ਸਾਲ 1971 ਵਿਚ ਪਾਕਿਸਤਾਨ ਤੋਂ ਵੱਖ ਹੋ ਕੇ (ਪੂਰਬੀ ਪਾਕਿਸਤਾਨ) ਨੇ ਬੰਗਲਾਦੇਸ਼ ਦੇ ਰੂਪ ਵਿਚ ਇਕ ਆਜ਼ਾਦ ਦੇਸ਼ ਵਜੋਂ ਆਪਣੀ ਹੋਂਦ ਸਥਾਪਤ ਕਰਕੇ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੀ ਅਗਵਾਈ ਵਿਚ ਇਕ ਨਵੀਂ ਅੰਗੜਾਈ ਭਰੀ ਸੀ। ਮੁਜੀਬੁਰ ਉਸ ਸਮੇਂ ਹਰਮਨ ਪਿਆਰੇ ਆਗੂ ਸਨ। ਉਨ੍ਹਾਂ ਨੇ ਇਸ ਨਵੇਂ ਦੇਸ਼ ਨੂੰ ਲੋਕਤੰਤਰੀ ਲੀਹਾਂ 'ਤੇ ਪਾਉਣ ਦਾ ਪ੍ਰਣ ਕੀਤਾ ਸੀ। ਭਾਰਤ ਨੇ ਇਸ ਦੀ ਆਜ਼ਾਦੀ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਸੀ। ਇਸ ਲਈ ਮੁਜੀਬੁਰ ਰਹਿਮਾਨ ਭਾਰਤ ਦੇ ਧੰਨਵਾਦੀ ਵੀ ਸਨ ਅਤੇ ਆਉਂਦੇ ਸਮੇਂ ਵਿਚ ਭਾਰਤ ਨਾਲ ਮਿਲਵਰਤਣ ਅਤੇ ਮਿੱਤਰਤਾ ਦੇ ਸੰਬੰਧ ਬਣਾਈ ਰੱਖਣ ਦੇ ਚਾਹਵਾਨ ਸਨ। ਪਰ ਕੁਝ ਫ਼ੌਜੀ ਜਰਨੈਲਾਂ ਵਲੋਂ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਦਰਦਨਾਕ ਹੱਤਿਆ ਤੋਂ ਬਾਅਦ ਇਸ ਦੇਸ਼ ਦਾ ਪਾਸਾ ਇਕਦਮ ਪਲਟ ਗਿਆ। ਉਸ ਸਮੇਂ ਵਿਦੇਸ਼ ਵਿਚ ਹੋਣ ਕਰਕੇ ਮੁਜੀਬੁਰ ਰਹਿਮਾਨ ਦੀ ਲੜਕੀ ਸ਼ੇਖ਼ ਹਸੀਨਾ ਅਤੇ ਉਸ ਦੀ ਭੈਣ ਬਚ ਗਈਆਂ ਸਨ। ਇਸ ਤੋਂ ਬਾਅਦ ਲੰਮਾ ਸਮਾਂ ਉੱਥੇ ਸਿਆਸੀ ਅਸਥਿਰਤਾ ਵੀ ਬਣੀ ਰਹੀ। ਇਸਲਾਮਿਕ ਵਿਚਾਰਧਾਰਾ ਦੀਆਂ ਸਮਰਥਕ ਕਹਾਉਂਦੀਆਂ ਪਾਰਟੀਆਂ ਦਾ ਇਥੇ ਪ੍ਰਸ਼ਾਸਨ ਵੀ ਰਿਹਾ ਪਰ ਬਾਅਦ ਵਿਚ ਸ਼ੇਖ਼ ਹਸੀਨਾ ਦੀ ਪਾਰਟੀ ਅਵਾਮੀ ਲੀਗ ਸੱਤਾ ਵਿਚ ਆ ਗਈ। ਉਹ ਬੜੀ ਹੀ ਦ੍ਰਿੜ੍ਹ ਇਰਾਦੇ ਵਾਲੀ ਔਰਤ ਹੈ।
ਉਸ ਨੇ ਆਪਣੇ ਪਿਤਾ ਦੀ ਆਵਾਮੀ ਲੀਗ ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਵੱਡਾ ਰੋਲ ਅਦਾ ਕੀਤਾ ਸੀ, ਨੂੰ ਤਕੜਾ ਕਰਕੇ ਲੋਕਤੰਤਰੀ ਢੰਗ ਨਾਲ ਦੇਸ਼ ਦਾ ਪ੍ਰਸ਼ਾਸਨ ਸੰਭਾਲਿਆ ਅਤੇ ਲਗਾਤਾਰ ਚੋਣਾਂ ਜਿੱਤ ਕੇ ਤਿੰਨ ਕਾਰਜਕਾਲਾਂ ਤੱਕ ਪ੍ਰਸ਼ਾਸਨ ਚਲਾਇਆ। ਉਸ ਨੇ ਦੇਸ਼ ਦੀਆਂ ਕੱਟੜ ਇਸਲਾਮਿਕ ਪਾਰਟੀਆਂ ਦਾ ਵੀ ਸਖ਼ਤੀ ਨਾਲ ਸਾਹਮਣਾ ਕੀਤਾ ਅਤੇ ਭਾਰਤ ਨਾਲ ਵੀ ਆਪਣੇ ਮਜ਼ਬੂਤ ਸੰਬੰਧ ਬਣਾਈ ਰੱਖੇ। ਸ਼ੇਖ਼ ਹਸੀਨਾ ਦੇ ਕਾਰਜਕਾਲ ਵਿਚ ਆਰਥਿਕ ਪੱਖੋਂ ਬੰਗਲਾਦੇਸ਼ ਮਜ਼ਬੂਤ ਹੋਣਾ ਸੁਰੂ ਹੋ ਗਿਆ ਸੀ, ਪਰ ਇਸੇ ਦੌਰਾਨ ਕੱਟੜ ਇਸਲਾਮਿਕ ਪਾਰਟੀਆਂ ਨੇ ਪਾਕਿਸਤਾਨ ਅਤੇ ਚੀਨ ਦੀ ਮਦਦ ਨਾਲ ਉਥੇ ਜ਼ੋਰ ਫੜ ਲਿਆ। ਵੱਡੀ ਗਿਣਤੀ ਵਿਚ ਵਿਦਿਆਰਥੀ ਸੰਗਠਨਾਂ ਨੇ ਉਸ ਦੇ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ ਅਤੇ ਪਿਛਲੇ ਸਾਲ 2024 ਦੇ ਵਿਦਿਆਰਥੀ ਅੰਦੋਲਨ ਕਾਰਨ ਫਰਵਰੀ ਦੇ ਮਹੀਨੇ ਸ਼ੇਖ਼ ਹਸੀਨਾ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਭਾਰਤ ਵਿਚ ਸ਼ਰਨ ਲੈ ਲਈ। ਪੈਦਾ ਹੋਏ ਗੜਬੜੀ ਵਾਲੇ ਹਾਲਾਤ ਵਿਚ ਨੋਬਲ ਪੁਰਸਕਾਰ ਵਿਜੇਤਾ ਮੁਹੰਮਦ ਯੂਨੁਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਬਣਾਇਆ ਗਿਆ ਪਰ ਯੂਨੁਸ ਪੈਦਾ ਹੋਈ ਗੜਬੜ ਵਾਲੀ ਸਥਿਤੀ ਨੂੰ ਸੰਭਾਲਣ ਵਿਚ ਅਸਮਰੱਥ ਰਿਹਾ, ਅਤੇ ਅਜੇ ਤੱਕ ਵੀ ਉਥੇ ਗੜਬੜ ਵਾਲੇ ਹਾਲਾਤ ਬਣੇ ਹੋਏ ਹਨ। ਅੰਤਰਿਮ ਸਰਕਾਰ ਵਲੋਂ ਵੱਡੀ ਹਿਚਕਿਚਾਹਟ ਤੋਂ ਬਾਅਦ ਆਉਂਦੇ ਸਾਲ ਫਰਵਰੀ ਦੇ ਮਹੀਨੇ ਵਿਚ ਉੱਥੇ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਪਰ ਆਵਾਮੀ ਲੀਗ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ।
ਆਵਾਮੀ ਲੀਗ ਪਾਰਟੀ ਦਾ ਦੇਸ਼ ਵਿਚ ਵੱਡਾ ਆਧਾਰ ਰਿਹਾ ਹੈ। ਉਸ ਦੀ ਸ਼ਮੂਲੀਅਤ ਤੋਂ ਬਗ਼ੈਰ ਕਿਸੇ ਵੀ ਹਾਲਾਤ ਵਿਚ ਕਰਵਾਈਆਂ ਗਈਆਂ ਚੋਣਾਂ ਨੂੰ ਜਿੱਥੇ ਸਹੀ ਨਹੀਂ ਠਹਿਰਾਇਆ ਜਾ ਸਕੇਗਾ, ਉੱਥੇ ਇਨ੍ਹਾਂ ਵਿਚ ਕੱਟੜਪੰਥੀ ਇਸਲਾਮਿਕ ਤੱਤਾਂ ਦੇ ਭਾਰੂ ਹੋਣ ਦੇ ਸਪੱਸ਼ਟ ਸੰਕੇਤ ਵੀ ਮਿਲਦੇ ਹਨ। ਚੱਲ ਰਹੇ ਅਜਿਹੇ ਅਸਥਿਰ ਸਮੇਂ ਵਿਚ ਪਿਛਲੇ ਦਿਨੀਂ ਹੋਈ ਗੜਬੜ ਦੌਰਾਨ ਵੱਡੇ ਵਿਦਆਰਥਈ ਆਗੂ ਉਸਮਾਨ ਹਾਦੀ ਜਿਸ ਨੇ 2024 ਦੇ ਅੰਦੋਲਨ ਵਿਚ ਅਹਿਮ ਰੋਲ ਨਿਭਾਇਆ ਸੀ, ਦੀ ਨਕਾਬਪੋਸ਼ਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਇਸ ਤੋਂ ਬਾਅਦ ਹਾਲਾਤ ਫੇਰ ਪੂਰੀ ਤਰ੍ਹਾਂ ਗੜਬੜ ਵਾਲੇ ਬਣ ਗਏ ਹਨ। ਹਾਦੀ ਵਿਦਿਆਰਥੀ ਅੰਦੋਲਨ ਦਾ ਬੁਲਾਰਾ ਸੀ ਅਤੇ ਭਾਰਤ ਵਿਰੁੱਧ ਲਗਾਤਾਰ ਅੱਗ ਉਗਲਣ ਕਰਕੇ ਕੱਟੜ ਪੰਥੀਆਂ ਵਿਚ ਹਰਮਨ ਪਿਆਰਾ ਸੀ। ਉਸ ਦੀ ਮੌਤ ਤੋਂ ਬਾਅਦ ਇਕ ਵਾਰ ਫਿਰ ਇਹ ਦੇਸ਼ ਹਿੰਸਾ ਦੀਆਂ ਲਪਟਾਂ ਵਿਚ ਘਿਰ ਚੁੱਕਾ ਹੈ। ਪਿਛਲੀ ਦਿਨੀਂ ਭੜਕੀਆਂ ਭੀੜਾਂ ਵਲੋਂ ਤਿੰਨ ਅਖ਼ਬਾਰਾਂ ਪ੍ਰੋਥੋਮ ਆਲੋ, ਦਾ ਡੇਲੀ ਸਟਾਰ ਅਤੇ ਨਿਊ ਏਜ ਦੇ ਦਫ਼ਤਰਾਂ ਨੂੰ ਇਸ ਲਈ ਅੱਗ ਲਗਾ ਦਿੱਤੀ ਗਈ ਕਿਉਂਕਿ ਉਨ੍ਹਾਂ ਬਾਰੇ ਇਹ ਪ੍ਰਭਾਵ ਸੀ ਕਿ ਉਹ ਸ਼ੇਖ਼ ਹਸੀਨਾ ਦਾ ਦਮ ਭਰਦੇ ਹਨ। ਇਕ ਹੋਰ ਸ਼ਹਿਰ ਮੈਮਨ ਸਿੰਘ ਵਿਚ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ 'ਤੇ ਈਸ਼ਨਿੰਦਾ ਦਾ ਇਲਜ਼ਾਮ ਲਗਾ ਕੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਅਤੇ ਫਿਰ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ।
ਇਸ ਸਮੇਂ ਉੱਥੋਂ ਦੀ ਯੂਨੁਸ ਸਰਕਾਰ ਪੂਰੀ ਤਰ੍ਹਾਂ ਬੇਬਸ ਹੋਈ ਨਜ਼ਰ ਆ ਰਹੀ ਹੈ ਅਤੇ ਉਥੇ ਫਰਵਰੀ 'ਚ ਹੋਣ ਵਾਲੀਆਂ ਚੋਣਾਂ ਸੰਬੰਧੀ ਵੀ ਅਨਿਸਚਿਤਾ ਬਣਦੀ ਨਜ਼ਰ ਆ ਰਹੀ ਹੈ। ਇਸਲਾਮਿਕ ਸੰਗਠਨਾਂ ਵਲੋਂ ਭਾਰਤ ਵਿਰੁੱਧ ਪ੍ਰਚਾਰ ਹੋਰ ਵੀ ਤਿੱਖਾ ਕਰ ਦਿੱਤਾ ਗਿਆ ਹੈ, ਜਿਸ ਨਾਲ ਭਾਰਤ ਦਾ ਚਿੰਤਤ ਹੋਣਾ ਕੁਦਰਤੀ ਹੈ। ਗੁਆਂਢੀ ਮੁਲਕ ਵਿਚ ਪੈਦਾ ਹੋਏ ਅਜਿਹੇ ਹਾਲਾਤ ਦਾ ਕਿਸੇ ਨਾ ਕਿਸੇ ਰੂਪ ਵਿਚ ਭਾਰਤ 'ਤੇ ਪ੍ਰਭਾਵ ਪੈਂਦਾ ਰਹੇਗਾ, ਜੋ ਭਾਰਤ ਲਈ ਹਮੇਸ਼ਾ ਇਕ ਚੁਣੌਤੀ ਵਾਲੀ ਸਥਿਤੀ ਹੋਵੇਗੀ। ਪਹਿਲਾਂ ਹੀ ਅਨੇਕਾਂ ਚੁਣੌਤੀਆਂ ਦੇ ਸਿਲਸਿਲੇ ਵਿਚ ਵਿਚ ਇਹ ਇਕ ਹੋਰ ਨਵੀਂ ਕੜੀ ਜੁੜ ਜਾਏਗੀ, ਜਿਸ ਲਈ ਭਾਰਤ ਨੂੰ ਆਉਂਦੇ ਸਮੇਂ ਵਿਚ ਹਰ ਪੱਖ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ