ਇੰਟਰਨੈੱਟ ਆਪਸ 'ਚ ਜੁੜੇ ਕੰਪਿਊਟਰ ਨੈੱਟਵਰਕਾਂ ਅਤੇ ਹਰ ਤਰ੍ਹਾਂ ਦੇ ਇਲੈੱਕਟ੍ਰਾਨਿਕ ਯੰਤਰਾਂ ਦੀ ਇਕ ਵਿਸ਼ਵਵਿਆਪੀ ਪ੍ਰਣਾਲੀ ਹੈ, ਜਿਸ ਰਾਹੀਂ ਅਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿੰਟਾਂ/ਸਕਿੰਟਾਂ ਵਿਚ ਲੈ ਸਕਦੇ ਹਾਂ। ਇੰਟਰਨੈੱਟ ਇਕ ਗਲੋਬਲ ਨੈੱਟਵਰਕ ਹੈ, ਜਿਸ ਰਾਹੀਂ ਦੁਨੀਆ ਭਰ ਦੇ ਆਈ.ਟੀ. ਯੰਤਰਾਂ ਵਿਚਕਾਰ ਸੁਖਾਲੀ ਸੰਚਾਰ ਵਿਵਸਥਾ ਕਾਇਮ ਕਰ ਕੇ ਡਾਟੇ ਦਾ ਅਦਾਨ-ਪ੍ਰਦਾਨ ਕਰ ਸਕਦੇ ਹਾਂ। ਇਹ ਵਰਲਡ ਵਾਈਡ ਵੈੱਬ, ਈਮੇਲ, ਸੋਸ਼ਲ ਮੀਡੀਆ ਤੇ ਸਟ੍ਰੀਮਿੰਗ ਮੀਡੀਆ ਵਰਗੀਆਂ ਸੇਵਾਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇੰਟਰਨੈੱਟ ਨਿੱਜੀ, ਜਨਤਕ, ਅਕਾਦਮਿਕ ਤੇ ਸਰਕਾਰੀ ਨੈੱਟਵਰਕਾਂ ਦੀ ਨੀਂਹ 'ਤੇ ਬਣਾਇਆ ਗਿਆ ਹੈ, ਜੋ ਪ੍ਰਕਾਸ਼ੀ ਰੇਸ਼ਿਆਂ (ਆਪਟੀਕਲ ਫਾਈਬਰ), ਵਾਇਰਲੈੱਸ ਤੇ ਉਪਗ੍ਰਹਿ ਲਿੰਕਾਂ ਵਰਗੀਆਂ ਵੱਖ-ਵੱਖ ਤਕਨੀਕਾਂ ਦੁਆਰਾ ਜੁੜਿਆ ਹੋਇਆ ਹੈ।
ਇੰਟਰਨੈੱਟ ਦੀ ਸ਼ੁਰੂਆਤ
ਇੰਟਰਨੈੱਟ ਦੀ ਸ਼ੁਰੂਆਤ 'ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ' ਦੇ 1969 ਦੇ ਸੰਚਾਰ ਵਿਵਸਥਾ ਕਾਇਮ ਕਰਨ ਦੇ ਸੰਕਲਪ ਤੋਂ ਹੋਈ ਹੈ। ਇਸ ਨੂੰ ਸੰਯੁਕਤ ਰਾਜ ਅਮਰੀਕਾ ਦੇ ਰੱਖਿਆ ਵਿਭਾਗ ਵਲੋਂ ਵਿਕਸਿਤ ਕੀਤਾ ਗਿਆ ਸੀ। ਇਸ ਤਕਨੀਕ ਦਾ ਮੂਲ ਉਦੇਸ਼ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸੰਚਾਰ ਰਾਹੀਂ ਆਪਸੀ ਅਦਾਨ-ਪ੍ਰਦਾਨ ਕਰਨਾ ਸੀ। ਸ਼ੁਰੂ ਵਿਚ ਇਸ ਦੇ ਸਿਰਫ ਚਾਰ ਨੋਡਲ ਪੁਆਇੰਟ ਸਨ, ਜਿਨ੍ਹਾਂ ਨੂੰ ਰਸਮੀ ਤੌਰ 'ਤੇ 'ਹੋਸਟ' ਕਿਹਾ ਜਾਂਦਾ ਸੀ। ਇਨ੍ਹਾਂ ਜ਼ਰੀਏ ਹੀ ਪਹਿਲਾਂ ਸੰਚਾਰ ਵਿਵਸਥਾ ਕਾਇਮ ਕਰ ਕੇ ਸੰਦੇਸ਼ ਭੇਜੇ ਜਾਣ ਲੱਗੇ ਸਨ। 1972 ਵਿਚ ਇਹ ਵੱਖ-ਵੱਖ ਦੇਸ਼ਾਂ 'ਚ 23 ਨੋਡਲ ਬਿੰਦੂਆਂ ਨਾਲ ਇਹ ਦੁਨੀਆ ਭਰ 'ਚ ਫੈਲ ਗਿਆ ਤੇ ਇੰਟਰਨੈੱਟ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ। ਪਹਿਲੀ ਜਨਵਰੀ, 1983 ਨੂੰ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੈੱਟਵਰਕ ਨੇ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ (ਟੀ.ਸੀ.ਪੀ./ਆਈ.ਪੀ.) ਦੀ ਵਰਤੋਂ ਕਰਕੇ ਅਧਿਕਾਰਤ ਤੌਰ 'ਤੇ ਇੰਟਰਨੈੱਟ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਡੀ.ਐਨ.ਐੱਸ., ਵਰਲਡ ਵਾਈਡ ਵੈੱਬ ਬ੍ਰਾਊਜ਼ਰ (ਡਬਲਿਊ ਡਬਲਿਊ ਡਬਲਿਊ), ਸਕ੍ਰਿਪਟਿੰਗ ਭਾਸ਼ਾਵਾਂ ਆਦਿ ਨਵੀਆਂ ਤਕਨੀਕਾਂ ਨਾਲ ਇੰਟਰਨੈੱਟ ਨੇ ਵੈੱਬ (ਕੰਪਿਊਟਰ ਨੈੱਟਵਰਕਾਂ ਦਾ ਜਾਲ) ਤੇ ਜਾਣਕਾਰੀ ਪ੍ਰਕਾਸ਼ਿਤ ਕਰਨ ਅਤੇ ਉਸ ਤੱਕ ਪਹੁੰਚ ਕਰਨ ਦਾ ਇਕ ਮਾਧਿਅਮ ਪ੍ਰਦਾਨ ਕੀਤਾ। 1990 ਵਿਚ ਟਿਮ ਬਰਨਰਸ-ਲੀ ਨੇ ਵਰਲਡ ਵਾਈਡ ਵੈੱਬ ਦੀ ਸਿਰਜਣਾ ਕੀਤੀ ਤੇ ਫਿਰ 1993 'ਚ ਮੋਜ਼ੇਕ ਵਰਗੇ ਉਪਭੋਗਤਾ-ਅਨੁਕੂਲ ਗ੍ਰਾਫਿਕਲ ਬ੍ਰਾਊਜ਼ਰਾਂ ਦੇ ਵਿਕਾਸ ਨੇ ਇੰਟਰਨੈੱਟ ਨੂੰ ਆਮ ਲੋਕਾਂ ਲਈ ਪਹੁੰਚਯੋਗ ਬਣਾਇਆ, ਜਿਸ ਨਾਲ ਇਸ ਦਾ ਤੇਜ਼ੀ ਨਾਲ ਵਿਕਾਸ ਹੋਇਆ।
ਇੰਟਰਨੈੱਟ ਦੀ ਦੁਨੀਆ: ਇਸ ਸਮੇਂ ਕਿਸੇ ਵੀ ਦੇਸ਼ ਕੋਲ ਇੰਟਰਨੈੱਟ ਦਾ ਪ੍ਰਸ਼ਾਸਨਿਕ ਕੰਟਰੋਲ ਨਹੀਂ ਹੈ। ਇਹ ਇਕ 'ਇੰਟਰਨਿਕ' ਨਾਮੀ ਚੁਣੇ ਹੋਏ ਸੰਗਠਨ ਦੁਆਰਾ ਹੀ ਕੰਟਰੋਲ ਕੀਤਾ ਜਾਂਦਾ ਹੈ, ਜਿਸ 'ਚ ਵਿਸ਼ਵ ਦੇ ਚੋਟੀ ਦੇ ਤਕਨੀਕੀ ਮਾਹਿਰ ਤੇ ਸਲਾਹਕਾਰ ਹੀ ਰੱਖੇ ਜਾਂਦੇ ਹਨ। ਇੰਟਰਨਿਕ ਦਾ ਇਕ ਹੈੱਡਕੁਆਟਰ ਕੈਨੇਡਾ ਦੇ ਓਟਾਵਾ (ਉਂਟਾਰੀਓ) 'ਚ ਸਥਿਤ ਹੈ। 1993 ਤੱਕ ਇਹ ਸੰਗਠਨ 'ਨਿਕ' ਵਜੋਂ ਹੀ ਜਾਣਿਆ ਜਾਂਦਾ ਸੀ। 1972 ਤੋਂ 1991 ਤੱਕ ਇਹ ਸੈਂਟਰ ਸਟੈਨਫੋਰਡ ਖੋਜ ਸੰਸਥਾ ਵਲੋਂ ਚਲਾਇਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਵਿਚ 'ਇੰਟਰਨਿਕ' ਦਾ ਹੈੱਡਕੁਆਟਰ ਮੈਲਬੋਰਨ ਵਿਚ ਹੈ। ਡਾਇਰੈਕਟਰੀ ਅਤੇ ਡਾਟਾਬੇਸ ਸੇਵਾਵਾਂ ਲਈ ਇਸ ਦਾ ਇਤਿਹਾਸਕ ਹੈੱਡਕੁਆਟਰ ਵਾਸ਼ਿੰਗਟਨ ਡੀ.ਸੀ. (ਅਮਰੀਕਾ) 'ਚ ਸਥਿਤ ਹੈ। ਮੌਜੂਦਾ ਸਮੇਂ 'ਚ ਮੂਲ 'ਇੰਟਰਨਿਕ ਫੰਕਸ਼ਨ' ਨੂੰ ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਨਡ ਨੇਮਜ਼ ਐਂਡ ਨੰਬਰਜ਼ (ਆਈ.ਸੀ.ਏ.ਐਨ.ਐਨ.) ਵਿਚ ਏਕੀਕ੍ਰਿਤ ਕੀਤਾ ਗਿਆ ਹੈ।
ਇੰਟਰਨੈੱਟ ਦੇ ਡਿੱਠੇ/ਅਣਡਿੱਠੇ ਸਰੂਪ: ਇੰਟਰਨੈੱਟ ਦੀ ਦੁਨੀਆ ਦੇ ਸਰੂਪ ਤਿੰਨ ਭਾਗਾਂ 'ਚ ਵੰਡੇ ਹੋਏ ਹਨ। ਕੰਪਿਊਟਰ ਅਤੇ ਮੋਬਾਈਲ ਦੀਆਂ ਸਕਰੀਨਾਂ 'ਤੇ ਇੰਟਰਨੈੱਟ ਦੇ ਆਰਾਮ ਨਾਲ ਖੁੱਲ੍ਹਣ ਵਾਲੇ ਪੰਨਿਆਂ/ਪੇਜਾਂ ਨੂੰ ਅਸੀਂ ਧਰਾਤਲ ਵੈੱਬ (ਸਰਫੇਸ ਵੈੱਬ) ਵੀ ਕਹਿੰਦੇ ਹਾਂ। ਜਾਣੀ ਕਿ ਜੇ ਵੈੱਬ ਇਕ ਵੱਡਾ ਇੰਟਰਨੈੱਟ ਰੂਪੀ ਸਮੁੰਦਰ ਹੈ ਤਾਂ ਸਾਨੂੰ ਦਿਸਣ ਵਾਲਾ ਸਰਫੇਸ ਵੈੱਬ ਇਸ ਸਮੁੰਦਰ ਦੇ ਧਰਾਤਲ 'ਤੇ ਤੈਰ ਰਿਹਾ ਹੈ। ਇਸ ਸਮੁੰਦਰ ਰੂਪੀ ਇੰਟਰਨੈੱਟ ਦੇ ਹੋਰ ਸਰੂਪਾਂ 'ਚ 'ਡੀਪ ਵੈੱਬ' ਇਕ ਅਜਿਹਾ ਸਰੂਪ ਹੈ, ਜਿਸ ਨੂੰ ਆਮ ਸਰਚ ਇੰਜਣਾਂ ਨਾਲ ਖੋਲ੍ਹਿਆ ਹੀ ਨਹੀਂ ਜਾ ਸਕਦਾ। ਇਹ ਸਰੂਪ 'ਡੀਪ ਵੈੱਬ' ਇੰਟਰਨੈੱਟ ਰੂਪੀ ਸਮੁੰਦਰ ਦਾ ਸਭ ਤੋਂ ਡੂੰਘਾ ਹਿੱਸਾ ਹੈ। ਇੰਟਰਨੈੱਟ ਦਾ ਅਗਲਾ ਸਰੂਪ 'ਡਾਰਕ ਵੈੱਬ' ਹੈ, ਜੋ ਇੰਟਰਨੈੱਟ ਰੂਪੀ ਸਮੁੰਦਰ ਦਾ ਤਲ ਹੈ। ਇਹ ਇਕ ਅਜਿਹੀ ਜਗ੍ਹਾ ਹੈ ਜਿੱਥੇ ਸਿਰਫ਼ ਵਿਸ਼ੇਸ਼ ਤਕਨਾਲੌਜੀਆਂ ਦੀ ਵਰਤੋਂ ਕਰ ਕੇ ਹੀ ਪਹੁੰਚਿਆ ਜਾ ਸਕਦਾ ਹੈ।
ਦਿਸਣ ਵਾਲਾ ਇੰਟਰਨੈੱਟ: ਇਸ ਨੂੰ 'ਵਿਜ਼ੀਬਲ ਵੈੱਬ' ਵੀ ਕਿਹਾ ਜਾਂਦਾ ਹੈ। ਇਸ ਦੇ ਪੰਨੇ ਵਿਸ਼ਵ ਵਿਆਪਕ ਵੈੱਬ ਦਾ ਉਹ ਹਿੱਸਾ ਹਨ, ਜੋ ਆਮ ਲੋਕਾਂ ਲਈ ਆਸਾਨੀ ਨਾਲ ਉਪਲਬਧ ਹਨ ਤੇ ਉਨ੍ਹਾਂ ਨੂੰ ਸਾਧਾਰਨ ਖੋਜ ਇੰਜਣਾਂ ਨਾਲ ਖੋਜਿਆ ਜਾ ਸਕਦਾ ਹੈ। ਇੰਟਰਨੈੱਟ ਦਾ ਉਹ ਹਿੱਸਾ ਜਿਸ ਨੂੰ ਸਰਚ ਇੰਜਣਾਂ ਦੁਆਰਾ 'ਇੰਡੈਕਸ' ਕੀਤਾ ਜਾ ਰਿਹਾ ਹੈ, ਨੂੰ 'ਸਰਫੇਸ ਵੈੱਬ ਜਾਂ 'ਵਿਜ਼ੀਬਲ ਵੈੱਬ' ਕਿਹਾ ਜਾਂਦਾ ਹੈ। ਇਸ ਵੈੱਬ ਪ੍ਰਣਾਲੀ 'ਚ ਅਸੀਂ ਫੇਸਬੁੱਕ, ਗੂਗਲ, ਯੂ-ਟਿਊਬ, ਈ-ਕਾਮਰਸ, ਵਿਕੀਪੀਡੀਆ, ਬਲੌਗਜ਼ ਤੇ ਵੈੱਬਸਾਈਟਾਂ ਨੂੰ ਆਸਾਨੀ ਨਾਲ ਖੋਲ੍ਹ ਸਕਦੇ ਹਾਂ। ਦਿਸਣ ਵਾਲੇ ਇੰਟਰਨੈੱਟ ਦਾ ਸਿਰਫ਼ 4% ਹਿੱਸਾ ਹੀ ਅਸੀਂ ਕੰਪਿਊਟਰ 'ਤੇ ਖੋਲ੍ਹ ਸਕਦੇ ਹਾਂ।
ਡੀਪ ਵੈੱਬ: ਇੰਟਰਨੈੱਟ ਦਾ ਇਹ ਹਿੱਸਾ ਵਿਸ਼ਵ ਵਿਆਪਕ ਵੈੱਬ (ਡਬਲਿਊ ਡਬਲਿਊ ਡਬਲਿਊ) ਦਾ ਉਹ ਹਿੱਸਾ ਹੈ, ਜਿਸ ਦੀ ਸਮੱਗਰੀ ਨੂੰ ਕਿਸੇ ਵੀ ਕਾਰਨ ਕਰਕੇ ਸਧਾਰਨ ਵੈੱਬ ਖੋਜ (ਸਰਚ) ਇੰਜਣਾਂ ਦੁਆਰਾ ਖੋਲ੍ਹਿਆ ਜਾਂ ਇੰਡੈਕਸ ਨਹੀਂ ਕੀਤਾ ਜਾ ਸਕਦਾ। ਕਹਿਣ ਤੋਂ ਭਾਵ ਕਿ ਇਹ ਆਮ ਤੌਰ 'ਤੇ ਨਹੀਂ ਖੋਲ੍ਹਿਆ ਜਾ ਸਕਦਾ। ਡੀਪ ਵੈੱਬ ਦੀ ਸਮੱਗਰੀ ਐਚਟੀਟੀਪੀ (http) ਫਾਰਮਾਂ ਦੇ ਪਿੱਛੇ ਲੁਕੀ ਹੋਈ ਹੁੰਦੀ ਹੈ। ਇੱਥੇ ਐਚਟੀਟੀਪੀ ਇਕ ਇੰਟਰਨੈੱਟ ਪ੍ਰੋਟੋਕਾਲ ਹੈ, ਜੋ ਇਹ ਨਿਯਮਤ ਕਰਦਾ ਹੈ ਕਿ ਵੈੱਬ ਸਰਚ ਇੰਜਣਾਂ ਅਤੇ ਕੰਪਿਊਟਰ ਸਰਵਰਾਂ ਰਾਹੀਂ ਜਾਣਕਾਰੀ ਤੇ ਸੰਚਾਰ ਕਿਵੇਂ ਪ੍ਰਦਾਨ ਕਰਨਾ ਹੈ? ਇਸ ਸਮੱਗਰੀ ਵਿਚ ਬਹੁਤ ਸਾਰੇ ਆਮ ਉਪਯੋਗ ਵੀ ਸ਼ਾਮਿਲ ਹਨ, ਜਿਵੇਂ ਵੈੱਬ ਮੇਲ, ਆਨਲਾਈਨ ਬੈਂਕਿੰਗ ਤੇ ਉਹ ਸੇਵਾਵਾਂ, ਜਿਨ੍ਹਾਂ ਲਈ ਉਪਭੋਗਤਾਵਾਂ ਨੂੰ ਭੁਗਤਾਨ ਕਰਨਾ ਪੈਂਦਾ ਹੈ। ਇਹ ਸਾਰੇ ਭੁਗਤਾਨ ਇਕ ਸੁਰੱਖਿਅਤ ਕੰਧ (ਪੇਅ ਵਾਲ) ਦੁਆਰਾ ਕੰਟਰੋਲ ਕੀਤੇ ਜਾਂਦੇ ਹਨ ਤੇ ਸੁਰੱਖਿਅਤ ਰੱਖੇ ਜਾਂਦੇ ਹਨ। ਉਦਾਹਰਨ ਵਜੋਂ ਵੀਡਿਓ ਆਨ ਡਿਮਾਂਡ, ਆਨਲਾਈਨ ਮੈਗਜ਼ੀਨ ਤੇ ਅਖਬਾਰਾਂ, ਆਨਲਾਈਨ ਖੋਜ ਪੱਤਰ ਅਤੇ ਜਰਨਲ ਆਦਿ ਸਭ ਡੀਪ ਵੈੱਬ ਦੀ ਪਰਤ ਵਿਚ ਹੀ ਸ਼ਾਮਿਲ ਹੁੰਦੇ ਹਨ।
ਡਾਰਕ ਵੈੱਬ: ਇਹ ਇੰਟਰਨੈੱਟ ਰੂਪੀ ਸਮੁੰਦਰ ਦੀ ਤੀਸਰੀ ਪਰਤ ਹੈ। ਕਾਲੇ ਵੈੱਬ ਨੂੰ ਜਾਣਕਾਰੀ ਤੇ ਪੰਨਿਆਂ ਦੀ ਇਕ ਐਸੀ ਪਰਤ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਤੱਕ ਸਿਰਫ਼ 'ਓਵਰਲੇਅ ਨੈੱਟਵਰਕ' ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਡਾਰਕ ਵੈੱਬ ਤੱਕ ਪਹੁੰਚਣ ਲਈ ਇਕ ਖ਼ਾਸ ਕਿਸਮ ਦੇ ਸਾਫਟਵੇਅਰ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਦਾ ਬਹੁਤ ਸਾਰਾ ਹਿੱਸਾ ਕੋਡ ਰਾਹੀਂ 'ਇਨਕ੍ਰਿਪਟ' ਕੀਤਾ ਹੁੰਦਾ ਹੈ। ਜ਼ਿਆਦਾਤਰ ਡਾਰਕ ਵੈੱਬ ਪੇਜ ਗੁੰਮਨਾਮ ਤੌਰ 'ਤੇ ਹੋਸਟ ਕੀਤੇ ਜਾਂਦੇ ਹਨ। ਡਾਰਕ ਵੈੱਬ 'ਚ ਹੀ 'ਡਾਰਕ ਨੈੱਟ' ਚਲਦਾ ਹੈ। ਇਸ ਨੂੰ 'ਟੋਰ' ਬ੍ਰਾਊਜ਼ਰ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ। ਪਰ ਡਾਰਕ ਨੈੱਟ ਨੂੰ ਚਲਾਉਣ ਲਈ ਫ੍ਰੀਕੈਟ, ਟੋਰ ਜੀ.ਐਨ.ਯੂ. ਨੈੱਟ, ਆਈ 2ਪੀ, ਵਨ ਸਵਾਰਮ, ਰੈਟਰੋਸ਼ੇਅਰ ਆਦਿ ਸਾਫਟਵੇਅਰ ਤਕਨੀਕਾਂ ਨਾਲ ਖੋਲ੍ਹਿਆ ਜਾ ਸਕਦਾ ਹੈ। ਕੰਪਿਊਟਰ ਹੈਕਰਜ਼, ਅਟੈਕ ਕਰਨ ਵਾਲੇ ਅਨਸਰ ਪੂਰੇ ਵਿਸ਼ਵ ਵਿਚ ਇਸੇ ਡਾਰਕ ਵੈੱਬ ਦੀ ਸਹਾਇਤਾ ਨਾਲ ਅੱਤਵਾਦ, ਗੈਂਗਵਾਦ, ਗੰਦਗੀ ਤੇ ਹੋਰ ਗਲਤ ਸੂਚਨਾਵਾਂ ਫੈਲਾਉਂਦੇ ਹਨ। 'ਸਿਸਕੋ' ਕੰਪਿਊਟਰ ਇਨਫਰਮੇਸ਼ਨ ਸਿਸਟਮ ਕੰਪਨੀ ਜਿਸ ਦਾ ਮੁੱਖ ਦਫ਼ਤਰ ਸਾਨਫਰਾਂਸਿਸਕੋ (ਅਮਰੀਕਾ) 'ਚ ਹੈ, ਇਹ ਪਤਾ ਲਾ ਲੈਂਦੀ ਹੈ ਕਿ ਡਾਰਕ ਵੈੱਬ, ਡੀਪ ਵੈੱਬ ਜਾਂ ਸਰਫੇਸ ਵੈੱਬ 'ਤੇ ਕੀ-ਕੀ ਜਾਣਕਾਰੀ ਉਪਲਬਧ ਹੈ। ਇਸ ਲਈ ਹਮਲਾਵਰਾਂ ਦੁਆਰਾ ਵਰਤੇ ਜਾਣ ਤੋਂ ਪਹਿਲਾਂ ਹੀ ਡਾਟਾ/ਜਾਣਕਾਰੀ ਦੀ ਰੱਖਿਆ ਤੇ ਸੁਰੱਖਿਆ ਲਈ ਕਦਮ ਚੁੱਕਣਾ ਆਸਾਨ ਹੋ ਜਾਂਦਾ ਹੈ।
'ਟੋਰ' ਸਾਫਟਵੇਅਰ ਦਾ ਕਾਰਜ: ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ, ਜਿਸ ਨੂੰ ਸਿਰਫ਼ ਵਿਸ਼ੇਸ਼ ਇਨਕ੍ਰਿਪਸ਼ਨ (ਕੋਡ) ਸਾਫਟਵੇਅਰ ਅਤੇ ਬ੍ਰਾਊਜ਼ਰ ਪ੍ਰੋਟੋਕਾਲ ਦੀ ਵਰਤੋਂ ਰਾਹੀਂ ਹੀ ਖੋਲ੍ਹਿਆ ਜਾ ਸਕਦਾ ਹੈ। 'ਟੋਰ' ਨਾਮਕ ਸੇਵਾ ਰਾਹੀਂ ਹੀ ਡਾਰਕ ਵੈੱਬ ਤੱਕ ਪਹੁੰਚਿਆ ਜਾ ਸਕਦਾ ਹੈ। 'ਟੋਰ' ਇਕ ਮੁਫ਼ਤ ਪ੍ਰੌਕਸੀ ਤੇ ਇਨਕ੍ਰਿਪਟਿਡ ਕੋਡ ਵਾਲਾ ਪ੍ਰੋਟੋਕਾਲ ਹੈ, ਜੋ ਉਪਭੋਗਤਾ ਦੇ ਆਈ.ਪੀ. ਐਡਰੈੱਸ ਦੇ ਪਤੇ ਤੇ ਸਥਾਨ ਦੇ ਵੇਰਵਿਆਂ ਨੂੰ ਲੁਕਾਉਂਦਾ ਹੈ। ਟੋਰ ਪ੍ਰੋਟੋਕਾਲ ਸੇਵਾ ਵਿਆਪਕ ਤੌਰ 'ਤੇ ਪ੍ਰਸਿੱਧ ਹੈ ਤੇ ਸੁਰੱਖਿਅਤ ਵੀ ਹੈ।
ਜ਼ੋਖ਼ਮ/ਪ੍ਰਭਾਵ: ਟੋਰ ਡਾਰਕ ਵੈੱਬ ਤੱਕ ਪਹੁੰਚ ਕਰਨਾ ਮਹੱਤਵਪੂਰਨ ਜ਼ੋਖ਼ਮ ਤੇ ਸੰਭਾਵੀ ਲਾਭਾਂ ਦੋਵਾਂ ਨੂੰ ਪੇਸ਼ ਕਰਨ ਦੀ ਯੋਗਤਾ ਰੱਖਦਾ ਹੈ। ਮੁੱਖ ਜ਼ੋਖ਼ਮਾਂ 'ਚ ਗ਼ੈਰ-ਕਾਨੂੰਨੀ ਸਮੱਗਰੀ, ਮਾਲਵੇਅਰ, ਘੁਟਾਲੇ ਤੇ ਸੰਭਾਵੀ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨਾ ਸ਼ਾਮਿਲ ਹੈ, ਖ਼ਾਸ ਕਰਕੇ ਦਮਨਕਾਰੀ ਸ਼ਾਸਨ ਵਾਲੇ ਦੇਸ਼ਾਂ ਵਿਚ। ਇਸ ਦੇ ਲਾਭਾਂ 'ਚ ਵਧੀ ਹੋਈ ਗੁਪਤਤਾ, ਸੈਂਸਰਸ਼ਿਪ ਨੂੰ ਬਾਈਪਾਸ ਕਰਨ ਦੀ ਯੋਗਤਾ, ਵਿਸਲਬਲੋਅਰਾਂ ਅਤੇ ਪੱਤਰਕਾਰਾਂ ਲਈ ਸੁਰੱਖਿਅਤ ਸੰਚਾਰ ਵੀ ਸ਼ਾਮਿਲ ਹਨ। ਟੋਰ ਸਾਫਟਵੇਅਰ ਦੁਆਰਾ ਪ੍ਰਦਾਨ ਕੀਤੀ ਗਈ ਸੁਰੱਖਿਆ ਕਾਰਨ ਹੀ ਸਾਈਬਰ ਅਪਰਾਧੀਆਂ ਦੀ ਇਕ ਵਿਸ਼ਾਲ ਸ਼੍ਰੇਣੀ ਇਸ ਸੇਵਾ ਦੀ ਵਰਤੋਂ ਆਪਣੀਆਂ ਸਰਗਰਮੀਆਂ ਨੂੰ ਲੁਕਾਉਣ ਲਈ ਕਰਦੀ ਹੈ, ਜਿਸ 'ਚ ਬਾਲ-ਪੋਰਨੋਗ੍ਰਾਫੀ ਦਾ ਧੰਦਾ, ਨਸ਼ੀਲੇ ਪਦਾਰਥਾਂ ਤੇ ਗ਼ੈਰ-ਕਾਨੂੰਨੀ ਹਥਿਆਰਾਂ ਦਾ ਵਪਾਰ, ਗੈਂਗਵਾਦ/ਅੱਤਵਾਦ ਅਤੇ ਹੋਰ ਬਹੁਤ ਸੰਵੇਦਨਸ਼ੀਲ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਸ਼ਾਮਿਲ ਹੁੰਦਾ ਹੈ। ਦਰਅਸਲ ਇਹ ਤਕਨਾਲੋਜੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਗ਼ੈਰ-ਕਾਨੂੰਨੀ ਸਮੱਗਰੀ ਨੂੰ ਖ਼ਤਮ ਕਰਨ ਦੀ ਯੋਗਤਾ ਨੂੰ ਸੀਮਤ ਕਰਦੀ ਹੈ, ਕਿਉਂਕਿ ਹੋਸਟ ਸ੍ਰੋਤਾਂ ਦੀ ਪਛਾਣ ਰਵਾਇਤੀ ਸਾਧਨਾਂ/ਤਕਨੀਕਾਂ ਨਾਲ ਨਹੀਂ ਕੀਤੀ ਜਾ ਸਕਦੀ। ਭਾਰਤ ਵਿਚ ਵੀ ਇੰਟਰਨੈੱਟ/ਸਾਈਬਰ ਜੁਰਮਾਂ ਤੋਂ ਬਚਾਅ ਲਈ ਹੁਣ ਨਵੇਂ ਕਾਨੂੰਨ ਬਣ ਰਹੇ ਹਨ ਤਾਂ ਕਿ ਇੰਟਰਨੈੱਟ 'ਤੇ ਸਿਰਫ਼ ਸਾਫ਼-ਸੁਥਰੇ ਕਾਰਜ ਹੀ ਕੀਤੇ ਜਾਣ। ਵਿਸ਼ਵ ਦੇ ਸਾਰੇ ਦੇਸ਼ ਆਪਣੀ ਅੰਦਰੂਨੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਈਜਾਦ ਕਰ ਰਹੇ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਅਜਿਹੇ ਸਾਈਬਰ ਜੁਰਮਾਂ 'ਤੇ ਨੱਥ ਪਾਉਣੀ ਸੌਖੀ ਹੋ ਸਕਦੀ ਹੈ।
-ਸਹਾਇਕ ਪ੍ਰੋਫੈਸਰ,
ਇੰਜੀਨੀਅਰਿੰਗ ਤੇ ਤਕਨਾਲੋਜੀ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜਨਲ ਕੈਂਪਸ-ਗੁਰਦਾਸਪੁਰ।
ਮੋਬਾਈਲ : 98880-29401