ਅਕਸਰ ਇਹ ਸ਼ਬਦ ਇਕ ਸਥਿਤੀ ਬਣ ਸਾਡੇ ਦਿਮਾਗ ਵਿਚ ਉਪਜਦਾ ਹੈ, ਕਈ ਵਾਰ ਤਾਂ ਹਲਚਲ ਜਿਹੀ ਮਚਾ ਦਿੰਦਾ ਹੈ। ਅਰਥ ਸਮਝੀਏ ਤਾਂ 'ਦੁਬਿਧਾ' ਮਤਲਬ ਦੋ ਵਿਧਾਨ, ਵਿਧੀਆਂ, ਦੋ ਰਸਤੇ, ਦੋ ਹਲ ਆਦਿ ਹਨ। ਦੁਬਿਧਾ ਬਾਰੇ ਗੁਰਬਾਣੀ ਵੀ ਸਾਡਾ ਮਾਰਗ ਦਰਸ਼ਨ ਕਰਦੀ ਹੈ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫ਼ਾ ਵਿਛਾਇ॥
(ਬਸੰਤ ਮਹਲਾ ੫, ਘਰ ੨ ਹਿੰਡੋਲ)
ਜ਼ਿੰਦਗੀ 'ਚ ਵਿਚਰਦਿਆਂ ਤੇ ਕਰਮ ਕਰਦਿਆਂ ਹਰ ਇਨਸਾਨ ਹੀ ਦੁਬਿਧਾ ਦਾ ਸਾਹਮਣਾ ਕਰਦਾ ਹੈ। ਦੁਬਿਧਾ ਜੇ ਵੇਖਿਆ ਜਾਵੇ ਤਾਂ ਇਕ ਚੋਣ ਦੀ ਤਰ੍ਹਾਂ ਹੈ, ਜਿਸ ਦਾ ਨਤੀਜਾ ਆਉਣ ਤੱਕ ਅਸੀਂ ਅਸਥਿਰ ਜਿਹੇ ਰਹਿੰਦੇ ਹਾਂ। ਉਦੋਂ ਜਦ ਦੋ ਵਿਚਾਰ ਮਨ ਵਿਚ ਹਲਚਲ ਮਚਾ ਰਹੇ ਹੋਣ ਤੇ ਇਕ ਨੂੰ ਗੰਭੀਰਤਾ ਨਾਲ ਵਿਚਾਰ ਕੇ, ਨਿੱਠ ਕੇ ਫੈਸਲਾ ਲੈਣਾ ਹੋਵੇ, ਕਿ ਭਵਿੱਖ ਵਿਚ ਇਸ ਦੇ ਸਾਰਥਿਕ ਸਿੱਟੇ ਮਿਲਣਗੇ ਜਾਂ ਨਹੀਂ, ਦੁਬਿਧਾ ਇਸ ਦਾ ਕਾਰਨ ਬਣਦੀ ਹੈ। ਦੁਬਿਧਾ ਹੋਣੀ ਵੀ ਚਾਹੀਦੀ ਹੈ, ਫਿਰ ਹੀ ਅਸੀਂ ਕਿਸੇ ਸਹੀ ਨਿਰਣੇ 'ਤੇ ਪਹੁੰਚ ਸਕਦੇ ਹਾਂ। ਜਦ ਹਾਂ-ਪੱਖੀ ਪ੍ਰਤੀਕਿਰਿਆ ਦਿਮਾਗ਼ ਵਿਚ ਰੱਖ ਕੇ ਕੋਈ ਨਿਰਣਾ ਲਵਾਂਗੇ, ਤਾਂ ਦੁਬਿਧਾ ਖੁਦ-ਬਖੁਦ ਹੀ ਪਰਮਾਣ ਮਿਲਣ 'ਤੇ ਦੂਰ ਹੋ ਜਾਵੇਗੀ।
ਹਰ ਇਨਸਾਨ ਦੁਬਿਧਾ ਵਿਚ ਫਸਿਆ ਨਜ਼ਰ ਆਉਂਦਾ ਹੈ। ਕਈ ਤਾਂ ਰੋਜ਼-ਮਰ੍ਹਾ ਦੇ ਛੋਟੇ-ਛੋਟੇ ਫੈਸਲਿਆਂ ਨੂੰ ਲੈ ਕੇ ਅਕਸਰ ਦੁਬਿਧਾ ਵਿਚ ਰਹਿੰਦੇ ਹਨ। ਹਰ ਇਨਸਾਨ ਦੀਆਂ ਦੁਬਿਧਾਵਾਂ ਵਿਚ ਉਸ ਦੇ ਘਰ-ਪਰਿਵਾਰ, ਸਮਾਜਿਕ ਸਾਂਝਾਂ ਨੂੰ ਲੈ ਕੇ ਵਖਰੇਵਾਂ ਨਜ਼ਰੀਂ ਪਵੇਗਾ। ਇਨਸਾਨੀ ਸੁਭਾਅ ਦਾ ਦੁਬਿਧਾ ਵਿਚ ਰਹਿਣਾ ਹੀ ਦੁਬਿਧਾ ਦੂਰ ਕਰਨ ਵਿਚ ਮੁਢਲੀ ਭੂਮਿਕਾ ਨਿਭਾਉਂਦਾ ਹੈ। ਜਿਵੇਂ ਵਿਦਿਆਰਥੀ ਆਪਣੀ ਪੜ੍ਹਾਈ ਦੇ ਵਿਸ਼ਿਆਂ ਦੀ ਚੋਣ ਜਦ ਦੁਬਿਧਾ ਵਿਚ ਰਹਿ ਕੇ ਕਰਦੇ ਹਨ ਤਾਂ ਉਹ ਪੜ੍ਹਾਈ ਮੁਕੰਮਲ ਹੋਣ ਤੱਕ ਅਕਸਰ ਦੁਬਿਧਾ ਵਿਚ ਹੀ ਨਜ਼ਰ ਆਉਣਗੇ। ਉਨ੍ਹਾਂ ਦਾ ਮਨ ਨਤੀਜਿਆਂ ਨੂੰ ਲੈ ਕੇ ਦੁਚਿੱਤੀ ਵਿਚ ਰਹਿੰਦਾ ਹੈ। ਦੁਬਿਧਾ ਦੀਆਂ ਕਈ ਕਿਸਮਾਂ ਹਨ : ਕੈਰੀਅਰ ਦੀ ਦੁਬਿਧਾ, ਨੌਕਰੀ ਦੀ ਦੁਬਿਧਾ, ਰਿਸ਼ਤਿਆਂ ਨੂੰ ਨਿਭਾਉਣ ਦੀ ਦੁਬਿਧਾ, ਜੀਵਨ ਸਾਥੀ ਸੰਬੰਧੀ ਦੁਬਿਧਾ, ਮਾਨਸਿਕ ਦੁਬਿਧਾ, ਘਰ-ਪਰਿਵਾਰ ਦੀ ਦੁਬਿਧਾ, ਸੁਪਨਿਆਂ-ਉਦੇਸ਼-ਟੀਚੇ ਪ੍ਰਤੀ ਦੁਬਿਧਾ ਆਦਿ।
ਵਿਚਾਰਨਯੋਗ ਗੱਲ ਇਹ ਹੈ ਕਿ ਹਰ ਸਮੇਂ ਦੁਬਿਧਾ ਵਿਚ ਰਹਿਣਾ ਜਿਥੇ ਇਨਸਾਨ ਵਿਚ ਆਤਮ-ਵਿਸ਼ਵਾਸ ਦੀ ਕਮੀ ਨੂੰ ਤਾਂ ਦਰਸਾਉਂਦਾ ਹੀ ਹੈ, ਉਥੇ ਹੀ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ। ਤੁਹਾਨੂੰ ਦੁਬਿਧਾ ਵਿਚ ਫਸੇ ਦੇਖ ਅਕਸਰ ਲੋਕ ਤੁਹਾਨੂੰ ਭਰਮਾਉਣ ਵਿਚ ਕਾਮਯਾਬ ਹੋ ਜਾਂਦੇ ਹਨ, ਤੁਸੀਂ ਛੋਟੇ-ਛੋਟੇ ਕਦਮ ਵੀ ਖੁਦ ਨਹੀਂ ਪੁੱਟ ਸਕਦੇ। ਖੂਹ ਕਿਵੇਂ ਪੁੱਟ ਲਵੋਗੇ? ਇਹ ਦੁਬਿਧਾ ਦੀ ਬੇੇਹੱਦ ਲਾਚਾਰੀ ਵਾਲੀ ਅਵਸਥਾ ਹੁੰਦੀ ਹੈ। ਜਦ ਤੁਹਾਨੂੰ ਹਰ ਗੱਲ ਹਰ ਕੰਮ ਦੀ ਸਲਾਹ ਹੋਰਨਾਂ ਲੋਕਾਂ ਤੋਂ ਲੈਣ ਦੀ ਆਦਤ ਪੈ ਜਾਵੇ ਤਾਂ ਕੁਝ ਸਮਾਂ ਪਾ ਕੇ ਉਹੀ ਲੋਕ ਤੁਹਾਡੇ ਅਕਸ ਵਿਚ ਕਮੀਆਂ ਦੇਖਣਾ ਸ਼ੁਰੂ ਕਰ ਦੇਣਗੇ। ਤੁਹਾਨੂੰ ਨਾਂਹ-ਪੱਖੀ ਪ੍ਰਤੀਕਿਰਿਆਵਾਂ ਦੇ-ਦੇ ਕੇ ਤੁਹਾਡਾ ਮਨੋਬਲ ਡੇਗਣਗੇ। ਤੁਹਾਨੂੰ ਨਖਿੱਧ ਤੇ ਨਾਕਾਮ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ।
ਜ਼ਰੂਰਤ ਹੈ ਸਮਾਂ ਰਹਿੰਦਿਆਂ ਹੀ ਮਨ ਦੀ ਦੁਬਿਧਾ ਦਾ ਇਲਾਜ ਸੋਚ ਇਸ ਦਾ ਸਾਰਥਿਕ ਹੱਲ ਲੱਭਣ ਦੀ। ਇਸੇ ਲਈ ਲੋੜੀਂਦਾ ਕਦਮ ਇਹ ਉਠਾਓ ਕਿ ਖੁਦ ਦੇ ਮਨ ਤੇ ਦਿਮਾਗ਼ ਨੂੰ ਇਕਾਗਰਤਾ ਵਿਚ ਲਿਆਓ। ਖੁਦ ਦੇ ਮਨ ਨਾਲ ਸਲਾਹ ਕਰ ਸਹੀ-ਗ਼ਲਤ ਦਾ ਅਨੁਮਾਨ ਲਗਾਓ। ਫੈਸਲਾ ਲਵੋ ਤੇ ਦੁਬਿਧਾ ਦੂਰ ਕਰੋ। ਇਕ ਵਾਰ ਕਿਸੇ ਵਿਅਕਤੀ ਨੇ ਫਕੀਰ ਨੂੰ ਸੁਆਲ ਕੀਤਾ ਕਿ ਮੇਰਾ ਕਿਸੇ ਕੰਮ ਵਿਚ ਮਨ ਨਹੀਂ ਲਗਦਾ, ਨਾ ਹੀ ਕੋਈ ਕੰਮ ਕਾਮਯਾਬ ਹੋ ਸਕਿਆ। ਮਨ ਵਿਚ ਦੁਬਿਧਾ ਹੈ। ਤਾਂ ਅੱਗੋਂ ਫ਼ਕੀਰ ਨੇ ਸਮਝਾਇਆ ਕਿ ਪੰਜ-ਪੰਜ ਗਜ਼ ਦੇ ਦਸ ਖੂਹ ਪੁੱਟਿਆਂ ਪਾਣੀ ਨਹੀਂ ਨਿਕਲਣਾ ਲੋੜ ਇਕ ਹੀ ਖੂਹ ਪੰਜਾਹ ਗਜ਼ ਦਾ ਡੂੰਘਾ ਪੁੱਟਣ ਦੀ ਹੈ। ਵਿਅਕਤੀ ਨੂੰ ਦੁਬਿਧਾ ਵਿਚੋਂ ਨਿਕਲਣ ਦਾ ਰਸਤਾ ਮਿਲ ਚੁੱਕਾ ਸੀ।
ਅਕਸਰ ਜਦ ਅਸੀਂ ਦੁਬਿਧਾ ਵਿਚ ਹੋਈਏ ਜਾਂ ਬਹੁਤ ਹੀ ਕਿਸੇ ਗੰਭੀਰ ਸਥਿਤੀ ਵਿਚ ਫਸੇ ਹੋਈਏ ਅਤੇ ਸਹੀ ਫ਼ੈਸਲੇ 'ਤੇ ਨਾ ਪਹੁੰਚ ਸਕੀਏ, ਭਾਵੇਂ ਕਈਆਂ ਤੋਂ ਸਲਾਹਾਂ ਵੀ ਲੈ ਲਈਏ, ਆਪਣੇ ਮਨ 'ਤੇ ਭਰੋਸਾ ਨਾ ਕਰ ਪਾਈਏ ਤਾਂ ਅਜਿਹੇ ਮੌਕੇ ਤੁਸੀਂ ਮਹਿਸੂਸ ਕਰਨਾ ਕਿ ਅਚਾਨਕ ਤੁਸੀਂ ਟੀ.ਵੀ. ਲਗਾਓ, ਕੋਈ ਕਥਾ ਚਲ ਰਹੀ ਹੋਵੇਗੀ, ਤੁਸੀਂ ਗੁਰਬਾਣੀ ਦਾ ਜਾਪ ਕਰ ਰਹੇ ਹੋਵੋ ਤਾਂ ਤੁਹਾਨੂੰ ਇੰਜ ਲੱਗੇਗਾ ਕਿ ਜਿਵੇਂ ਕਥਾਵਾਚਕ ਭਾਈ ਜੀ ਜੋ ਗੱਲ ਕਹਿ ਰਹੇ ਨੇ ਉਹ ਤੁਹਾਡੇ ਹੀ ਸਵਾਲਾਂ ਦਾ ਜਵਾਬ ਹੈ। ਗੁਰਬਾਣੀ ਦੀ ਜਿਹੜੀ ਪੰਕਤੀ ਮੈਂ ਉਚਾਰ ਰਿਹਾ ਹਾਂ, ਉਹ ਮੇਰੀ ਹੀ ਦੁਬਿਧਾ ਦੂਰ ਕਰ ਰਹੀ ਹੈ। ਅਸੀਂ ਸ਼ਿੱਦਤ ਨਾਲ ਇਕਾਗਰ ਚਿਤ ਹੋ ਡੂੰਘਾਈ ਨਾਲ ਸੋਚਣਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਤਾਂ, ਸਭ ਦੁਬਿਧਾਵਾਂ ਦੂਰ ਹੋ ਜਾਂਦੀਆਂ ਹਨ। ਅੱਖਾਂ ਅੱਗੇ ਆਈ ਧੁੰਦ ਵੀ ਸਾਫ਼ ਹੋ ਜਾਵੇਗੀ। ਸਭ ਕੁਝ ਸਾਫ਼ ਨਜ਼ਰੀਂ ਆਵੇਗਾ। ਗੁਰਬਾਣੀ ਦੀ ਪੰਕਤੀ 'ਦੁਬਿਧਾ ਦੂਰ ਕਰਹੁ ਲਿਵ ਲਾਇ' ਵੀ ਇਹੀ ਵਿਆਖਿਆ ਕਰਦੀ ਹੈ ਕਿ ਗੁਰੂ ਦੀ ਗੋਦ ਉਸ ਦੀ ਹਜ਼ੂਰੀ ਵਿਚ, ਆਪਣਾ ਮਨ ਇਕਾਗਰ ਕਰਕੇ, ਅੰਤਰ ਮਗਨ ਹੋ ਕੇ ਬੈਠੋ, ਉਸ ਨਾਲ ਆਪਣੀ ਦੁਬਿਧਾ ਸਾਂਝੀ ਕਰੋ (ਉਂਜ ਤਾਂ ਉਹ ਸਭ ਦੀ ਰਮਜ਼ ਜਾਣਨ ਤੇ ਪਹਿਚਾਨਣ ਵਾਲਾ ਹੈ) ਫਿਰ ਵੀ ਉਸ ਅੱਗੇ ਸਿਜਦਾ ਕਰਕੇ ਆਪਣੀ ਪ੍ਰੇਸ਼ਾਨੀ ਉਸ ਦੇ ਦਰ 'ਤੇ ਰੱਖਣੀ ਪਵੇਗੀ, ਫਿਰ ਦੇਖਣਾ ਤੁਹਾਨੂੰ ਉਹ ਫ਼ੈਸਲੇ ਲੈਣ ਦੀ ਤੌਫ਼ੀਕ ਅਤਾ ਕਰੇਗਾ। ਤੁਹਾਡੀ ਦੁਬਿਧਾ ਦੂਰ ਕਰੇਗਾ। ਇਕ ਦਿਨ ਜਦੋਂ ਮੈਂ ਲਿਖ ਰਹੀ ਸੀ ਤਾਂ ਮੈਨੂੰ ਢੁਕਵੀਂ ਗੁਰਬਾਣੀ ਦੀ ਪੰਕਤੀ ਦੀ ਜ਼ਰੂਰਤ ਪਈ, ਇਸ ਨੂੰ ਅੰਤਿਮ ਰੂਪ ਦੇਣ ਵਾਸਤੇ। ਤਾਂ ਮੈਂ 'ਪੋਥੀ ਪਰਮੇਸ਼ਰ ਦਾ ਥਾਨੁ' ਖੋਲ੍ਹ ਅਰਦਾਸ ਕੀਤੀ। ਮੈਨੂੰ ਮੇਰੀ ਦੁਬਿਧਾ ਦਾ ਜਵਾਬ ਮਿਲ ਗਿਆ, ਇਨ੍ਹਾਂ ਪੰਕਤੀਆਂ ਰਾਹੀਂ:
ਗੁਰਪਰਸਾਦੀ ਏਕ ਲਿਵ ਲਾਗੀ
ਦੁਬਿਧਾ ਤਦੇ ਬਿਨਾਸੀ॥
(ਮਾਰੂ ਮਹਲਾ ੧ ਘਰ ੫ ਅੰਗ : ੧੧੩)
ਪਰਮਾਤਮਾ ਦੇ ਧਰਮੀ ਇਕ ਬਜ਼ੁਰਗ ਵਿਅਕਤੀ ਆਪਣਾ ਅੰਤਿਮ ਸਮਾਂ ਆਪਣੇ ਮੁਰਸ਼ਦ ਦੇ ਕੋਲ ਬਿਤਾਉਣਾ ਚਾਹੁੰਦਾ ਸੀ, ਪਰ ਉਹ ਘਰ ਵਿਚ ਰਹੇ ਜਾਂ ਮੁਰਸ਼ਦ ਦੇ ਕੋਲ, ਇਸ ਨੂੰ ਲੈ ਕੇ ਦੁਬਿਧਾ ਵਿਚ ਸੀ। ਉਹ ਰਸਤੇ ਦੇ ਵਿਚਕਾਰ ਸੋਚਾਂ ਵਿਚ ਗੁੰਮ ਚੱਲ ਰਿਹਾ ਸੀ ਕਿ ਪਿਛੋਂ ਇਕ ਗਡਰੀਏ ਨੇ ਆਵਾਜ਼ ਦੇ ਕੇ ਕਿਹਾ, 'ਬਜ਼ੁਰਗਾ, ਇਕ ਪਾਸੇ ਹੋ ਜਾਹ', ਉਸ ਦੀ ਦੁਬਿਧਾ ਦੂਰ ਹੋ ਗਈ। ਉਸਨੇ ਦੋਵੇਂ ਹੱਥ ਜੋੜ ਅਸਮਾਨ ਵੱਲ ਵੇਖ ਧੰਨਵਾਦ ਕੀਤਾ। ਚੜ੍ਹਦਾ ਅਤੇ ਛਿਪਦਾ ਸੂਰਜ ਕਦੇ ਦੁਬਿਧਾ ਵਿਚ ਨਹੀਂ ਰਹਿੰਦਾ।
ਇਹੀ ਹੈ ਦੁਬਿਧਾ 'ਚੋਂ ਬਾਹਰ ਆਉਣ ਦਾ ਵਲ
ਕਰੋ ਇਕ ਫ਼ੈਸਲਾ, ਇਕ ਹੀ ਹੱਲ
ਚੁਣੋ ਅੱਜ
ਨਾ ਵਿਚਾਰੋ ਬੀਤਿਆ
ਨਾ ਆਉਣ ਵਾਲਾ ਹੀ ਕੱਲ੍ਹ।
-ਮੋਬਾਈਲ : 79739-80928