14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕੁੱਤੇ ਦੀ ਮਨੁੱਖ ਨਾਲ ਸਾਂਝ

Ad Position 21
No active advertisement
ਅਜੀਤ ਡੈਸਕ 21-12-2025

ਦੁਨੀਆ ਦੇ ਸਿਰਜਣਹਾਰ ਨੇ ਇਨਸਾਨ ਨੂੰ ਧਰਤੀ 'ਤੇ ਭੇਜਣ ਤੋਂ ਪਹਿਲਾਂ ਉਸ ਦੀ ਹੋਂਦ ਨੂੰ ਬਣਾਈ ਰੱਖਣ ਲਈ ਤੇ ਉਸ ਦੀ ਉਪਜੀਵਕਾ ਵਾਸਤੇ ਕਈ ਕਿਸਮ ਦੀ ਬਨਸਪਤੀ ਤੇ ਕਈ ਕਿਸਮਾਂ ਦੇ ਜੀਵ ਜੰਤੂ ਧਰਤੀ ਤੇ ਪਹਿਲਾਂ ਭੇਜੇ। ਸਮੇਂ ਦੇ ਨਾਲ ਇਹ ਸਾਰਾ ਪਸਾਰਾ ਪਸਰਦਾ ਗਿਆ ਤੇ ਜਾਨਵਰਾਂ ਅਤੇ ਪਸ਼ੂਆਂ ਦੀਆਂ ਵੀ ਕਈ ਪ੍ਰਜਾਤੀਆਂ ਬਣਦੀਆਂ ਰਹੀਆਂ ਜਿਨ੍ਹਾਂ ਵਿਚੋਂ ਕੁਝ ਪ੍ਰਜਾਤੀਆਂ ਨੂੰ ਇਨਸਾਨ ਨੇ ਪਾਲਤੂ ਬਣਾ ਕੇ ਵਰਤਿਆ ਤੇ ਜੋ ਪਾਲਤੂ ਨਾ ਬਣੀਆਂ ਉਹ ਜੰਗਲਾਂ ਵਿਚ ਜਾ ਵੜੀਆਂ ਜਿਨ੍ਹਾਂ ਦੇ ਮਾਸ ਨਾਲ ਇਨਸਾਨ ਆਪਣਾ ਪੇਟ ਭਰਦਾ ਰਿਹਾ ਤੇ ਖੱਲਾਂ ਨਾਲ ਆਪਣਾਂ ਤਨ ਢਕਦਾ ਰਿਹਾ। ਜੰਗਲੀ ਜਾਨਵਰਾਂ ਨੂੰ ਕਿਸੇ ਹੱਦ ਤੱਕ ਇਨਸਾਨ ਤੋਂ ਬਚਾਉਣ ਲਈ ਰੱਬ ਨੇ ਯੁਗਤ ਇਹ ਬਣਾਈ ਕਿ ਉਨ੍ਹਾ ਨੂੰ ਦੌੜਨ ਭੱਜਣ ਦੀ ਸ਼ਕਤੀ ਤੇ ਫੁਰਤੀ ਇਨਸਾਨ ਤੋਂ ਵੱਧ ਦੇ ਦਿੱਤੀ ਜਿਸ ਨੂੰ ਕਾਬੂ ਵਿਚ ਲਿਆਉਣ ਲਈ ਇਨਸਾਨ ਨੂੰ ਪਾਲਤੂ ਪਸ਼ੂਆਂ ਜਿਵੇਂ ਕਿ ਕੁੱਤੇ ਆਦਿ ਦੀ ਵਰਤੋਂ ਕਰਨੀ ਪਈ ਤੇ ਹਥਿਆਰ ਬਣਾਉਣੇ ਪਏ ਜਿਸ ਨਾਲ ਕੁੱਤਾ ਇਨਸਾਨ ਦੀ ਜ਼ਿੰਦਗੀ ਵਿਚ ਆਇਆ ਤੇ ਆਪਣੇ ਦੋਸਤਾਨਾ ਸੁਭਾਅ, ਵਫ਼ਾਦਾਰੀ ਦਾ ਜਜ਼ਬਾ ਅਤੇ ਸਮਝਦਾਰੀ ਸਦਕਾ ਇਨਸਾਨ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ। ਇਤਿਹਾਸ ਵਿਚ ਉਦਾਹਰਨਾਂ ਹਨ ਜਿੱਥੇ ਕੁੱਤੇ ਨੇ ਆਪਣੇ ਮਾਲਕ ਨੂੰ ਬਚਾਉਣ ਖਾਤਿਰ ਆਪਣੇ ਪ੍ਰਾਂਣਾਂ ਦੀ ਕੁਰਬਾਨੀ ਦਿੱਤੀ ਹੈ। ਕੁੱਤੇ ਵਿਚ ਸੁੰਘਣ ਅਤੇ ਸੁਣਨ ਦੀ ਸ਼ਕਤੀ ਇਨਸਾਨ ਤੋਂ ਕਿਤੇ ਵੱਧ ਹੁੰਦੀ ਹੈ ਜਿਸ ਕਰਕੇ ਸ਼ਿਕਾਰ ਲਈ ਕੁੱਤੇ ਦੀ ਪ੍ਰਜਾਤੀ ਨੇ ਇਨਸਾਨ ਦਾ ਬੜਾ ਸਾਥ ਨਿਭਾਇਆ ਹੈ। ਜੰਗਲਾਂ ਅਤੇ ਫਸਲਾਂ ਵਿਚ ਲੁਕ ਕੇ ਬੈਠੇ ਜਾਨਵਰਾਂ ਨੂੰ ਵੀ ਕੁੱਤਾ ਆਪਣੀ ਸੁੰਘਣ ਸ਼ਕਤੀ ਨਾਲ ਲੱਭ ਲੈਣ ਲਈ ਇਕ ਦਮ ਨਿਪੁੰਨ ਹੈ, ਬੜਾ ਅਣਥੱਕ ਹੈ ਤੇ ਤੇਜ਼ ਦੌੜ ਸਕਦਾ ਹੈ। ਛੋਟੇ ਹਿਰਨ ਖ਼ਰਗੋਸ਼ ਵਰਗੇ ਜਾਨਵਰਾਂ ਨੂੰ ਤਾਂ ਇਹ ਆਪ ਹੀ ਦਬੋਚ ਲੈਂਦਾ ਹੈ। ਪਾਣੀ ਵਿਚ ਤੈਰ ਵੀ ਸਕਦਾ ਹੈ ਜਿਸ ਕਰਕੇ ਮੁਰਗਾਬੀ ਵਰਗੇ ਸ਼ਿਕਾਰ ਵਿਚ ਕੁੱਤਾ ਹੋਰ ਵੀ ਕਾਰਗਰ ਹੈ। ਇਸ ਦੀ ਸੁੰਘਣ ਸ਼ਕਤੀ ਦੇ ਕਮਾਲ ਸਦਕਾ ਅੱਜ ਹਵਾਈ ਅੱਡਿਆਂ ਅਤੇ ਹੋਰ ਜਨਤਕ ਥਾਵਾਂ 'ਤੇ ਨਸ਼ਾ ਤਸਕਰੀ ਅਤੇ ਸੁਰੱਖਿਆ ਦੀ ਚੈਕਿੰਗ ਵਿਚ ਕੁੱਤੇ ਵਰਤੇ ਜਾਂਦੇ ਹਨ ਜਿੱਥੇ ਕਿ ਕੁੱਤਾ ਬੰਦ ਬਕਸਿਆਂ ਨੂੰ ਸੁੰਘ ਕੇ ਦੱਸ ਦਿੰਦਾ ਹੈ ਕਿ ਇਸ ਵਿਚ ਨਸ਼ੀਲੀ ਵਸਤੂ ਹੈ ਜਾਂ ਕੋਈ ਵਿਸਫੋਟਕ ਸਮੱਗਰੀ ਹੈ। ਇਵੇਂ ਹੀ ਸਰਹੱਦਾਂ ਤੇ ਸਾਡੇ ਫੌਜੀ ਕੁੱਤਿਆਂ ਦੀ ਮਦਦ ਨਾਲ ਜ਼ਮੀਨਦੋਜ਼ ਅਸਲ੍ਹੇ ਲੱਭ ਲੈਣ ਵਿਚ ਕਾਮਯਾਬ ਹੋ ਸਕਦੇ ਹਨ।
ਪੰਜਾਬ ਦੇ ਵਿਰਾਸਤੀ ਮਨੋਰੰਜਨ ਵਿਚ ਵੀ ਕੁੱਤਾ ਪ੍ਰਜਾਤੀ ਦਾ ਬਹੁਤ ਵੱਡਾ ਹਿੱਸਾ ਹੈ। ਕੁੱਤਿਆਂ ਦੀਆਂ ਦੌੜਾਂ ਪੰਜਾਬੀਆਂ ਦਾ ਮਨਭਾਉਂਦਾ ਸ਼ੁਗਲ ਬਹੁਤ ਪਹਿਲਾਂ ਤੋਂ ਬਣਿਆ ਆਇਆ ਹੈ। ਦੋ ਤਿੰਨ ਦਹਾਕੇ ਪਹਿਲਾਂ ਤੱਕ ਕੁੱਤਿਆਂ ਦੇ ਦੌੜ ਮੁਕਾਬਲਿਆਂ ਵਿਚ ਜ਼ਿੰਦਾ ਖਰਗੋਸ਼ ਵਰਤੇ ਜਾਂਦੇ ਸਨ ਪਰ ਹੁਣ ਮਸ਼ੀਨਾਂ ਨਾਲ ਲੀਰਾਂ ਦਾ ਬਣਿਆ ਹੋਇਆ ਖਰਗੋਸ਼ ਇਨ੍ਹਾਂ ਕੁੱਤਿਆਂ ਦੇ ਅੱਗੇ ਭਜਾਇਆ ਜਾਂਦਾ ਹੈ ਤੇ ਕੁੱਤਿਆਂ ਦੇ ਦੌੜ ਮੁਕਾਬਲੇ ਕਰਾਏ ਜਾਂਦੇ ਹਨ। ਇਸ ਤੋਂ ਵੀ ਪਹਿਲਾਂ ਕੁੱਤਿਆਂਦੀਆਂ ਦੌੜਾਂ ਬਾਹਰ ਖੇਤਾਂ ਫਸਲਾਂ ਵਿਚ ਕਰਵਾਈਆਂ ਜਾਂਦੀਆਂ ਸਨ। ਰਾਖੀ ਵਿਚ ਵੀ ਕੁੱਤੇ ਦੀ ਭੂਮਿਕਾ ਜੇਕਰ ਇਸ ਲੇਖ ਵਿਚ ਸ਼ਾਮਲ ਨਾ ਕੀਤੀ ਤਾਂ ਵੱਡੀ ਘਾਟ ਰਹਿ ਜਾਵੇਗੀ। ਰਾਖੀ ਵਿਚ ਕੁੱਤੇ ਦਾ ਦੁਨੀਆਂ ਭਰ ਦੀਆਂ ਹੋਰ ਪ੍ਰਜਾਤੀਆਂ ਨਾਲ ਕੋਈ ਮੁਕਾਬਲਾ ਨਹੀਂ ਹੈ। ਗੁੱਜਰ ਲੋਕ ਆਪਣੇ ਮਾਲ ਡੰਗਰ ਦੀ ਰਖਵਾਲੀ ਵਿਚ ਕੇਵਲ ਕੁੱਤੇ ਹੀ ਵਰਤਦੇ ਹਨ। ਸੁਣਨ ਸ਼ਕਤੀ ਦੀ ਮਿਸਾਲ, ਦੁਨੀਆ ਵਿਚ ਕੇਵਲ ਕੁੱਤਾ ਇਕ ਐਸੀ ਪ੍ਰਜਾਤੀ ਹੈ ਜਿਸ ਨੂੰ ਭੁਚਾਲ ਆਉਣ ਤੋਂ ਪਹਿਲਾਂ ਪਤਾ ਲਗ ਜਾਂਦਾ ਹੈ, ਕੁੱਤੇ ਚੀਕਦੇ ਹਨ, ਬੇਚੈਨ ਦੌੜੇ ਫਿਰਦੇ ਹਨ ਤੇ ਉਨ੍ਹਾਂ ਦੀ ਨਕਲੋ-ਹਰਕਤ ਆਮ ਵਰਗੀ ਨਹੀਂ ਰਹਿੰਦੀ ਤੇ ਇਸ ਤਰ੍ਹਾਂ ਉਹ ਦੱਸ ਦਿੰਦੇ ਹਨ ਕਿ ਕੁਝ ਵੱਖਰਾ ਹੋਣ ਜਾਂ ਆਉਣ ਵਾਲਾ ਹੈ ਜਿਸ ਤੋਂ ਮਾਹਿਰ ਲੋਕ ਕਿਸੇ ਅਣਹੋਣੀ ਦਾ ਅੰਦਾਜ਼ਾ ਲਗਾ ਸਕਦੇ ਹਨ। ਇਨਸਾਨ ਵਲੋਂ ਵੀ ਕੁੱਤੇ ਦੀ ਵਫ਼ਾਦਾਰੀ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ, ਕੁੱਤਿਆਂ ਦੇ ਵਿਆਹ ਕੀਤੇ ਜਾਂਦੇ ਹਨ, ਜਨਮ ਦਿਨ ਮਨਾਏ ਜਾਂਦੇ ਹਨ, ਕੇਕ ਕੱਟੇ ਜਾਂਦੇ ਹਨ ਤੇ ਕੀਮਤੀ ਪੌਸ਼ਾਕਾਂ ਪਹਿਨਾਈਆਂ ਜਾਂਦੀਆਂ ਹਨ। ਇਸ ਲੜੀ ਵਿਚ ਸ਼ਾਮਲ ਇਕ ਫੋਟੋ ਮੇਰੇ ਪਿੰਡ ਦੇ ਇਤਿਹਾਸ ਦਾ ਇਕ ਪੰਨਾਂ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਆਦੀਵਾਸੀ ਮਹੌਲ ਤੋਂ ਸ਼ੁਰੂ ਹੋ ਕੇ ਅੱਜ ਤੱਕ ਦੀ ਤੇਜ਼ ਤਰਾਰ ਜ਼ਿੰਦਗੀ ਦੇ ਸਫ਼ਰ ਦੀ ਹਰ ਕਰਵਟ ਦਾ ਗਵਾਹ-ਏ-ਚਸ਼ਮ ਹੋ ਰਹਿਣ ਦਾ ਮੈਨੂੰ ਮਾਣ ਹੈ।

ਐਡਵੋਕਟ ਫਿਲੌਰ, ਵਾਸੀ: ਪਿੰਡ ਥੰਮਣਵਾਲ।
ਮੋਬਾਈਲ : 98722-56005

Ad Position 22
No active advertisement
ਪਿਛਲੀ ਖ਼ਬਰ ਦੁਬਿਧਾ ਅਗਲੀ ਖ਼ਬਰ ਅੰਕਾਂ ਦਾ ਖਿਡਾਰੀ-ਸ੍ਰੀ ਨਿਵਾਸ ਰਾਮਾਨੁਜਨ
Ad Position 24