ਅੱਜ ਜਨਮ ਦਿਵਸ 'ਤੇ ਵਿਸ਼ੇਸ਼
ਮਨੁੱਖਤਾ ਦੇ ਪੁਜਾਰੀ, ਸੇਵਾ ਦੇ ਮੁਜੱਸਮੇ, ਬੇਸਹਾਰਿਆਂ ਦਾ ਸਹਾਰਾ, ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ ਤੇ ਵਾਤਾਵਰਨ ਪ੍ਰੇਮੀ ਭਗਤ ਪੂਰਨ ਸਿੰਘ ਅਜਿਹੀ ਪ੍ਰੇਮ-ਪਿਆਰ ਵਾਲੀ ਅਦੁੱਤੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਤੋਂ ਤ੍ਰਿਸਕਾਰੇ/ਦੁਰਕਾਰੇ, ਦੀਨ-ਦੁਖੀਆਂ, ਅਪਾਹਜਾਂ, ਮੰਦਬੁੱਧੀ, ਲਾਵਾਰਸਾਂ ਦੀ ਨਿਸ਼ਕਾਮ ਸੇਵਾ ਲਈ ਅਰਪਣ ਕਰ ਦਿੱਤੀ ਸੀ। ਭਗਤ ਪੂਰਨ ਸਿੰਘ ਦੇ ਜੀਵਨ ਦਰਸ਼ਨ ਕਰਦਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਿਆਰ ਅਤੇ ਪਰਉਪਕਾਰੀ ਸੋਚ ਦਾ ਇਕ ਅਥਾਹ ਸਮੁੰਦਰ ਲੋਕ ਸੇਵਾ ਲਈ ਉਮੜ ਪਿਆ ਹੋਵੇ। ਜੇ ਕਿਸੇ ਨੇ ਸਮਾਜ ਭਲਾਈ ਦੀ ਜੀਵਨ-ਜਾਚ ਸਿੱਖਣੀ ਹੋਵੇ ਤਾਂ ਉਹ ਅਣਥੱਕ ਸੇਵਕ ਭਗਤ ਪੂਰਨ ਸਿੰਘ ਦੁਆਰਾ ਆਪਣੇ ਜੀਵਨ ਵਿਚ ਕੀਤੇ ਗਏ ਮਹਾਨ ਕਾਰਜਾਂ ਦਾ ਅਧਿਐਨ ਕਰ ਕੇ ਸੇਧ ਪ੍ਰਾਪਤ ਕਰ ਸਕਦਾ ਹੈ। ਉਹ ਲੋਕਾਂ 'ਚ ਸਮਾਜਿਕ ਚੇਤਨਾ ਪੈਦਾ ਕਰਨ ਲਈ ਵੀ ਨਿਰੰਤਰ ਆਪਣੀਆਂ ਲਿਖਤਾਂ ਰਾਹੀ ਯਤਨ ਕਰਦੇ ਰਹਿੰਦੇ ਸਨ।
'ਪਿੰਗਲਵਾੜੇ' ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ ਇਕ ਹਿੰਦੂ ਪਰਿਵਾਰ ਵਿਚ ਪਿਤਾ ਸ਼ਿੱਬੂ ਮਲ ਮਾਤਾ ਮਹਿਤਾਬ ਕੌਰ ਦੇ ਘਰ 4 ਜੂਨ 1904 ਈ: ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜੇਵਾਲ ਰੋਹਣੋਂ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰੇ ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਬਚਪਨ ਦਾ ਨਾਂਅ 'ਰਾਮਜੀ ਦਾਸ' ਸੀ। ਉਨ੍ਹਾਂ ਨੂੰ ਮਨੁੱਖੀ ਸੇਵਾ-ਭਾਵ ਦੇ ਸੰਸਕਾਰ ਆਪਣੀ ਮਾਤਾ ਕੋਲੋਂ ਮਿਲੇ, ਜੋ ਧਾਰਮਿਕ ਖ਼ਿਆਲਾਂ ਵਾਲੀ ਬਿਰਤੀ ਰੱਖਦੇ ਸਨ। 1905 ਵਿਚ ਜਦੋਂ ਪੰਜਾਬ 'ਚ ਪਲੇਗ ਦੀ ਬਿਮਾਰੀ ਫੈਲੀ ਤਾਂ ਉਨ੍ਹਾਂ ਦੇ ਮਾਤਾ-ਪਿਤਾ ਬਿਮਾਰਾਂ ਦੀ ਸੇਵਾ 'ਚ ਜੁਟ ਗਏ। ਫਿਰ ਜਦੋਂ ਪਿਤਾ ਦੁਆਰਾ ਲੋੜਵੰਦਾਂ ਨੂੰ ਦਿੱਤੇ ਹੋਏ ਕਰਜ਼ੇ ਦੇ ਰੂਪ 'ਚ ਪੈਸੇ ਉਨ੍ਹਾਂ ਨੂੰ ਵਾਪਸ ਨਾ ਮੁੜੇ ਤਾਂ ਉਨ੍ਹਾਂ ਦਾ ਸ਼ਾਹੂਕਾਰੇ ਦਾ ਕੰਮ ਖ਼ਤਮ ਹੋ ਗਿਆ ਤੇ ਘਰ 'ਚ ਗ਼ਰੀਬੀ ਆ ਗਈ ਪਰ ਫਿਰ ਜਿਵੇਂ-ਕਿਵੇਂ ਕਰਕੇ ਆਪ ਨੂੰ ਹਾਈ ਸਕੂਲ ਖੰਨੇ ਦੇ ਹੋਸਟਲ 'ਚ ਦਾਖ਼ਲ ਕਰਵਾਇਆ ਗਿਆ। 1923 'ਚ ਉਹ ਦਸਵੀਂ ਦਾ ਇਮਤਿਹਾਨ ਦੇਣ ਲੁਧਿਆਣੇ ਗਏ ਤੇ ਵਾਪਸੀ ਮੌਕੇ ਗੁਰਦੁਆਰਾ ਰੇਰੂ ਸਾਹਿਬ ਪਹੁੰਚ ਗਏ, ਜਿੱਥੇ ਉਹ ਲੰਗਰ ਘਰ 'ਚ ਸੇਵਾਦਾਰਾਂ ਦੀ ਸੇਵਾ ਤੇ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰਦੁਆਰਾ ਰੇਰੂ ਸਾਹਿਬ ਬਿਤਾਇਆ ਇਹੀ ਇਕ ਦਿਨ ਉਨ੍ਹਾਂ ਦੇ ਜੀਵਨ 'ਚ ਬਦਲਾਅ ਦਾ ਕਾਰਨ ਬਣਿਆ। ਸਿੱਖੀ ਸਰੂਪ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੇ ਵੀ ਆਪ ਨੂੰ ਸਿੱਖ ਧਰਮ ਵੱਲ ਪ੍ਰੇਰਿਤ ਕੀਤਾ।
ਉਨ੍ਹਾਂ ਦਾ ਦੀਨ-ਦੁਖੀਆਂ ਦੀ ਸੇਵਾ ਕਰਨ ਦਾ ਸਫ਼ਰ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਤੋਂ ਆਰੰਭ ਹੋਇਆ। ਹੋਇਆ ਇੰਝ ਕਿ 1934 ਵਿਚ ਚਾਰ ਕੁ ਸਾਲ ਦੇ ਇਕ ਲੂਲ੍ਹੇ-ਲੰਗੜੇ ਬੱਚੇ ਨੂੰ ਕੋਈ ਰਾਤ ਸਮੇਂ ਗੁਰਦੁਆਰਾ ਸਾਹਿਬ ਹੀ ਛੱਡ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਆਪ ਦੀ ਨਿਸ਼ਕਾਮ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਸ ਬੱਚੇ ਦੀ ਦੇਖ-ਰੇਖ ਦੀ ਸੇਵਾ ਆਪ ਨੂੰ ਸੌਂਪ ਦਿੱਤੀ। ਆਪ ਨੇ ਖਿੜੇ-ਮੱਥੇ ਇਹ ਸੇਵਾ ਪ੍ਰਵਾਨ ਕੀਤੀ ਤੇ ਬੱਚੇ ਦਾ ਨਾਂਅ ਪਿਆਰਾ ਸਿੰਘ ਰੱਖਿਆ। ਇਸ ਸਥਾਨ 'ਤੇ ਹੀ ਆਪ ਦਾ ਨਾਂਅ ਪੂਰਨ ਸਿੰਘ ਰੱਖਿਆ ਗਿਆ ਅਤੇ ਅਗਾਂਹ ਚੱਲ ਕੇ ਗਿਆਨੀ ਕਰਤਾਰ ਸਿੰਘ ਨੇ ਆਪ ਦੇ ਨਾਂਅ ਅੱਗੇ 'ਭਗਤ' ਲਾ ਦਿੱਤਾ। ਉਹ ਅਗਲੇ 14 ਸਾਲ ਤੱਕ ਜਿੱਥੇ ਵੀ ਗਏ, ਉਸ ਬੱਚੇ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਨਾਲ ਹੀ ਲੈ ਕੇ ਗਏ ਅਤੇ ਹੌਲੀ-ਹੌਲੀ ਇਹ 'ਪਿਆਰਾ' ਪਿੰਗਲਵਾੜੇ ਦੀ ਨੀਂਹ ਬਣ ਗਿਆ। 1947 'ਚ ਦੇਸ਼ ਦੀ ਵੰਡ ਸਮੇਂ ਭਗਤ ਪੂਰਨ ਸਿੰਘ ਲਾਹੌਰ ਤੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰਫ਼ਿਊਜੀ ਕੈਂਪ 'ਚ ਪਹੁੰਚੇ, ਜਿੱਥੇ ਉਹ ਰੋਗੀ, ਅਪਾਹਜਾਂ ਅਤੇ ਬਜ਼ੁਰਗਾਂ ਦੀ ਸੇਵਾ ਵਿਚ ਜੁਟ ਗਏ। ਕੈਂਪ ਖ਼ਤਮ ਹੋਣ ਤੋਂ ਬਾਅਦ, ਆਪ ਆਪਣੇ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਘਰ-ਘਰ ਉਗਰਾਹੀ ਕਰਦੇ। ਕੋਈ ਪੱਕਾ ਟਿਕਾਣਾ ਨਾ ਹੋਣ ਕਾਰਨ ਜਿੱਥੇ ਥਾਂ ਮਿਲਦੀ ਆਪ ਉੱਥੇ ਹੀ ਮਰੀਜ਼ਾਂ ਸਮੇਤ ਟਿਕਾਣਾਂ ਕਰ ਲੈਂਦੇ। ਫਿਰ ਇਕ ਲੰਮੇ ਸੰਘਰਸ਼ ਤੋਂ ਬਾਅਦ 1957 'ਚ ਅਧਿਕਾਰਤ ਤੌਰ 'ਤੇ ਪਿੰਗਲਵਾੜਾ ਹੋਂਦ 'ਚ ਆਇਆ।
ਉਨ੍ਹਾਂ ਨੇ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਦੇ ਗੁਰਬਾਣੀ ਸਿਧਾਂਤ ਅਨੁਸਾਰ ਬਿਨਾਂ ਕਿਸੇ ਜਾਤ-ਪਾਤ, ਰੰਗ-ਰੂਪ, ਧਰਮ, ਨਸਲ ਤੋਂ ਉੱਪਰ ਉੱਠ ਕੇ ਇਨ੍ਹਾਂ ਅੰਗਹੀਣ ਅਤੇ ਨਿਥਾਵੇਂ ਮਨੁੱਖਾਂ ਦੀ ਸੇਵਾ 'ਚ ਹੀ ਆਪਣਾ ਜੀਵਨ ਬਤੀਤ ਕਰ ਦਿੱਤਾ। ਭਗਤ ਪੂਰਨ ਸਿੰਘ ਜੀ ਨੂੰ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਲਈ ਅਨੇਕਾਂ ਮਾਣ-ਸਨਮਾਨ ਮਿਲੇ, ਜਿਨ੍ਹਾਂ 'ਚ ਪਦਮਸ੍ਰੀ ਪੁਰਸਕਾਰ, ਲੋਕ ਰਤਨ ਪੁਰਸਕਾਰ, ਹਾਰਮਨੀ ਐਵਾਰਡ, ਭਾਈ ਘਨੱਈਆ ਜੀ ਪੁਰਸਕਾਰ ਆਦਿ ਸ਼ਾਮਿਲ ਹਨ। ਜੂਨ 1984 'ਚ ਹੋਏ 'ਸਾਕਾ ਨੀਲਾ ਤਾਰਾ' ਦੇ ਮਗਰੋਂ ਆਪ ਨੇ ਪਦਮਸ੍ਰੀ ਪੁਰਸਕਾਰ ਰੋਸ ਵਜੋਂ ਵਾਪਸ ਕਰ ਦਿੱਤਾ ਸੀ। ਅੰਤ 5 ਅਗਸਤ 1992 ਨੂੰ ਇਕ ਲੰਮੀ ਬਿਮਾਰੀ ਕਾਰਨ ਇਹ ਦੈਵੀ ਪੁਰਸ਼ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਅਤੇ ਉਨ੍ਹਾਂ ਦੇ ਜਾਣ ਮਗਰੋਂ ਹੁਣ ਪਿੰਗਲਵਾੜਾ ਦਾ ਪ੍ਰਬੰਧ, ਉਨ੍ਹਾਂ ਦੇ ਦਰਸਾਏ ਪੂਰਨਿਆਂ 'ਤੇ ਉਨ੍ਹਾਂ ਦੀ ਉੱਤਰਾਧਿਕਾਰੀ ਡਾ. ਬੀਬੀ ਇੰਦਰਜੀਤ ਕੌਰ ਸੁਚੱਜੇ ਰੂਪ ਵਿਚ ਚਲਾ ਰਹੇ ਹਨ। ਭਾਰਤ ਸਰਕਾਰ ਵਲੋਂ ਉਨ੍ਹਾਂ ਦੀ ਪਹਿਲੀ ਜਨਮ ਸ਼ਤਾਬਦੀ ਮੌਕੇ 2004 'ਚ ਇਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਨਾਂਅ 'ਤੇ ਚੇਅਰ ਵੀ ਸਥਾਪਤ ਕੀਤੀ ਗਈ ਹੈ। ਪਿੰਗਲਵਾੜਾ ਵਿਖੇ ਸਥਾਪਤ ਅਜਾਇਬ ਘਰ ਉਨ੍ਹਾਂ ਦੁਆਰਾ ਮਨੁੱਖਤਾ ਲਈ ਕੀਤੀ ਘਾਲਣਾ ਨੂੰ ਰੂਪਮਾਨ ਕਰਦਾ ਹੈ।
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਹੁਸ਼ਿਆਰਪੁਰ।
ਮੋਬਾ: 9465576022