05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਆਵਤ ਇਕੇਲਾ ਜਾਤ ਇਕੇਲਾ॥

Ad Position 21
No active advertisement
ਅਜੀਤ ਡੈਸਕ 22-12-2025

ਅੱਜ ਦੇ ਪਦਾਰਥਵਾਦੀ ਯੁੱਗ ਵਿਚ ਵਿਗਿਆਨ ਵਲੋਂ ਮਿਲੀਆਂ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਕਰਕੇ ਮਨੁੱਖ ਕੋਲ ਸਮਾਂ ਤਾਂ ਬਹੁਤ ਬਚ ਰਿਹਾ ਹੈ, ਪਰ ਇਸ ਦੇ ਨਾਲ ਹੀ ਹਰ ਮਨੁੱਖ ਖ਼ੁਦ ਨੂੰ ਹੋਰ ਸਮੱਸਿਆਵਾਂ 'ਚ ਘਿਰਿਆ ਮਹਿਸੂਸ ਕਰ ਰਿਹਾ ਹੈ। ਉਹ ਸਮੱਸਿਆ ਹੈ ਇਕੱਲੇਪਣ ਦੀ। ਬਹੁਤ ਸਾਰੇ ਲੋਕਾਂ ਵਿਚ ਘਿਰੇ ਹੋਣ ਦੇ ਬਾਵਜੂਦ ਵੀ ਆਪਣੇ-ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨਾ ਇਕ ਪ੍ਰਕਾਰ ਦਾ ਮਨੋਵਿਗਿਆਨਕ ਰੋਗ ਵੀ ਹੈ।
ਇਕੱਲੇਪਣ ਤੋਂ ਉਲਟ ਇਕਾਂਤ ਇਕ ਵਰਦਾਨ ਹੈ। ਇਕੱਲੇਪਣ ਤੇ ਇਕਾਂਤ ਵਿਚ ਕਾਫ਼ੀ ਫ਼ਰਕ ਹੈ। ਦੋਨੋਂ ਵੱਖ-ਵੱਖ ਸਥਿਤੀਆਂ ਹਨ। ਇਕੱਲਾਪਣ ਇਕ ਨਾਕਾਰਾਤਮਕ ਸਥਿਤੀ ਹੈ। ਇਹ ਉਦਾਸੀ, ਚਿੰਤਾ ਅਤੇ ਡਿਪ੍ਰੈਸ਼ਨ ਦਾ ਕਾਰਨ ਬਣਦੀ ਹੈ ਪਰ ਇਕਾਂਤ ਇਕ ਸਾਕਾਰਾਤਮਕ ਸਥਿਤੀ ਹੈ, ਜਿੱਥੇ ਅਸੀਂ ਆਪਣੀ ਮਰਜ਼ੀ ਨਾਲ ਇਕੱਲੇ ਸਮਾਂ ਗੁਜ਼ਾਰਨਾ ਪਸੰਦ ਕਰਦੇ ਹਾਂ। ਇਹ ਥੋਪਿਆ ਹੋਇਆ ਨਹੀਂ, ਸਗੋਂ ਆਪਣੀ ਮਰਜ਼ੀ ਨਾਲ ਅਪਣਾਇਆ ਗਿਆ ਹੁੰਦਾ ਹੈ। ਇਸ ਵਿਚ ਅਸੀਂ ਬਿਨਾਂ ਕਿਸੇ ਦਖ਼ਲਅੰਦਾਜ਼ੀ ਦੇ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਇਹ ਰਚਨਾਤਮਕਤਾ ਤੇ ਆਤਮ ਚਿੰਤਨ ਨੂੰ ਵਧਾਉਂਦਾ ਹੈ। ਲੇਖਕਾਂ, ਕਲਾਕਾਰਾਂ, ਵਿਗਿਆਨੀ, ਸਾਧਕ ਤੇ ਅੰਤਰਮੁਖੀ ਲੋਕਾਂ ਲਈ ਇਕਾਂਤ ਕਿਸੇ ਸਵਰਗ ਤੋਂ ਘੱਟ ਨਹੀਂ। ਅਧਿਆਤਮਿਕਤਾ ਵਿਚ ਇਕਾਂਤ ਦਾ ਬਹੁਤ ਮਹੱਤਵ ਹੈ। ਅਧਿਆਤਮ ਆਤਮਾ ਦਾ ਵਿਗਿਆਨ ਹੈ। ਇਸ ਦਾ ਪਹਿਲਾ ਉਦੇਸ਼ ਆਪਣੇ-ਆਪ ਨੂੰ ਜਾਣਨਾ ਹੁੰਦਾ ਹੈ। ਜਦੋਂ ਤੱਕ ਭੌਤਿਕ ਜਗਤ ਦਾ ਸ਼ੋਰ ਹੈ, ਅਸੀਂ ਆਪਣੇ ਅੰਦਰ ਮੌਜੂਦ ਪਰਮਾਤਮਾ ਦੀ ਹੋਂਦ ਨੂੰ ਨਹੀਂ ਮਹਿਸੂਸ ਕਰ ਸਕਦੇ। ਸਾਡੀ ਚੇਤਨਾ ਨੂੰ ਉਸ ਅਵਸਥਾ ਤੱਕ ਪਹੁੰਚਣ ਲਈ ਇਕਾਂਤ ਦੀ ਜ਼ਰੂਰਤ ਹੁੰਦੀ ਹੈ। ਇਕਾਂਤ ਵਿਚ ਬੈਠ ਕੇ ਅਸੀਂ ਆਪਣੀ ਅੰਦਰ ਦੀ ਊਰਜਾ 'ਤੇ ਧਿਆਨ ਦੇ ਸਕਦੇ ਹਾਂ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਸਾਡਾ ਮਕਸਦ ਆਪਣੇ ਅੰਦਰ ਨਾਲ ਤਾਲਮੇਲ ਸਥਾਪਤ ਕਰਨਾ ਹੁੰਦਾ ਹੈ। ਇਕਾਂਤ ਵਿਚ ਹੀ ਸਾਧਕ ਪਰਮਾਤਮਾ ਨਾਲ ਗਹਿਰਾ ਸੰਬੰਧ ਸਥਾਪਤ ਕਰਦਾ ਹੈ। ਅਧਿਆਤਮ ਦੇ ਰਸਤੇ 'ਤੇ ਚੱਲਣ ਲੱਗਿਆਂ ਮੁਢਲੀ ਅਵਸਥਾ ਵਿਚ ਸਰੀਰਕ ਰੂਪ ਵਿਚ ਇਕਾਂਤ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਿਵੇਂ-ਜਿਵੇਂ ਅਸੀਂ ਇਸ ਰਾਹ 'ਤੇ ਅੱਗੇ ਵਧਦੇ ਜਾਂਦੇ ਹਾਂ ਤਾਂ ਸਾਧਕ ਅਭਿਆਸ ਰਾਹੀਂ ਏਨਾ ਕੁ ਪਰਪੱਕ ਹੋ ਜਾਂਦਾ ਹੈ ਕਿ ਉਹ ਹਰ ਹਾਲਤ ਵਿਚ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਇਕਾਂਤ ਦਾ ਅਹਿਸਾਸ ਕਰ ਸਕਦਾ ਹੈ। ਭਗਵਤ ਗੀਤਾ ਵਿਚ ਵੀ ਇਕਾਂਤ ਬਾਰੇ ਲਿਖਿਆ ਗਿਆ ਹੈ, 'ਯੋਗੀ ਨੂੰ ਆਪਣੇ ਇਕਾਂਤ ਨੂੰ ਮੋਕਸ਼ ਪ੍ਰਾਪਤੀ ਦੇ ਸਾਧਨ ਦੇ ਰੂਪ ਵਿਚ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਉਸ ਨੂੰ ਇਕਾਂਤ ਦਾ ਆਨੰਦ ਲੈਣਾ ਚਾਹੀਦਾ ਹੈ ਤੇ ਇਹ ਦ੍ਰਿੜ੍ਹ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਹਮੇਸ਼ਾ ਉਸ ਦੇ ਨਾਲ ਹੈ।' ਮਹਾਤਮਾ ਬੁੱਧ ਵੀ ਕਹਿੰਦੇ ਹਨ, 'ਮੂਰਖ ਨਾਲ ਚੱਲਣ ਨਾਲੋਂ ਇਕੱਲੇ ਚੱਲਣਾ ਬਿਹਤਰ ਹੈ। ਦੂਜਿਆਂ ਤੋਂ ਆਪਣੀਆਂ ਉਮੀਦਾਂ ਹੀ ਦੁੱਖਾਂ ਦਾ ਕਾਰਨ ਬਣਦੀਆਂ ਹਨ।'
ਗੁਰਬਾਣੀ ਅਨੁਸਾਰ ਮਨੁੱਖ ਇਸ ਦੁਨੀਆ ਵਿਚ ਇਕੱਲਾ ਹੀ ਆਇਆ ਹੈ ਤੇ ਇਕੱਲੇ ਹੀ ਇਕ ਦਿਨ ਤੁਰ ਜਾਣਾ ਹੈ:-
ਆਵਤ ਇਕੇਲਾ ਜਾਤ ਇਕੇਲਾ॥
ਹਮ ਤੁਮ ਸੰਗਿ ਝੂਠੇ ਸਭਿ ਬੋਲਾ॥
ਗੁਰਬਾਣੀ ਮਨੁੱਖ ਨੂੰ ਸਮਾਜ ਤੋਂ ਦੂਰ ਹੋਣ ਜਾਂ ਸੰਨਿਆਸ ਲੈਣ ਲਈ ਨਹੀਂ ਪ੍ਰੇਰਦੀ। ਇਹ ਸਾਨੂੰ ਸਿੱਖਿਆ ਦਿੰਦੀ ਹੈ ਕਿ ਅਸੀਂ ਸਮਾਜ ਵਿਚ ਵਿਚਰਦਿਆਂ ਵੀ ਆਪਣੇ ਕਰਮਾਂ ਰਾਹੀਂ ਪਰਮਾਤਮਾ ਨਾਲ ਜੁੜੇ ਰਹੀਏ। ਇਕਾਂਤ ਵਿਚ ਸਾਧਕ ਆਪਣੇ ਕਰਮਾਂ, ਭਾਵਨਾਵਾਂ 'ਤੇ ਵਿਚਾਰ ਕਰਦਾ ਹੈ, ਜਿਸ ਰਾਹੀਂ ਇਸ ਨੂੰ ਆਤਮ ਸੁਧਾਰ ਵਿਚ ਮਦਦ ਮਿਲਦੀ ਹੈ। ਆਧੁਨਿਕ ਮਨੁੱਖ ਦੀ ਤ੍ਰਾਸਦੀ ਹੈ ਕਿ ਮਨੁੱਖ ਨੂੰ ਇਕੱਲੇ ਰਹਿਣ ਤੋਂ ਬਹੁਤ ਡਰ ਲੱਗਦਾ ਹੈ। ਇਕੱਲੇ ਰਹਿਣ ਦੇ ਡਰ ਕਾਰਨ ਕਈ ਇਨਸਾਨ ਸਾਰੀ ਉਮਰ ਗ਼ਲਤ ਇਨਸਾਨਾਂ ਦੇ ਚੁੰਗਲ ਵਿਚ ਫਸ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਦੇ ਰਹਿੰਦੇ ਹਨ। ਇਕੱਲੇ ਹੋਣ ਤੋਂ ਡਰਨ ਦੀ ਲੋੜ ਨਹੀ, ਸਗੋਂ ਲੋੜ ਹੈ ਇਸ ਇਕਾਂਤ ਦੇ ਕੀਮਤੀ ਸਮੇਂ ਨੂੰ ਕਿਸੇ ਲੇਖੇ ਲਾਉਣ ਦੀ। ਫਿਰ ਕਿਉਂ ਨਾ ਲੋਕਾਂ ਦਾ ਸਾਥ ਮੰਗਣ ਦੀ ਬਜਾਏ ਓਸ 'ਸਰਬਉੱਚ ਸ਼ਕਤੀ' ਦਾ ਸੰਗ ਮੰਗੀਏ, ਜਿਸ ਨੂੰ ਪਾਉਣ ਤੋਂ ਬਾਅਦ ਹੋਰ ਕਿਸੇ ਸਾਥ ਦੀ ਲੋੜ ਨਹੀਂ ਰਹਿੰਦੀ।

-ਸ.ਹਾ. ਸਕੂਲ, ਸਤੀਏਵਾਲਾ, ਫਿਰੋਜ਼ਪੁਰ।
ਈ-ਮੇਲ: harpreet1975d@gmail.com

Ad Position 22
No active advertisement
ਪਿਛਲੀ ਖ਼ਬਰ ਉਸ ਜ਼ਮੀਨ 'ਚ ਫੁੱਲ ਕਿਵੇਂ ਖਿੜਨਗੇ ਜਿਥੇ ਅੱਜ ਕੰਡੇ ਬੀਜ ਰਹੇ ਹੋ। ਸਾਹਿਰ ਹੁਸ਼ਿਆਰਪੁਰੀ ਅਗਲੀ ਖ਼ਬਰ ਸਬਰ, ਸ਼ੁਕਰ ਤੇ ਅਰਦਾਸ
Ad Position 24