ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਲਿਵਰਪੂਲ ਵਿਖੇ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਦੋ ਸੋਨੇ ਦੇ, ਇਕ ਚਾਂਦੀ ਤੇ ਇਕ ਕਾਂਸੀ ਦਾ ਕੁੱਲ ਚਾਰ ਤਗਮੇ ਜਿੱਤੇ। ਇਹ ਸਾਰੇ ਤਗਮੇ ਮਹਿਲਾ ਮੁੱਕੇਬਾਜ਼ਾਂ ਨੇ ਹੀ ਜਿੱਤੇ ਹਨ, ਜੋ ਇਹ ਦਰਸਾਉਂਦੇ ਹਨ ਕਿ ਭਾਰਤੀ ਮਹਿਲਾ ਮੁੱਕੇਬਾਜ਼ ਸਹੀ ਦਿਸ਼ਾ ਵੱਲ ਅੱਗੇ ਵਧ ਰਹੀਆਂ ਹਨ।
14 ਸਤੰਬਰ, 2025 ਦੀ ਸ਼ਾਮ ਨੂੰ ਰੋਹਤਕ ਦੇ ਰੁੜਕੀ ਪਿੰਡ ਦੀ 24 ਸਾਲਾ ਚੁਸਤ ਤੇ ਨਿਡਰ ਮੀਨਾਕਸ਼ੀ ਹੁੱਡਾ ਨੇ 48 ਕਿਲੋ ਵਰਗ ਵਿਚ ਕਜ਼ਾਕਿਸਤਾਨ ਦੀ ਅਨੁਭਵੀ ਨਾਜ਼ਿਮ ਕਿਜ਼ਾਈਬੇ ਨੂੰ 4-1 ਫ਼ਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਮੈਚ ਬਹੁਤ ਹੀ ਤਣਾਅ ਭਰਿਆ ਸੀ, ਕਿਉਂਕਿ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਅਸਤਾਨਾ 'ਚ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਫਾਈਨਲ 'ਚ ਕਿਜ਼ਾਈਬੇ ਦੇ ਸਾਹਮਣੇ ਮੀਨਾਕਸ਼ੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਮੀਨਾਕਸ਼ੀ ਨੇ ਬਦਲਾ ਲੈ ਲਿਆ। ਮੀਨਾਕਸ਼ੀ ਅਸਲ 'ਚ ਜੈਸਮੀਨ ਲੰਬੋਰੀਆ ਦੇ ਕਾਰਨਾਮਿਆਂ ਨੂੰ ਹੀ ਦੁਹਰਾ ਰਹੀ ਸੀ। ਜੈਸਮੀਨ ਨੇ ਮੀਨਾਕਸ਼ੀ ਤੋਂ ਪਹਿਲਾਂ 57 ਕਿਲੋ ਵਰਗ ਵਿਚ ਸੋਨ ਤਗਮਾ ਜਿੱਤਿਆ ਸੀ, ਜਿਸ ਨਾਲ ਭਾਰਤੀ ਕੈਂਪ 'ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਇਸ ਤੋਂ ਇਲਾਵਾ ਨੂਪੁਰ ਸ਼ਿਓਰਾਣ ਨੇ 80+ ਕਿਲੋ ਵਰਗ 'ਚ ਚਾਂਦੀ ਦਾ ਤਗਮਾ ਵੀ ਜਿੱਤਿਆ ਅਤੇ ਪੂਜਾ ਰਾਣੀ ਨੇ 80 ਕਿਲੋ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਭਾਰਤੀ ਮੁਹਿੰਮ ਨੂੰ ਪੂਰਾ ਕੀਤਾ।
ਮੀਨਾਕਸ਼ੀ ਲਈ ਇਹ ਸਿਰਫ਼ ਇਕ ਤਗਮਾ ਨਹੀਂ, ਇਕ ਯਾਤਰਾ ਦੀ ਮੰਜ਼ਿਲ ਸੀ, ਜੋ ਹਰਿਆਣਾ ਦੇ ਇਕ ਕੋਨੇ ਵਿਚ ਰੋਹਤਕ ਜ਼ਿਲ੍ਹੇ ਦੇ ਰੁੜਕੀ ਪਿੰਡ ਤੋਂ ਸ਼ੁਰੂ ਹੋਈ ਸੀ। ਇਹ 2013 ਦੀ ਗੱਲ ਹੈ, ਜਦੋਂ ਇਕ ਕਮਜ਼ੋਰ ਦਿਖਾਈ ਦੇਣ ਵਾਲੀ 12 ਸਾਲਾ ਮੀਨਾਕਸ਼ੀ ਕੋਚ ਵਿਜੇ ਹੁੱਡਾ ਦੀ ਸਥਾਨਕ ਅਕੈਡਮੀ 'ਚ ਇਤਫ਼ਾਕਨ ਪਹੁੰਚ ਗਈ ਸੀ। ਉਸ ਦੇ ਆਟੋ-ਰਿਕਸ਼ਾ ਚਾਲਕ ਪਿਤਾ ਸ੍ਰੀ ਕ੍ਰਿਸ਼ਨ ਬਹੁਤ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਸਨ, ਜਿਸ ਕਾਰਨ ਪਰਿਵਾਰ ਨੇ ਸ਼ੁਰੂ 'ਚ ਉਸ ਦੇ ਮੁੱਕੇਬਾਜ਼ੀ ਦੇ ਸੁਪਨਿਆਂ ਦਾ ਵਿਰੋਧ ਕੀਤਾ ਸੀ। ਪਰ ਮੀਨਾਕਸ਼ੀ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਘੰਟਿਆਂ ਦੀ ਅਣਥੱਕ ਮਿਹਨਤ ਨੇ ਉਸ ਨੂੰ ਨਿਡਰ ਲੜਕੀ ਬਣਾ ਦਿੱਤਾ। ਉਸ ਨੇ ਲਿਵਰਪੂਲ ਵਿਚ ਇਕ ਤੋਂ ਬਾਅਦ ਇਕ 'ਜੈਬ' ਲਾ ਕੇ ਆਪਣੇ ਸੁਪਨੇ ਨੂੰ ਪੂਰਾ ਕੀਤਾ।
ਜੇਕਰ ਮੀਨਾਕਸ਼ੀ ਦਾ ਕਿੱਸਾ ਬਦਲਾ ਲੈਣਾ ਸੀ ਤਾਂ ਜੈਸਮੀਨ ਦਾ ਸੋਨ ਤਗਮਾ ਮਜ਼ਬੂਤ ਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਸੀ। ਭਿਵਾਨੀ ਦੀ 24 ਸਾਲਾ ਜੈਸਮੀਨ ਦਾ ਮੁਕਾਬਲਾ ਪੋਲੈਂਡ ਦੀ ਜੂਲੀਆ ਨਾਲ ਸੀ। ਪੋਲਿਸ਼ ਮੁੱਕੇਬਾਜ਼ ਜੂਲੀਆ ਕੋਲ ਪਹੁੰਚ ਤੇ ਸ਼ਕਤੀ ਸੀ, ਜਿਸ ਦਾ ਜੈਸਮੀਨ ਨੇ ਲਗਾਤਾਰ ਬਚਾਅ ਅਤੇ ਜਵਾਬੀ ਹਮਲਿਆਂ ਨਾਲ ਮੁਕਾਬਲਾ ਕੀਤਾ। ਪਹਿਲੇ ਦੌਰ ਵਿਚ ਜੈਸਮੀਨ ਜੂਲੀਆ ਦੇ ਲੰਬੇ ਦੂਰੀ ਦੇ ਸ਼ਾਟਾਂ ਦਾ ਬਹੁਤਾ ਜਵਾਬ ਨਹੀਂ ਦੇ ਸਕੀ, ਹਾਲਾਂਕਿ ਦੂਜੇ ਦੌਰ ਵਿਚ ਉਸ ਨੇ ਵਧੀਆ ਬਚਾਅ ਕੀਤਾ ਅਤੇ ਜੂਲੀਆ ਦੇ ਸਰੀਰ 'ਤੇ ਇਕ ਤੋਂ ਬਾਅਦ ਇਕ ਸ਼ਕਤੀਸ਼ਾਲੀ ਵਾਰ ਕੀਤੇ ਅਤੇ ਪੋਲਿਸ਼ ਸਟਾਰ ਨੂੰ ਜੜ੍ਹੋਂ ਹਿਲਾ ਦਿੱਤਾ। ਇਸ ਤਰ੍ਹਾਂ ਜੈਸਮੀਨ ਨੇ 4-1 ਦੇ ਫ਼ਰਕ ਨਾਲ ਸੋਨ ਤਗਮਾ ਜਿੱਤ ਲਿਆ।
ਭਾਰਤ ਤੀਜੇ ਸੋਨੇ ਦੇ ਤਗਮੇ ਤੋਂ ਥੋੜ੍ਹਾ ਜਿਹਾ ਖੁੰਝ ਗਿਆ। ਹੈਵੀਵੇਟ ਮੁਕਾਬਲੇ 'ਚ ਨੂਪੁਰ ਪੋਲੈਂਡ ਦੀ ਅਗਤਾ ਤੋਂ 2-3 ਦੇ ਫ਼ਰਕ ਨਾਲ ਹਾਰ ਗਈ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨ ਪਿਆ। ਇਕ ਹੋਰ ਮੁਕਾਬਲੇ ਵਿਚ ਪੂਜਾ ਰਾਣੀ ਸੈਮੀਫਾਈਨਲ 'ਚ ਇੰਗਲੈਂਡ ਦੀ ਐਮਿਲੀ ਅਸਕੁਇਥ ਤੋਂ 1-4 ਨਾਲ ਹਾਰ ਗਈ ਤੇ ਉਸ ਨੂੰ ਵੀ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ।
-ਇਮੇਜ ਰਿਫਲੈਕਸ਼ਨ ਸੈਂਟਰ