ਸਬਰ, ਸ਼ੁਕਰ ਅਤੇ ਅਰਦਾਸ ਵੇਖਣ ਤੇ ਲਿਖਣ 'ਚ ਇਹ ਸ਼ਬਦ ਭਾਵੇਂ ਛੋਟੇ ਲੱਗਣ ਪਰ ਇਨ੍ਹਾਂ ਤਿੰਨਾਂ ਸ਼ਬਦਾਂ ਵਿਚ ਹੀ ਜ਼ਿੰਦਗੀ ਦਾ ਅਸਲੀ ਫ਼ਲਸਫ਼ਾ ਹੈ। ਜਿਸ ਇਨਸਾਨ ਨੇ ਇਨ੍ਹਾਂ ਤਿੰਨਾਂ ਸ਼ਬਦਾਂ ਦਾ ਮਹੱਤਵ ਸਮਝ ਲਿਆ ਤੇ ਆਪਣੇ ਜੀਵਨ 'ਚ ਇਨ੍ਹਾਂ ਨੂੰ ਲਾਗੂ ਕਰ ਲਿਆ, ਉਸ ਤੋਂ ਸੁਖੀ ਇਨਸਾਨ ਕੋਈ ਨਹੀਂ ਹੋ ਸਕਦਾ। ਗੁਰਸਿੱਖ ਜੀਵਨ ਦਾ ਤਾਂ ਆਧਾਰ ਹੀ ਸਬਰ, ਸ਼ੁਕਰ ਤੇ ਅਰਦਾਸ ਹੈ। ਸਬਰ ਭਾਵ ਪਰਮਾਤਮਾ ਜੋ ਵੀ ਕਰ ਰਿਹਾ ਹੈ, ਜੋ ਵੀ ਦੇ ਰਿਹਾ ਹੈ, ਸੁੱਖ ਚਾਹੇ ਦੁੱਖ, ਉਸ ਦੀ ਰਜ਼ਾ ਸਮਝ ਖਿੜੇ ਮੱਥੇ ਕਬੂਲ ਕਰਨਾ। ਸ਼ੁਕਰ ਭਾਵ ਪਰਮਾਤਮਾ ਦੀ ਬਖ਼ਸ਼ੀ ਹਰ ਦਾਤ ਲਈ, ਹਰ ਸਾਹ ਲਈ ਉੱਠਦੇ-ਬਹਿੰਦੇ ਉਸ ਮਾਲਕ ਦਾ ਸ਼ੁਕਰਾਨਾ ਕਰਨਾ। ਅਰਦਾਸ ਭਾਵ ਉਸ ਮਾਲਕ 'ਤੇ ਭਰੋਸਾ ਰੱਖ ਸੱਚੇ ਮਨੋ ਉਸ ਪਰਮਾਤਮਾ ਅੱਗੇ ਆਪਣੇ ਕਾਰਜ ਲਈ ਬੇਨਤੀ ਕਰਨੀ। ਅਸਲ 'ਚ ਸਬਰ ਪਰਮਾਤਮਾ ਦੀ ਬਖ਼ਸ਼ੀ ਉਹ ਦਾਤ ਹੈ, ਜੋ ਭਿਖਾਰੀ ਨੂੰ ਵੀ ਰਾਜਾ ਬਣਾ ਦਿੰਦੀ ਹੈ, ਜਿਸ ਦੇ ਅੰਦਰ ਸਬਰ ਨਹੀਂ, ਉਹ ਰਾਜਾ ਹੋ ਕੇ ਵੀ ਸਾਰੀ ਉਮਰ ਭਿਖਾਰੀ ਹੀ ਬਣਿਆ ਰਹਿੰਦਾ ਹੈ।
ਅੱਜ ਸਾਡੇ ਕੋਲ ਮਹਿਲਾਂ ਵਰਗੇ ਘਰ, ਵੱਡੀਆਂ ਗੱਡੀਆਂ, ਦੌਲਤ-ਸ਼ੌਹਰਤ ਹੈ ਪਰ ਇਹ ਸਭ ਹੋਣ ਦੇ ਬਾਵਜੂਦ ਵੀ ਅਸੀਂ ਖੁਸ਼ ਨਹੀਂ ਹਾਂ। ਨਾ ਤਾਂ ਸਾਡੇ ਵਿਹੜਿਆਂ ਵਿਚ ਹਾਸੇ ਗੂੰਜਦੇ ਹਨ ਤੇ ਨਾ ਹੀ ਸਾਡੇ ਮੁੱਖ 'ਤੇ ਉਹ ਰੌਣਕ ਦਿਖਾਈ ਦਿੰਦੀ ਹੈ। ਇਸ ਦਾ ਇਕੋ-ਇਕ ਕਾਰਨ ਹੈ ਕਿ ਸਾਡੇ ਅੰਦਰ ਸਬਰ, ਸ਼ੁਕਰ ਦਾ ਨਾ ਹੋਣਾ। ਸਾਨੂੰ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਹੀ ਨਹੀਂ ਆਉਂਦਾ। ਪਰਮਾਤਮਾ ਸਾਡੀ ਝੋਲੀ ਖੁਸ਼ੀਆਂ ਨਾਲ ਭਰ ਦਿੰਦਾ ਹੈ ਪਰ ਫੇਰ ਵੀ ਅਸੀਂ ਉਨ੍ਹਾਂ ਚੀਜ਼ਾਂ, ਉਨ੍ਹਾਂ ਇਨਸਾਨਾਂ ਲਈ ਸਾਰੀ ਉਮਰ ਝੂਰਦੇ ਹੀ ਰਹਿੰਦੇ ਹਾਂ, ਜੋ ਸਾਨੂੰ ਨਹੀਂ ਮਿਲਦੀਆਂ। ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਲਈ ਉਸ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ, ਸਗੋਂ ਬੇਲੋੜੀਆਂ ਚੀਜ਼ਾਂ ਲਈ ਉਸ ਨੂੰ ਹਮੇਸ਼ਾ ਕੋਸਦੇ ਰਹਿੰਦੇ ਹਾਂ। ਇਸ ਦਾ ਵੱਡਾ ਕਾਰਨ ਹੈ ਕਿ ਸਾਨੂੰ ਭਾਣਾ ਮੰਨਣਾ ਤੇ ਉਸ ਦੀ ਰਜ਼ਾ ਵਿਚ ਰਹਿਣਾ ਨਹੀਂ ਆਉਂਦਾ। ਜਿਸ ਇਨਸਾਨ ਨੂੰ ਮਾਲਕ ਦਾ ਭਾਣਾ ਮੰਨਣਾ ਤੇ ਉਸ ਦੀ ਰਜ਼ਾ 'ਚ ਰਹਿਣਾ ਆ ਜਾਵੇ, ਉਹ ਇਨਸਾਨ ਜ਼ਿੰਦਗੀ 'ਚ ਕਦੇ ਦੁਖੀ ਹੋ ਹੀ ਨਹੀਂ ਸਕਦਾ।
ਅਸਲ ਵਿਚ ਸਬਰ ਤੋਂ ਵੱਡੀ ਕੋਈ ਚੀਜ਼ ਹੈ ਹੀ ਨਹੀਂ ਤੇ ਜਿਸ ਇਨਸਾਨ ਨੂੰ ਸਬਰ ਤੇ ਸ਼ੁਕਰਾਨਾ ਕਰਨਾ ਆ ਗਿਆ, ਉਸ ਤੋਂ ਵੱਡਾ ਰਾਜਾ ਕੋਈ ਨਹੀਂ ਹੈ। ਜ਼ਿੰਦਗੀ ਤੋਂ ਜੇਕਰ ਸ਼ਿਕਾਇਤਾਂ ਵਧ ਜਾਣ ਤਾਂ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਵੇਖਣਾ ਚਾਹੀਦਾ ਹੈ। ਜੇਕਰ ਆਪਣੇ ਮਹਿਲ ਛੋਟੇ ਲੱਗਣ ਤਾਂ ਝੌਂਪੜੀ ਵਾਲੇ ਦਾ ਸਬਰ ਤੱਕਣਾ ਚਾਹੀਦਾ ਹੈ। ਆਪਣੀ ਗੱਡੀ ਜੇਕਰ ਛੋਟੀ ਲੱਗੇ ਤਾਂ ਸਾਈਕਲ ਵਾਲੇ ਦਾ ਸਬਰ ਵੇਖੋ। ਆਪਣੀਆਂ ਤਕਲੀਫ਼ਾਂ ਜੇਕਰ ਜ਼ਿਆਦਾ ਲੱਗਣ ਤਾਂ ਇਕ ਵਾਰ ਕਿਸੇ ਹਸਪਤਾਲ ਦਾ ਗੇੜਾ ਮਾਰ ਆਓ। ਪਰਿਵਾਰਕ ਝਗੜੇ ਜੇਕਰ ਤੰਗ ਕਰਨ ਤਾਂ ਇਕ ਵਾਰ ਅਨਾਥ ਆਸ਼ਰਮ, ਬਿਰਧ ਆਸ਼ਰਮ ਜਾਂ ਯਤੀਮ ਘਰ ਦਾ ਗੇੜਾ ਮਾਰ ਆਓ। ਤੁਹਾਨੂੰ ਜ਼ਿੰਦਗੀ ਦੇ ਅਸਲੀ ਅਰਥ ਤੇ ਉਸ ਮਾਲਕ ਦੀਆਂ ਦਾਤਾਂ ਦੀ ਸਮਝ ਆ ਜਾਵੇਗੀ।
ਸਮੱਸਿਆ ਸਿਰਫ਼ ਇਹੀ ਹੈ ਕਿ ਅਸੀਂ ਆਪਣੇ ਤੋਂ ਉੱਚੇ ਵੱਲ ਵੇਖ ਕੇ ਝੂਰਦੇ ਤਾਂ ਹਰ ਸਮੇਂ ਹਾਂ ਪਰ ਆਪਣੇ ਤੋਂ ਨੀਵੇਂ ਵੱਲ ਵੇਖ ਸ਼ੁਕਰਾਨਾ ਕਰਨਾ ਨਹੀਂ ਸਿੱਖਦੇ, ਜਿਸ ਇਨਸਾਨ ਕੋਲ ਦੋ ਵਕਤ ਦੀ ਰੋਟੀ ਹੈ, ਸਿਰ 'ਤੇ ਛੱਤ ਹੈ, ਤਨ ਢਕਣ ਲਈ ਕੱਪੜੇ ਹਨ ਤੇ ਸਭ ਤੋਂ ਜ਼ਰੂਰੀ ਤੰਦਰੁਸਤੀ ਹੈ, ਉਹ ਖੁਸ਼ਨਸੀਬ ਹੈ। ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ ਜੇਕਰ ਪਰਮਾਤਮਾ ਕਰ ਰਿਹਾ ਹੈ ਤਾਂ ਉਸ ਦੇ ਸ਼ੁਕਰਗੁਜ਼ਾਰ ਹੋਵੋ, ਨਾ ਕਿ ਦੂਸਰਿਆਂ ਦੀਆਂ ਖੁਸ਼ੀਆਂ ਵੇਖ ਉਸ ਨੂੰ ਕੋਸਣ ਲੱਗ ਜਾਵੋ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਪੈਸਾ ਕਦੇ ਵੀ ਤਹਾਨੂੰ ਖੁਸ਼ੀ ਨਹੀਂ ਦੇ ਸਕਦਾ, ਸਿਰਫ਼ ਤੁਹਾਡੀਆਂ ਲੋੜਾਂ ਦੀ ਪੂਰਤੀ ਕਰ ਸਕਦਾ ਹੈ। ਇਨਸਾਨ ਖੁਸ਼ ਉਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਸਕੂਨ ਮਿਲੇ ਤੇ ਸਕੂਨ ਉਦੋਂ ਹੀ ਮਿਲਦਾ ਹੈ, ਜਦੋਂ ਇਨਸਾਨ ਅੰਦਰ ਸਬਰ ਤੇ ਸ਼ੁਕਰ ਆ ਜਾਵੇ।
ਜ਼ਿੰਦਗੀ ਨੂੰ ਜੇਕਰ ਜਿਊਣਾ ਹੈ ਤਾਂ ਸਬਰ ਕਰਨਾ ਸਿੱਖੋ, ਉਸ ਮਾਲਕ ਦੀ ਰਜ਼ਾ 'ਚ ਖੁਸ਼ ਰਹਿਣਾ ਸਿੱਖੋ। ਈਰਖਾ ਤੇ ਨਫ਼ਰਤ ਕਰਨ ਵਾਲਾ ਇਨਸਾਨ ਕਦੇ ਖੁਸ਼ ਨਹੀਂ ਹੋ ਸਕਦਾ। ਅਜਿਹਾ ਇਨਸਾਨ ਸਾਹਮਣੇ ਵਾਲੇ ਦਾ ਤਾਂ ਨੁਕਸਾਨ ਕਰਦਾ ਹੀ ਹੈ, ਸਗੋਂ ਸਭ ਤੋਂ ਵੱਧ ਨੁਕਸਾਨ ਉਹ ਆਪਣਾ ਕਰਦਾ ਹੈ। ਹਮੇਸ਼ਾ ਪਿਆਰ, ਮੁਹੱਬਤ, ਖੁਸ਼ੀਆਂ, ਖੇੜੇ ਵੰਡੋ ਤੇ ਸਬਰ ਸਿਦਕ 'ਚ ਰਹਿਣਾ ਸਿੱਖੋ, ਜਿਸ ਦਿਨ ਤੁਹਾਡੇ ਮਨ ਦੀ ਭਟਕਣਾ ਖ਼ਤਮ ਹੋ ਜਾਵੇਗੀ, ਉਸ ਦਿਨ ਹਰ ਖੁਸ਼ੀ ਤੁਹਾਨੂੰ ਤੁਹਾਡੇ ਅੰਦਰੋਂ ਮਿਲੇਗੀ। ਬੇਲੋੜੀਆਂ ਚਿੰਤਾਵਾਂ ਛੱਡ ਕੇ ਇਕ ਵਾਰ ਉਸ ਮਾਲਕ 'ਤੇ ਭਰੋਸਾ ਕਰਕੇ ਵੇਖੋ, ਸੱਚੇ ਦਿਲੋਂ ਅਰਦਾਸ ਕਰਕੇ ਵੇਖੋ, ਤੁਹਾਡਾ ਹਰ ਕਾਰਜ ਉਹ ਆਪ ਪੂਰਾ ਕਰੇਗਾ। ਜ਼ਿੰਦਗੀ ਇਕ ਦਿਨ ਖ਼ੁਦ ਬਦਲ ਜਾਵੇਗੀ, ਬਸ ਲੋੜ ਹੈ ਉਸ ਦੀ ਰਜ਼ਾ ਨੂੰ ਸਮਝਣ ਦੀ, ਉਸ ਦੇ ਭਾਣੇ ਨੂੰ ਮੰਨਣ ਦੀ, ਸਬਰ ਦਾ ਪੱਲਾ ਫੜ ਹਰ ਸਾਹ ਲਈ ਉਸ ਦਾ ਸ਼ੁਕਰਾਨਾ ਕਰਨ ਦੀ ਅਤੇ ਸੱਚੇ ਦਿਲੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ।
-ਹੁਸ਼ਿਆਰਪੁਰ।
ਮੋਬਾਈਲ : 99150-33176