ਕੌਮਾਂਤਰੀ ਫੁਟਬਾਲ ਵਿਚ ਬੇਹੱਦ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲਾ ਫਰਾਂਸ ਦਾ ਫਾਰਵਰਡ ਖਿਡਾਰੀ ਉਸਮਾਨ ਡੈਂਬੇਲੇ ਅਜੋਕੇ ਸਮੇਂ ਦੇ ਚੋਟੀ ਦੇ ਖਿਡਾਰੀਆਂ ਦੀ ਗਿਣਤੀ ਵਿਚ ਸ਼ਾਮਿਲ ਹੈ। 15 ਮਈ 1997 ਨੂੰ ਫਰਾਂਸ ਦੇ ਵਰਨਾਨ ਵਿਖੇ ਜਨਮੇ ਉਸਮਾਨ ਨੇ ਆਪਣੇ ਖੇਡ ਦੀ ਸ਼ੁਰੂਆਤ ਫਰਾਂਸ ਦੀ ਕਲੱਬ ਸਟੇਡ ਰੇਨੀਸ ਤੋਂ ਸੀਜ਼ਨ 2015-16 ਵਿਚ ਕੀਤੀ ਸੀ, ਜਿਸ ਵਿਚ ਉਸ ਨੇ 26 ਮੈਚਾਂ ਵਿਚ 12 ਅਹਿਮ ਗੋਲ ਕੀਤੇ ਸਨ। 2016-17 ਵਿਚ ਬੋਰੁਸੀਆ ਡਾਰਟਮੁੰਡ ਵਲੋਂ ਖੇਡਦਿਆਂ ਉਸ ਨੇ 32 ਮੈਚਾਂ ਵਿਚ 6 ਗੋਲ ਕੀਤੇ ਸਨ ਅਤੇ ਬਾਰਸੀਲੋਨਾ ਕਲੱਬ ਵਲੋਂ 2017 ਤੋਂ 2023 ਤੱਕ ਖੇਡਦਿਆਂ 127 ਮੈਚਾਂ ਵਿਚ 24 ਗੋਲਾਂ ਦਾ ਯੋਗਦਾਨ ਪਾਇਆ ਸੀ। ਉਹ 2023 ਤੋਂ ਫਰਾਂਸ ਦੀ ਚੋਟੀ ਦੇ ਕਲੱਬ ਪੈਰਿਸ ਸੇਂਟ ਜਰਮੇਨ ਭਾਵ ਪੀ.ਐਸ.ਜੀ. ਵਲੋਂ ਖੇਡ ਰਿਹਾ ਹੈ ਅਤੇ ਹੁਣ ਤੱਕ 56 ਮੈਚਾਂ ਵਿਚ 24 ਮਹੱਤਵਪੂਰਨ ਗੋਲਾਂ ਦਾ ਯੋਗਦਾਨ ਪਾ ਚੁੱਕਾ ਹੈ। ਆਪਣੇ ਦੇਸ਼ ਫਰਾਂਸ ਵਲੋਂ ਵੀ ਬਤੌਰ ਸੀਨੀਅਰ ਖਿਡਾਰੀ ਉਸ ਨੇ 56 ਮੈਚ ਖੇਡੇ ਹਨ ਅਤੇ 7 ਗੋਲ ਕੀਤੇ ਹਨ। ਉਹ 2018 ਦਾ ਵਿਸ਼ਵ ਕੱਪ ਜਿੱਤਣ ਵਾਲੀ ਫਰਾਂਸ ਦੀ ਟੀਮ ਦਾ ਇਕ ਅਹਿਮ ਖਿਡਾਰੀ ਸੀ। ਇਸ ਤੋਂ ਇਲਾਵਾ 2022 ਦੇ ਵਿਸ਼ਵ ਕੱਪ ਵਿਚ ਉਪ ਜੇਤੂ ਰਹਿਣ ਵਾਲੀ ਫਰਾਂਸ ਦੀ ਟੀਮ ਦਾ ਵੀ ਉਹ ਮਹੱਤਵਪੂਰਨ ਖਿਡਾਰੀ ਸੀ। ਫੁਟਬਾਲ ਨੂੰ ਮੈਦਾਨ ਵਿਚ ਡਰਿਬਲਿੰਗ ਕਰਦਿਆਂ ਭਾਵ ਖਿਡਾਰੀਆਂ 'ਚੋਂ ਵਿੰਗੇ-ਟੇਡੇ ਤਰੀਕੇ ਨਾਲ ਪਾਰ ਲੈ ਕੇ ਜਾਣ ਦੀ ਸ਼ਾਨਦਾਰ ਮੁਹਾਰਤ ਰੱਖਣ ਵਾਲਾ ਉਸਮਾਨ ਦੋਵਾ ਪੈਰਾਂ ਨਾਲ ਗੇਂਦ ਨੂੰ ਅੱਗੇ ਵਧਾਉਣ ਵਿਚ ਮਾਹਿਰ ਹੈ।
ਗੱਲ ਕਰੀਏ ਜੇਕਰ ਸੀਜ਼ਨ 2024-25 ਦੇ ਚੈਂਪੀਅਨ ਲੀਗ ਦੀ ਤਾਂ ਇਸ ਵਿਚ ਪੈਰਿਸ ਸੇਂਟ ਜਰਮੇਨ ਦੀ ਟੀਮ ਇੰਟਰ ਮਿਲਾਨ ਨੂੰ ਫਾਈਨਲ ਵਿਚ 5-0 ਨਾਲ ਹਰਾ ਕੇ ਚੈਂਪੀਅਨ ਬਣੀ ਸੀ। ਟੂਰਨਾਮੈਂਟ ਵਿਚ ਉਸਮਾਨ ਨੇ 8 ਸ਼ਾਨਦਾਰ ਗੋਲ ਕੀਤੇ ਸਨ, 6 ਗੋਲਾਂ ਵਿਚ ਉਹ ਸਹਾਇਕ ਵੀ ਬਣਿਆ ਸੀ ਅਤੇ ਸੀਜ਼ਨ ਦੌਰਾਨ ਜ਼ਬਰਦਸਤ ਖੇਡ ਦਾ ਪਰਦਰਸ਼ਨ ਕਰਨ ਲਈ ਉਸਮਾਨ ਨੂੰ ਟੂਰਨਾਮੈਂਟ ਦਾ 'ਬੈਸਟ ਪਲੇਅਰ' ਐਲਾਨਿਆ ਗਿਆ ਸੀ। ਉਸ ਦੀ ਟੀਮ ਪੀ.ਐੱਸ.ਜੀ. ਨੇ ਇਸ ਸਾਲ 2025 ਵਿਚ ਤਿੰਨ ਟੂਰਨਾਮੈਂਟ ਜਿੱਤੇ ਹਨ, ਚੈਂਪੀਅਨ ਲੀਗ, ਯੂਏਫਾ ਸੁਪਰ ਕੱਪ ਅਤੇ 2024-25 ਦੀ ਲੀਗ-1। ਲੀਗ-1 ਟੂਰਨਾਮੈਂਟ ਵਿਚ ਉਸਮਾਨ ਨੇ ਸਭ ਤੋਂ ਵੱਧ 21 ਗੋਲ ਕੀਤੇ ਸਨ ਅਤੇ ਉਸ ਨੂੰ 'ਬੈਸਟ ਪਲੇਅਰ ਆਫ਼ ਦਿ ਸੀਜ਼ਨ' ਐਲਾਨਿਆ ਗਿਆ ਸੀ। ਉਸਮਾਨ ਨੇ 1 ਫਰਵਰੀ 2025 ਨੂੰ ਖੇਡੇ ਗਏ ਬਰੈਸਟ ਟੀਮ ਖ਼ਿਲਾਫ਼ ਇਕ ਮੈਚ ਵਿਚ ਹੈਟ੍ਰਿਕ ਵੀ ਲਗਾਈ ਸੀ। ਇਸੇ ਹੀ ਟੂਰਨਾਮੈਂਟ ਵਿਚ ਉਸ ਨੂੰ 'ਬੈਸਟ ਫਾਰਵਰਡ' ਖਿਡਾਰੀ ਵੀ ਐਲਾਨਿਆ ਗਿਆ ਸੀ। 13 ਅਗਸਤ 2025 ਨੂੰ ਖੇਡੇ ਯੂਏਫਾ ਸੁਪਰ ਕੱਪ ਵਿਚ ਪੀ.ਐਸ.ਜੀ. ਤੇ ਟੋਟੈਟਹਮ ਦੀਆਂ ਟੀਮਾਂ ਆਖਰੀ ਸਮੇਂ ਤੱਕ 2-2 ਗੋਲਾਂ ਨਾਲ ਬਰਾਬਰ ਰਹੀਆਂ ਸਨ ਅਤੇ ਮੈਚ ਦਾ ਫ਼ੈਸਲਾ ਪੈਨਲਟੀਆਂ ਨਾਲ ਕੀਤਾ ਗਿਆ ਸੀ ਅਤੇ ਪੀ.ਐਸ.ਜੀ. ਦੀ ਟੀਮ 4-3 ਪੈਨਲਟੀਆਂ ਨਾਲ ਜੇਤੂ ਰਹੀ ਸੀ। ਇਸ ਮੈਚ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਬਦਲੇ ਉਸਮਾਨ ਨੂੰ 'ਮੈਨ ਆਫ਼ ਦਿ ਮੈਚ' ਨਾਲ ਸਤਿਕਾਰਿਆ ਗਿਆ। ਜ਼ਿਕਰਯੋਗ ਹੈ ਕਿ 2024-25 ਦਾ ਫਰਾਂਸ ਕੱਪ ਵੀ ਪੀ.ਐਸ.ਜੀ. ਦੀ ਟੀਮ ਹੀ ਜਿੱਤੀ ਸੀ, ਜਿਸ ਵਿਚ ਇਸ ਟੀਮ ਨੇ ਰੀਮਸ ਟੀਮ ਨੂੰ 3-0 ਦੇ ਫ਼ਰਕ ਨਾਲ ਹਰਾਇਆ ਸੀ। ਦੱਸਣਾ ਬਣਦਾ ਹੈ ਕਿ ਇਸੇ ਸਾਲ ਹੋਏ ਫੀਫਾ ਕਲੱਬ ਵਿਸ਼ਵ ਕੱਪ ਵਿਚ ਪੀ.ਐੱਸ.ਜੀ. ਦੀ ਟੀਮ ਚੇਲਸੀ ਕੋਲੋਂ ਫਾਈਨਲ ਵਿਚ ਹਾਰ ਕੇ ਉਪ ਜੇਤੂ ਰਹੀ ਸੀ, ਪਰ ਇਸ ਟੀਮ ਨੇ ਸੈਮੀ ਫਾਈਨਲ ਵਿਚ ਵਿਸ਼ਵ ਦੀ ਚੋਟੀ ਦੀ ਟੀਮ ਰਿਅਲ ਮੈਡਰਿਡ ਨੂੰ 4-0 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ, ਜਿਸ ਵਿਚ ਇਕ ਗੋਲ ਡੈਂਬੇਲੇ ਨੇ ਕੀਤਾ ਸੀ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾ: 6284220595