਿਲਾ ਗੁਰਦੁਆਰਾ ਸਥਾਪਤ ਕੀਤਾ ਗਿਆ ਸੀ। ਇਹ ਗੁਰਦੁਆਰਾ ਲਗਭਗ 1980 'ਚ ਸਥਾਪਤ ਕੀਤਾ ਗਿਆ, ਜੋ ਨਾਰਥ ਵੈਸਟ, ਸੇਂਟ ਅਲਬਰਟ ਟਰੇਲ ਵਿਖੇ ਸਥਿਤ ਹੈ। ਵਿਦੇਸ਼ਾਂ 'ਚ ਵੀ ਸਿੱਖ ਭਾਈਚਾਰੇ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਕੇ ਮਾਨਵਤਾਵਾਦੀ ਕੀਰਤੀਮਾਨ ਸਥਾਪਤ ਕੀਤੇ ਹੋਏ ਹਨ। ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ ਅਲਬਰਟਾ ਵਰਤਮਾਨ ਸ਼ਿਲਪਕਾਰੀ ਦੀ ਨਵੀਨਤਾ ਨੂੰ ਅਪਣਾ ਰਿਹਾ ਹੈ। ਇਸ ਸਥਾਨ ਦੇ ਸੇਵਕ ਸ. ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਇੱਥੇ ਪ੍ਰਾਚੀਨ ਤੇ ਆਧੁਨਿਕ ਸਹੂਲਤਾਂ ਗਹਿਰੀ ਪ੍ਰਤੀਤੀ, ਆਤਮ ਪ੍ਰਸੰਨਤਾ ਤੇ ਪ੍ਰੇਮ ਭਾਵਨਾ ਨਾਲ ਮੁਹੱਈਆ ਕੀਤੀਆਂ ਜਾਂਦੀਆਂ ਹਨ। ਇਹ ਪਵਿੱਤਰ ਸਥਾਨ ਲਗਭਗ ਦੋ ਏਕੜ ਵਿਚ ਸੁਸ਼ੋਭਿਤ ਹੈ। ਲੰਗਰ ਹਾਲ ਲਗਭਗ 7200 ਸਕੇਅਰ ਫੁੱਟ ਹੈ, ਜਿਸ ਨੂੰ ਆਧੁਨਿਕ ਢੰਗ ਨਾਲ ਬਦਲਿਆ ਗਿਆ ਹੈ ਤੇ ਪੁਰਾਣੀ ਇਮਾਰਤ ਦੇ ਕੁਝ ਹਿੱਸੇ ਦਾ ਦੁਬਾਰਾ ਸੁੰਦਰੀਕਰਨ ਕੀਤਾ ਗਿਆ ਹੈ। ਬਾਹਰੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਵੱਡੇ ਆਕਾਰ ਦੇ ਕੰਧ-ਨੁਮਾ ਸ਼ੀਸ਼ਿਆਂ ਨਾਲ ਤਿਆਰ ਕੀਤਾ ਗਿਆ। ਇੱਥੇ ਸਿੱਖ ਮਰਿਆਦਾ ਅਨੁਸਾਰ ਹਰ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਸਕਦੇ ਹਨ। ਵਿਆਹਾਂ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਕਿਸੇ ਵੀ ਰਸਮ, ਰੀਤੀ ਰਿਵਾਜ ਜਾਂ ਸਮਾਗਮ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ। ਘਰਾਂ ਵਿਚ ਕੋਈ ਵੀ ਧਾਰਮਿਕ ਕਾਰਜ ਕਰਵਾਉਣ ਦਾ ਪ੍ਰਬੰਧਕੀ ਖ਼ਰਚਾ ਨਹੀਂ ਲਿਆ ਜਾਂਦਾ। ਪਾਠੀ ਸਿੰਘਾਂ ਤੇ ਹੋਰ ਸਿੰਘਾਂ ਲਈ ਆਧੁਨਿਕ ਰਿਹਾਇਸ਼ ਹੈ। ਇੱਥੇ ਪੰਜਾਬੀ ਤੇ ਕੀਰਤਨ ਦੀ ਸਿੱਖਿਆ ਲਈ ਖ਼ਾਲਸਾ ਸਕੂਲ ਵੀ ਹੈ, ਜਿੱਥੇ ਬੱਚਿਆਂ ਸਮੇਤ ਵੱਡੀ ਉਮਰ ਦੇ ਵਿਅਕਤੀ ਵੀ ਸਿੱਖਿਆ ਲੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਪੰਜਾਬੀ ਸਿੱਖਣ ਲਈ ਇਕ ਕੈਨੇਡਾ ਮੂਲ ਦੀ ਲੜਕੀ ਵੀ ਆਉਂਦੀ ਹੈ। ਸਭ ਧਰਮਾਂ ਦੇ ਲੋਕ ਇੱਥੋਂ ਦੀਆਂ ਸਹੂਲਤਾਂ ਲੈ ਸਕਦੇ ਹਨ। ਗੁਰਮਤਿ ਕੈਂਪ ਸਾਲ ਵਿਚ ਦੋ ਵਾਰ ਲਾਏ ਜਾਂਦੇ ਹਨ। ਵੈਨਕੂਵਰ ਤੋਂ ਵਿਸ਼ੇਸ਼ ਤੌਰ 'ਤੇ ਵਿਦਵਾਨ ਹਾਜ਼ਰੀ ਲਵਾਉਂਦੇ ਹਨ। ਬੁੱਧਵਾਰ ਨੂੰ ਸੁਖਮਨੀ ਸਾਹਿਬ, ਸਨਿਚਰਵਾਰ ਨੂੰ ਵਾਹਿਗੁਰੂ ਦਾ ਜਾਪ ਅਤੇ ਐਤਵਾਰ ਨੂੰ ਕੀਰਤਨ 6 ਤੋਂ 9 ਵਜੇ ਤੱਕ ਕੀਤਾ ਜਾਂਦਾ ਹੈ। ਰਸੋਈ ਘਰ ਲਗਭਗ 1280 ਸਕੇਅਰ ਫੁੱਟ ਵਿਚ ਹੈ, ਜਿਸ 'ਚ ਸਾਰੀਆਂ ਆਧੁਨਿਕ ਸਹੂਲਤਾਂ ਹਨ। ਪਾਲਕੀ ਸਾਹਿਬ ਦੇ ਸਥਾਨ ਨਾਲ ਸੰਬੰਧਿਤ ਸਾਰੇ ਵਸਤਰਾਂ ਦੀ ਸਫ਼ਾਈ ਲਈ ਵੱਖਰੀਆਂ ਮਸ਼ੀਨਾਂ ਹਨ। ਗੁਰਦੁਆਰਾ ਸਾਹਿਬ 'ਚ ਲਿਫ਼ਟ (ਐਲੀਵੇਟਰ) ਦਾ ਪ੍ਰਬੰਧ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਉੱਪਲ, ਭਾਈ ਜਗਰੂਪ ਸਿੰਘ ਸੈਕਟਰੀ, ਭਾਈ ਮੁਕੰਦ ਸਿੰਘ ਬੈਂਸ, ਸਹਾਇਕ ਸੈਕਟਰੀ ਭਾਈ ਦਵਿੰਦਰ ਸਿੰਘ ਬੈਂਸ, ਖ਼ਜ਼ਾਨਚੀ ਭਾਈ ਜੁਝਾਰ ਸਿੰਘ, ਭਾਈ ਬਲਵੰਤ ਸਿੰਘ ਤੇ ਮੈਂਬਰ ਭਾਈ ਬਖ਼ਤਾਰ ਸਿੰਘ ਤੇ ਭਾਈ ਅਵਤਾਰ ਸਿੰਘ ਗਿੱਲ ਹਨ। ਭਵਿੱਖ ਵਿਚ ਇਸ ਪ੍ਰਬੰਧਕ ਕਮੇਟੀ ਤੋਂ ਹੋਰ ਆਸਾਂ ਹਨ ਕਿ ਸਿੱਖ ਧਰਮ ਦੀਆਂ ਪਰੰਪਰਾਵਾਂ, ਸੱਭਿਆਚਾਰ, ਸਿੱਖਿਆਵਾਂ, ਉਪਦੇਸ਼ਾਂ ਨੂੰ ਪ੍ਰਫੁੱਲਿਤ ਕਰਨ 'ਚ ਵਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ।

-ਉਂਕਾਰ ਨਗਰ, ਗੁਰਦਾਸਪੁਰ।
ਐਡਮਿੰਟਨ (ਕੈਨੇਡਾ) ਵਟਸਐਪ : 98156-25409

Ad Position 22
No active advertisement
ਪਿਛਲੀ ਖ਼ਬਰ ਸਬਰ, ਸ਼ੁਕਰ ਤੇ ਅਰਦਾਸ ਅਗਲੀ ਖ਼ਬਰ ਦੁਨੀਆ ਦੀ ਲਾਮਿਸਾਲ ਅਸਾਵੀਂ ਜੰਗ-ਸਾਕਾ ਚਮਕੌਰ
Ad Position 24