ਪੰਜਾਬ ਦਾ ਪੈਰਾ ਅਥਲੀਟ ਐਸ਼ਪ੍ਰੀਤ ਸਿੰਘ ਆਪਣੇ ਛੋਟੇ ਕੱਦ ਦੀ ਪ੍ਰਵਾਹ ਨਾ ਕਰਦਾ ਹੋਇਆ ਦੋ ਸੋਨ ਤਗਮੇ ਜਿੱਤ ਕੇ ਰਾਸ਼ਟਰੀ ਜੇਤੂ ਬਣ ਗਿਆ ਹੈ। ਇਹ ਜੂਨੀਅਰ ਤੇ ਸਬ ਜੂਨੀਅਰ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ-2025 ਅਟਲ ਬਿਹਾਰੀ ਵਾਜਪਾਈ ਟ੍ਰੇਨਿੰਗ ਸੈਂਟਰ ਫਾਰ ਡਿਸੀਵਿਲਟੀ ਸਪੋਰਟਸ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ 29 ਅਗਸਤ ਤੋਂ 31 ਅਗਸਤ, 2025 ਤੱਕ ਕਰਵਾਈ ਗਈ, ਜਿਸ ਵਿਚ ਨੇਜ਼ਾ ਸੁੱਟਣ ਅਤੇ ਗੋਲਾ ਸੁੱਟਣ ਦੇ ਅਥਲੀਟ ਐਸ਼ਪ੍ਰੀਤ ਸਿੰਘ ਨੇ ਐਫ-40 ਕੈਟਾਗਿਰੀ 'ਚ 2 ਸੋਨ ਤਗਮੇ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। ਸਰੀਰਕ ਤੌਰ 'ਤੇ ਕੁਦਰਤੀ ਔਕੜਾਂ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਦਾ ਖੇਡਾਂ ਨਾਲ ਪਿਆਰ ਹੋਣਾ ਮਾਣ ਵਾਲੀ ਗੱਲ ਹੈ। ਜੇ ਉਸ ਨੂੰ ਦੇਸ਼ ਦਾ ਅਣਮੁੱਲਾ ਹੀਰਾ ਆਖ ਦੇਈਏ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਜੇਕਰ ਪੈਰਾ ਖਿਡਾਰੀਆਂ ਦੀ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਖਿਡਾਰੀ ਕੁਦਰਤੀ ਸਰੀਰਕ ਔਕੜਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਅੱਖਾਂ ਤੋਂ ਨਾ ਦਿਸਣ ਵਾਲੇ ਖਿਡਾਰੀ, ਅੱਖਾਂ ਦੀ ਰੌਸ਼ਨੀ ਘੱਟ ਵਾਲੇ ਖਿਡਾਰੀ, ਨਕਲੀ ਅੰਗਾਂ ਦਾ ਸਹਾਰਾ ਲੈ ਕੇ ਦੌੜਨ ਵਾਲੇ ਖਿਡਾਰੀ, ਵ੍ਹੀਲ ਚੇਅਰ ਦਾ ਸਹਾਰਾ ਲੈ ਕੇ ਚੱਲਣ ਵਾਲੇ ਖਿਡਾਰੀ ਅਤੇ ਮਾਨਸਿਕ ਤੌਰ ਸਮੱਸਿਆਵਾਂ ਨਾਲ ਜੂਝ ਰਹੇ ਅਤੇ ਛੋਟੇ ਕੱਦ ਵਾਲੇ ਖਿਡਾਰੀ ਹਿੱਸਾ ਲੈਂਦੇ ਹਨ। ਮਸਾਂ 123 ਕੁ ਸੈਂਟੀਮੀਟਰ ਕੱਦ ਦੇ ਮਾਲਕ ਪੈਰਾ ਅਥਲੀਟ ਐਸ਼ਪ੍ਰੀਤ ਸਿੰਘ ਨੂੰ ਜਦ ਮੈਂ ਪੁੱਛਿਆ ਜਦੋਂ ਸਾਰੇ ਤੁਹਾਨੂੰ ਛੋਟੂ-ਛੋਟੂ ਆਖਦੇ ਹਨ ਤਾਂ ਗੁੱਸਾ ਨਹੀਂ ਆਉਂਦਾ ਤਾਂ ਉਨ੍ਹਾਂ ਝਟ ਜਵਾਬ ਦਿੱਤਾ, ਸਰ ਜੀ ਹੁਣ ਨੀ ਆਉਂਦਾ ਪਹਿਲਾਂ ਆਇਆ ਕਰਦਾ ਸੀ। ਫਿਰ ਵਿਚਾਰਾਂ ਦੀ ਸਾਂਝ ਪਾਉਂਦਾ ਹੋਇਆ ਹੌਸਲੇ ਨਾਲ ਆਖਦਾ ਸਰ ਜੀ ਮੇਰੇ ਕੱਦ ਨੂੰ ਨਾ ਦੇਖੋ, ਇਹ ਦੇਖਣਾ ਮੇਰੀ ਥ੍ਰੋਅ ਹਵਾ ਨੂੰ ਕਿਵੇਂ ਗੰਢਾਂ ਪਾਉਂਦੀ ਜਾਂਦੀ ਹੈ। ਐਸ਼ਪ੍ਰੀਤ ਸਿੰਘ ਦਾ ਜਨਮ ਪਿਤਾ ਗੁਰਨਾਮ ਸਿੰਘ ਅਤੇ ਮਾਤਾ ਸੁਖਬੀਰ ਕੌਰ ਦੇ ਘਰ ਪਹਿਲੀ ਜਨਵਰੀ 2009 ਨੂੰ ਗੁਮਾਨਪੁਰਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਪਿਤਾ ਵਲੋਂ ਆਪਣਾ ਪੁੱਤਰ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਖੇਡ ਭਾਵਨਾ ਨਾਲ ਜੋੜਨਾ ਅਹਿਮ ਉਪਰਾਲਾ ਹੈ। ਮਿਹਨਤ ਮਜ਼ਦੂਰੀ ਕਰਕੇ ਪਾਲਣ ਵਾਲੇ ਪਰਿਵਾਰ ਵਲੋਂ ਪੈਰਾ ਅਥਲੀਟ ਦੀ ਹਰ ਲੋੜ ਨੂੰ ਪੂਰੀ ਕਰਨਾ, ਖੇਡਾਂ ਨਾਲ ਜੋੜੀ ਰੱਖਣਾ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਾ ਸਮਾਜ ਨੂੰ ਵੱਡੀ ਦੇਣ ਹੈ। ਐਸ਼ਪ੍ਰੀਤ ਸਿੰਘ ਮੁਢਲੀ ਸਿੱਖਿਆ ਗੁਮਾਨਪੁਰਾ ਤੋਂ ਪ੍ਰਾਪਤ ਕਰਨ ਉਪਰੰਤ ਅੱਜ-ਕੱਲ੍ਹ ਸਪੋਰਟਸ ਸਕੂਲ ਜਲੰਧਰ ਵਿਖੇ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਸਪੋਰਟਸ ਸਕੂਲ ਜਲੰਧਰ ਨੂੰ ਖੇਡਾਂ ਦਾ ਮੱਕਾ ਆਖਿਆ ਜਾਂਦਾ ਹੈ, ਇਸ ਸਕੂਲ ਦੇ ਖਿਡਾਰੀਆਂ ਨੇ ਕਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਅਨੇਕਾਂ ਮੱਲਾਂ ਮਾਰੀਆਂ ਹਨ। ਪੈਰਾ ਅਥਲੀਟਾਂ ਨੂੰ ਅਜਿਹੇ ਸਕੂਲਾਂ 'ਚ ਦਾਖ਼ਲਾ ਦੇਣਾ ਅਤੇ ਸਨਮਾਨ ਦੇਣਾ ਸਮਾਜ ਨੂੰ ਸੇਧ ਦੇਣ ਵਾਲਾ ਉਪਰਾਲਾ ਹੈ। ਐਸ਼ਪ੍ਰੀਤ ਸਿੰਘ ਸਪੋਰਟਸ ਸਕੂਲ ਜਲੰਧਰ ਵਿਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਖੇਡ ਟ੍ਰੇਨਿੰਗ ਖੇਡ ਗੁਰੂ ਬਿਕਰਮਜੀਤ ਸਿੰਘ ਕੋਲ ਕਰਦਾ ਹੈ। ਖੇਡ ਗੁਰੂ ਦਾ ਨੇਜ਼ਾ ਸੁੱਟਣ ਦੀ ਦੁਨੀਆ 'ਚ ਚੰਗਾ ਨਾਂਅ ਹੈ, ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਅਥਲੀਟ ਤਿਆਰ ਕਰ ਚੁੱਕਾ ਹੈ। ਗੁਰਪ੍ਰੀਤ ਸਿੰਘ ਬਾਜਵਾ ਜ਼ਿਲ੍ਹਾ ਖੇਡ ਅਫ਼ਸਰ ਜਲੰਧਰ ਵਲੋਂ ਐਸ਼ਪ੍ਰੀਤ ਸਿੰਘ ਨੂੰ ਪੂਰੇ ਜ਼ੋਰ-ਸ਼ੋਰ ਨਾਲ ਸਨਮਾਨ ਕਰਦੇ ਹੋਏ ਵਧਾਈ ਦਿੱਤੀ ਗਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਦਾ ਅਣਮੁੱਲਾ ਹੀਰਾ ਐਸ਼ਪ੍ਰੀਤ ਸਿੰਘ ਪੈਰਾ ਏਸ਼ੀਆ ਲਈ ਕੁਆਲੀਫਾਈ ਕਰ ਚੁੱਕਾ ਹੈ। ਉਹ ਦੇਸ਼ ਵਾਸ਼ੀਆਂ ਦੀਆਂ ਦੁਆਵਾਂ ਸਦਕਾ ਭਵਿੱਖ ਵਿਚ ਆਉਣ ਵਾਲੀਆਂ ਪੈਰਾ ਏਸ਼ੀਆਈ ਖੇਡਾਂ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਤਗਮੇ ਪ੍ਰਾਪਤ ਕਰਦਾ ਨਜ਼ਰ ਆਵੇਗਾ।
-ਪਿੰਡ+ਡਾਕ: ਬੌਂਦਲੀ, ਤਹਿ: ਸਮਰਾਲਾ, ਲੁਧਿਆਣਾ।
ਮੋਬਾ: 9876153007