23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਵਾਤਾਵਰਨ ਨਾਲ ਸਾਡਾ ਰਿਸ਼ਤਾ

Ad Position 21
No active advertisement
ਅਜੀਤ ਡੈਸਕ 05-06-2025

ਅੱਜ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਵਾਤਾਵਰਨ ਸਾਡੀ ਜ਼ਿੰਦਗੀ ਦਾ ਬੁਨਿਆਦੀ ਹਿੱਸਾ ਹੈ। ਇਹ ਸਿਰਫ਼ ਹਵਾ, ਪਾਣੀ, ਮਿੱਟੀ ਜਾਂ ਦਰੱਖਤਾਂ ਦਾ ਜੋੜ ਨਹੀਂ, ਸਗੋਂ ਮਨੁੱਖੀ ਜੀਵਨ ਦਾ ਅਧਾਰ ਵੀ ਹੈ। ਅਸੀਂ ਹਰ ਰੋਜ਼ ਜਿਸ ਹਵਾ ਵਿਚ ਸਾਹ ਲੈਂਦੇ ਹਾਂ, ਜੋ ਪਾਣੀ ਪੀਂਦੇ ਹਾਂ, ਜਿਸ ਧਰਤੀ 'ਤੇ ਕਦਮ ਰੱਖਦੇ ਹਾਂ, ਇਹ ਸਭ ਕੁਝ ਵਾਤਾਵਰਨ ਦਾ ਹੀ ਹਿੱਸਾ ਹੈ। ਇਹ ਸਾਡੇ ਨਾਲ ਇਕ ਅਦ੍ਰਿਸ਼ 'ਤੇ ਗਹਿਰਾ ਰਿਸ਼ਤਾ ਰੱਖਦਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ ਹੈ, ਪਰ ਆਧੁਨਿਕਤਾ ਦੇ ਨਾਂਅ 'ਤੇ ਹੋ ਰਹੀ ਤਬਾਹੀ ਨੇ ਇਸ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।
ਆਧੁਨਿਕ ਯੁੱਗ ਵਿਚ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵਿਗਿਆਨਕ ਵਿਕਾਸ ਨੇ ਮਨੁੱਖ ਨੂੰ ਆਪਣੇ ਰਿਸ਼ਤਿਆਂ ਤੋਂ ਵੱਖ ਕਰ ਦਿੱਤਾ ਹੈ। ਮਨੁੱਖ ਨੇ ਵਾਤਾਵਰਨ ਨੂੰ ਇਕ ਸਰੋਤ ਮੰਨ ਕੇ ਇਸ ਦੀ ਲੁੱਟਮਾਰ ਸ਼ੁਰੂ ਕਰ ਦਿੱਤੀ। ਦਰੱਖਤਾਂ ਦੀ ਬੇਧੜਕ ਕਟਾਈ, ਨਦੀਆਂ ਵਿਚ ਵਹਿ ਰਹੀ ਗੰਦਗੀ, ਮਿੱਟੀ ਦੀ ਉਪਜਾਊ ਸਮਰੱਥਾ ਦਾ ਨਾਸ਼ ਅਤੇ ਹਵਾ ਵਿਚ ਵਧਦਾ ਜਹਿਰੀਲਾਪਣ ਇਹ ਸਾਰੇ ਉਦਾਹਰਨ ਹਨ ਕਿ ਅਸੀਂ ਆਪਣਾ ਨੈਤਿਕ ਅਤੇ ਪ੍ਰਕ੍ਰਿਤਿਕ ਰਿਸ਼ਤਾ ਭੁੱਲ ਚੁੱਕੇ ਹਾਂ।
ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ, ਪ੍ਰਦੂਸ਼ਣ, ਬਾਇਓ ਡਾਈਵਰਸਿਟੀ ਦੀ ਘਾਟ ਕੁਦਰਤੀ ਬਿਪਤਾ ਵਿਚ ਵਾਧਾ ਹੋ ਰਿਹਾ ਹੈ। ਇਹ ਸਾਰੇ ਖ਼ਤਰੇ ਮਨੁੱਖੀ ਕਿਰਿਆਵਾਂ ਨਾਲ ਜੁੜੇ ਹੋਏ ਹਨ। ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ਵਿਚ ਹਰ ਸਾਲ ਲੱਖਾਂ ਲੋਕ ਹਵਾ ਜਾਂ ਪਾਣੀ ਦੇ ਪ੍ਰਦੂਸ਼ਣ ਕਾਰਨ ਮੌਤ ਦਾ ਸ਼ਿਕਾਰ ਬਣਦੇ ਹਨ। ਅਜਿਹੀ ਸਥਿਤੀ ਵਿਚ, ਸਾਡਾ ਵਾਤਾਵਰਨ ਨਾਲ ਟੁੱਟ ਰਿਹਾ ਰਿਸ਼ਤਾ ਨਾ ਸਿਰਫ਼ ਧਰਤੀ ਲਈ, ਸਗੋਂ ਮਨੁੱਖੀ ਜੀਵਨ ਲਈ ਵੀ ਖ਼ਤਰਾ ਬਣ ਚੁੱਕਾ ਹੈ।
ਇਸ ਪਿਛੋਕੜ ਵਿਚ, ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ 'ਵਿਸ਼ਵ ਵਾਤਾਵਰਨ ਦਿਵਸ' ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੀ ਧਰਤੀ ਅਤੇ ਆਪਣੇ ਵਾਤਾਵਰਨ ਲਈ ਇਕ ਵੱਡੀ ਜ਼ਿੰਮੇਵਾਰੀ ਰੱਖਦੇ ਹਾਂ। ਇਹ ਦਿਨ ਸਿਰਫ਼ ਰੁਝਾਨਾਂ ਜਾਂ ਰੈਲੀਆਂ ਦਾ ਨਹੀਂ, ਸਗੋਂ ਅੰਦਰੂਨੀ ਜਾਗਰੂਕਤਾ ਦਾ ਹੈ। ਹਰ ਸਾਲ ਵੱਖ-ਵੱਖ ਥੀਮਾਂ ਰਾਹੀਂ ਇਸ ਦਿਨ ਨੂੰ ਮਨਾਇਆ ਜਾਂਦਾ ਹੈ, ਜੋ ਲੋਕਾਂ ਨੂੰ ਵਾਤਾਵਰਨਕ ਸੰਕਟਾਂ ਦੀ ਗੰਭੀਰਤਾ ਨੂੰ ਸਮਝਾਉਂਦੀਆਂ ਹਨ।
ਸਾਡੇ ਰੋਜ਼ਾਨਾ ਦੇ ਜੀਵਨ ਵਿਚ ਅਸੀਂ ਵਾਤਾਵਰਨ ਲਈ ਬਹੁਤ ਕੁਝ ਕਰ ਸਕਦੇ ਹਾਂ। ਪਲਾਸਟਿਕ ਦੀ ਥਾਂ ਕੱਪੜੇ ਜਾਂ ਕਾਗਜ਼ ਦੇ ਥੈਲੇ ਵਰਤਣਾ, ਵਿਅਰਥ ਦੀ ਬਿਜਲੀ ਜਾਂ ਪਾਣੀ ਨੂੰ ਬਚਾਉਣਾ, ਜਨਤਕ ਆਵਾਜਾਈ ਜਾਂ ਸਾਈਕਲ ਵਰਤਣੀ, ਰੀਸਾਈਕਲਿੰਗ ਕਰਨੀ, ਪੌਦੇ ਲਗਾਉਣੇ। ਇਹ ਛੋਟੇ-ਛੋਟੇ ਕਦਮ ਜਦੋਂ ਇਕੱਠੇ ਹੋ ਜਾਂਦੇ ਹਨ, ਤਾਂ ਵੱਡੀ ਤਬਦੀਲੀ ਲਿਆਉਂਦੇ ਹਨ।
ਸਰਕਾਰਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ ਵੀ ਵਾਤਾਵਰਨ ਰੱਖਿਆ ਲਈ ਕਈ ਯਤਨ ਕੀਤੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਵਲੋਂ ਵਿਕਾਸ ਟੀਚੇ ਰੱਖੇ ਗਏ ਹਨ, ਜਿਨ੍ਹਾਂ ਵਿਚੋਂ ਕਈ ਟੀਚੇ ਵਾਤਾਵਰਨ ਨਾਲ ਜੁੜੇ ਹੋਏ ਹਨ। ਇਹ ਟੀਚੇ ਦੱਸਦੇ ਹਨ, ਧਰਤੀ ਦੀ ਸਿਹਤ ਦੀ ਬਲੀ ਬਿਨਾਂ ਦਿੱਤੇ ਵਿਕਾਸ ਕਿਵੇਂ ਕਰੀਏ।
ਨੌਜਵਾਨ ਪੀੜ੍ਹੀ ਦੀ ਭੂਮਿਕਾ ਇਥੇ ਬਹੁਤ ਅਹਿਮ ਹੋ ਜਾਂਦੀ ਹੈ। ਜੇ ਅਸੀਂ ਅਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਨ ਨਾਲ ਪਿਆਰ ਤੇ ਜ਼ਿੰਮੇਵਾਰੀ ਸਿਖਾਈਏ, ਤਾਂ ਇਹ ਰਿਸ਼ਤਾ ਆਉਣ ਵਾਲੇ ਸਮੇਂ ਵਿਚ ਹੋਰ ਮਜ਼ਬੂਤ ਹੋ ਸਕਦਾ ਹੈ। ਸਕੂਲਾਂ ਵਿਚ ਵਾਤਾਵਰਨ ਸੰਬੰਧੀ ਪਾਠ, ਪ੍ਰੈਕਟੀਕਲ ਗਤੀਵਿਧੀਆਂ ਤੇ ਮੀਡੀਆ ਰਾਹੀਂ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ।
ਅਸੀਂ ਇਹ ਨਹੀਂ ਭੁੱਲ ਸਕਦੇ ਕਿ ਜੇਕਰ ਧਰਤੀ ਸੁਰੱਖਿਅਤ ਹੋਵੇਗੀ ਤਾਂ ਹੀ ਮਨੁੱਖੀ ਜੀਵਨ ਭਵਿੱਖ ਵਿਚ ਕਾਇਮ ਰਹੇਗਾ। ਪ੍ਰਕ੍ਰਿਤੀ ਦੀ ਸੰਭਾਲ ਸਿਰਫ਼ ਵਿਕਲਪ ਨਹੀਂ, ਲਾਜ਼ਮੀ ਹੈ। ਅਸੀਂ ਜੇਕਰ ਆਪਣੇ ਜੀਵਨ ਨੂੰ ਆਧੁਨਿਕਤਾ ਅਤੇ ਪ੍ਰਕ੍ਰਿਤੀ ਦੋਵਾਂ ਨਾਲ ਹੀ ਜੁੜੇ ਰੱਖੀਏ ਤਾਂ ਇਕ ਸੰਤੁਲਿਤ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਦੀ ਕਲਪਨਾ ਕਰ ਸਕਦੇ ਹਾਂ।
ਵਾਤਾਵਰਨ ਨਾਲ ਸਾਡਾ ਰਿਸ਼ਤਾ ਸਿਰਫ਼ ਜੀਵਨ ਦੀ ਲੋੜ ਨਹੀਂ, ਸਗੋਂ ਸਾਡੀ ਪਛਾਣ, ਸਾਡੀ ਸੰਸਕ੍ਰਿਤੀ ਅਤੇ ਸਾਡਾ ਭਵਿੱਖ ਹੈ। ਆਓ, ਅੱਜ ਵਾਤਾਵਰਨ ਦਿਵਸ ਮੌਕੇ ਇਹ ਵਾਅਦਾ ਕਰੀਏ ਕਿ ਅਸੀਂ ਇਸ ਰਿਸ਼ਤੇ ਨੂੰ ਨਿਭਾਵਾਂਗੇ, ਸਾਂਭਾਂਗੇ ਅਤੇ ਮਜ਼ਬੂਤ ਕਰਾਂਗੇ, ਤਾਂ ਜੋ ਅਸੀਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਕ ਹਰੇ-ਭਰੇ ਸੰਸਾਰ ਵਿਚ ਸਾਹ ਲੈ ਸਕਣ।

-ਬਰਨਾਲਾ। ਮੋਬਾ : 98769-26873

Ad Position 22
No active advertisement
ਪਿਛਲੀ ਖ਼ਬਰ ਸਾਦਗੀ 'ਚ ਵੀ ਹੈ ਸੁੰਦਰਤਾ ਅਗਲੀ ਖ਼ਬਰ 21 ਨੂੰ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਆਂਧਰਾ ਪ੍ਰਦੇਸ਼ 'ਚ
Ad Position 24