ਸ੍ਰੀ ਨਿਵਾਸ ਰਾਮਾਨੁਜਨ ਦਾ ਨਾਂਅ ਭਾਰਤ ਦੇ ਪ੍ਰਤਿਭਾਸ਼ਾਲੀ ਗਣਿਤ ਵਿਗਿਆਨੀਆਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਤਿੰਨ ਦਹਾਕੇ ਉਹ ਅੰਕਾਂ ਦੀ ਖੇਡ ਬਾਖੂਬੀ ਖੇਡ ਕੇ, ਆਪਣੀ ਬਾਤ ਮੁਕਾ ਗਿਆ। ਗਣਿਤਕ ਵਿਸ਼ਲੇਸ਼ਣ, ਅੰਕ ਗਣਿਤ, ਅਨੰਤ ਅੰਕਾਵਲੀ, ਲਗਾਤਾਰ ਅਪੂਰਨ ਭਿੰਨਾਂ ਉਸ ਦੇ ਸਿਰਮੌਰ ਖੋਜ ਕਾਰਜ ਗਿਣੇ ਜਾਂਦੇ ਹਨ। ਉਸ ਦਾ ਖੋਜ ਅਧਿਐਨ ਵਿਸ਼ਵ ਪੱਧਰ 'ਤੇ ਗੌਸ (7auss), ਕੌਸ਼ੀ, ਨਿਊਟਨ ਅਤੇ ਆਰਕਿਮੀਡੀਜ਼ ਦੇ ਮੁਕਾਬਲੇ ਦਾ ਮੰਨਿਆ ਜਾਂਦਾ ਹੈ। ਰਾਮਾਨੁਜਨ ਤੰਗੀਆਂ ਤੁਰਸ਼ੀਆਂ ਗ੍ਰਸੇ ਪਰਿਵਾਰ ਵਿਚ 22 ਦਸੰਬਰ, 1887 ਨੂੰ ਈਰੋਡ ਤਾਮਿਲਨਾਡੂ ਵਿਚ ਪੈਦਾ ਹੋਇਆ। ਉਸ ਦਾ ਪਿਤਾ ਕੇਸਰੀ ਨਿਵਾਸ ਕੁੰਭੋਕੋਨਮ ਕਸਬੇ ਵਿਚ, ਇਕ ਦੁਕਾਨ 'ਤੇ ਮੁਨੀਮੀ ਦਾ ਕੰਮ ਕਰਦਾ ਸੀ। ਉਸ ਦੀ ਮਾਂ ਇਕ ਘਰੇਲੂ ਔਰਤ ਸੀ। ਉਹ ਸਥਾਨਕ ਮੰਦਰ ਵਿਚ ਹਰ ਰੋਜ਼ ਜਾ ਕੇ ਭਜਨ ਗਾਉਂਦੀ ਹੁੰਦੀ ਸੀ। ਘਰ ਵਿਚ ਘੋਰ ਗਰੀਬੀ ਸੀ। ਖਾਣ ਲਈ ਨਾ ਅੰਨ ਲੱਭਦਾ ਸੀ ਅਤੇ ਨਾ ਪਹਿਨਣ ਲਈ ਕੱਪੜੇ। ਨਾ ਕੋਈ ਜਾਇਦਾਦ ਸੀ, ਨਾ ਹੀ ਗਹਿਣਾ ਗੱਟਾ। ਪਿਤਾ ਦੀ ਥੋੜ੍ਹੀ ਜਿਹੀ ਤਨਖ਼ਾਹ ਨਾਲ ਗੁਜ਼ਾਰਾ ਔਖਾ ਚਲਦਾ ਸੀ। ਉਹ ਪਿੰਡ ਦੇ ਸਕੂਲ ਵਿਚ ਦੋ ਜਮਾਤਾਂ ਪੜ੍ਹਿਆ। ਫੇਰ ਕੁੰਭੋਕੋਨਮ ਦੇ ਸਕੂਲ ਤੋਂ ਵਜ਼ੀਫ਼ਾ ਲੈ ਕੇ ਪ੍ਰਾਇਮਰੀ ਪਾਸ ਕੀਤੀ। ਉਸ ਦੀ ਤੇਜ਼ ਬੁੱਧੀ ਦੀ ਪਛਾਣ ਤਾਂ ਉਦੋਂ ਹੀ ਹੋ ਗਈ ਸੀ, ਜਦੋਂ ਉਹ ਦਸ ਸਾਲ ਦੀ ਉਮਰ ਵਿਚ ਤਿਕੋਨਮਿਤੀ ਦੇ ਸਵਾਲ ਕੱਢਣ ਲੱਗ ਪਿਆ ਸੀ। ਕੁਝ ਪਰਿਮੇਯ ਤਾਂ ਉਸ ਨੇ ਖੁਦ ਹੀ ਘੜ ਲਏ ਸਨ। ਕਠਿਨ ਗਣਿਤ ਅੜਾਉਣੀਆਂ ਦਾ ਉਹ ਚੁਟਕੀ ਵਿਚ ਹੱਲ ਕੱਢ ਲੈਂਦਾ ਸੀ। ਉਸ ਦੀ ਸਕੂਲ ਸਮੇਂ ਦੀ ਇਕ ਘਟਨਾ ਇੰਝ ਵਾਪਰੀ : ਇਕ ਦਿਨ ਅਧਿਆਪਕ ਉਸ ਦੀ ਕਲਾਸ ਨੂੰ ਪੜ੍ਹਾ ਰਿਹਾ ਸੀ। ਉਹ ਕਹਿੰਦਾ, ਜੇ ਪੰਜ ਅੰਬ, ਪੰਜ ਬੰਦਿਆਂ ਵਿਚ ਵੰਡਣੇ ਹੋਣ ਤਾਂ ਹਰੇਕ ਬੰਦੇ ਨੂੰ ਇਕ ਅੰਬ ਮਿਲੇਗਾ, ਜਾਣੀ ਕਿ ਕਿਸੇ ਅੰਕ ਨੂੰ ਉਸੇ ਅੰਕ 'ਤੇ ਤਕਸੀਮ ਕਰਨ 'ਤੇ ਉੱਤਰ 'ਇਕ' ਹੀ ਆਵੇਗਾ। ਬਾਲਕ ਰਾਮਾਨੁਜਨ ਵਿਚਾਲੇ ਹੀ ਬੋਲ ਪਿਆ, ਜੇ ਸਿਫ਼ਰ ਨੂੰ ਸਿਫ਼ਰ 'ਤੇ ਤਕਸੀਮ ਕਰੀਏ ਤਾਂ ਵੀ ਉੱਤਰ ਇਕ ਹੀ ਆਵੇਗਾ? ਅਧਿਆਪਕ ਦੇ ਮੂੰਹੋਂ ਇਕ ਸ਼ਬਦ ਵੀ ਨਾ ਨਿਕਲਿਆ। ਰਾਮਾਨੁਜਨ ਦੀ ਤੀਖ਼ਣ ਬੁੱਧੀ ਦੀ ਕਲਾਸ ਵਿਚ ਧਾਂਕ ਜੰਮ ਗਈ। ਸੰਨ 1904 ਵਿਚ ਦਸਵੀਂ ਵਜ਼ੀਫ਼ੇ ਨਾਲ ਪਾਸ ਕਰਕੇ, ਉਹ ਕੁੰਭੋਕੋਨਮ ਦੇ ਸਰਕਾਰੀ ਕਾਲਜ ਵਿਚ ਐਫ਼.ਏ. ਕਰਨ ਲੱਗਾ। ਉਹ ਗਣਿਤ ਵਿਸ਼ੇ ਵਿਚ ਏਨੀ ਦਿਲਚਸਪੀ ਲੈਣ ਲੱਗਾ ਕਿ ਹੋਰ ਵਿਸ਼ੇ ਅਣਗੌਲੇ ਰਹਿ ਗਏ ਸਨ। ਇਹ ਅਣਗਹਿਲੀ ਸਾਲਾਨਾ ਇਮਤਿਹਾਨ ਸਮੇਂ ਸਾਹਮਣੇ ਆਈ। ਹੋਰ ਵਿਸ਼ਿਆਂ ਵਿਚ ਅੰਕ ਘੱਟ ਹੋਣ ਕਾਰਨ, ਕਾਲਜ ਦੇ ਪਹਿਲੇ ਹੀ ਸਾਲ ਰਾਮਾਨੁਜਨ ਐਫ਼.ਏ ਵਿਚੋਂ ਫ਼ੇਲ੍ਹ ਹੋ ਗਿਆ ਸੀ। ਵਜ਼ੀਫ਼ਾ ਮਿਲਣਾ ਬੰਦ ਹੋ ਗਿਆ ਅਤੇ ਪੜ੍ਹਾਈ ਵਿਚਾਲੇ ਛੁੱਟ ਗਈ। ਸੰਨ 1914 ਤੱਕ ਉਹ ਗਣਿਤ ਵਿਸ਼ੇ ਨੂੰ ਸ਼ੌਕ ਵਜੋਂ ਪੜ੍ਹਦਾ ਰਿਹਾ। ਅਭਿਆਸ ਕਰਦਿਆਂ ਤਿੰਨ ਕਾਪੀਆਂ ਭਰ ਦਿੱਤੀਆਂ। ਇਨ੍ਹਾਂ ਕਾਪੀਆਂ ਵਿਚ ਦਰਜ ਕਈ ਨੁਕਤੇ, ਅੱਜ ਤੀਕ ਖੋਜੀਆਂ ਨੂੰ ਸਮਝ ਨਹੀਂ ਪਏ। ਇਹ ਕਾਪੀਆਂ ਅੱਜ 'ਨੋਟ ਬੁੱਕਸ ਆਫ਼ ਰਾਮਾਨੁਜਨ' ਦੇ ਰੂਪ ਵਿਚ ਪ੍ਰਕਾਸ਼ਤ ਹੋਈਆਂ ਹਨ।
ਉਹ ਜਿੱਥੇ ਵੀ ਨੌਕਰੀ ਲੱਭਣ ਜਾਂਦਾ, ਨਾਲ ਤਿੰਨੇ ਕਾਪੀਆਂ ਦਿਖਾਉਣ ਲਈ ਜ਼ਰੂਰ ਲੈ ਜਾਂਦਾ ਸੀ। ਪਰ ਨੌਕਰੀ ਕਿਧਰੇ ਵੀ ਨਾ ਮਿਲੀ। ਇਕ ਦਿਨ ਕੋਈ ਉਸ ਨੂੰ ਜ਼ਿਲ੍ਹਾ ਕੁਲੈਕਟਰ ਰਾਮਾ ਚੰਦਰਾ ਕੋਲ਼ ਲੈ ਗਿਆ। ਉਹ ਵੀ ਗਣਿਤ ਦਾ ਪ੍ਰੇਮੀ ਸੀ। ਉਸ ਨੇ ਰਾਮਾਨੁਜਨ ਨੂੰ ਕਿਹਾ, ਜਦ ਤੱਕ ਨੌਕਰੀ ਨਹੀਂ ਮਿਲਦੀ ਤੂੰ ਗਣਿਤ ਦਾ ਅਧਿਐਨ ਕਰੀ ਜਾਹ। ਪੱਚੀ ਰੁਪਏ ਮੈਂ ਤੈਨੂੰ ਹਰੇਕ ਮਹੀਨੇ ਦੇਈ ਜਾਵਾਂਗਾ। ਦੋ ਕੁ ਸਾਲ ਇਸੇ ਤਰ੍ਹਾਂ ਲੰਘ ਗਏ। ਇਕ ਦਿਨ ਉਸ ਨੂੰ ਪ੍ਰੋ. ਵੀ. ਰਾਮਾਸਵਾਮੀ ਆਇਰ ਮਿਲਿਆ। ਉਸ ਨੇ ਉਸ ਦਾ ਰਾਬਤਾ ਗਣਿਤ ਸੁਸਾਇਟੀ ਨਾਲ ਕਰਾ ਦਿੱਤਾ ਸੀ। ਇਸ ਸੁਸਾਇਟੀ ਵੱਲੋਂ ਨਿਕਲਦੇ ਰਸਾਲੇ ਲਈ ਰਾਮਾਨੁਜਨ ਨੇ 58 ਪ੍ਰਸ਼ਨ ਅਤੇ ਉਨ੍ਹਾਂ ਦੇ ਹੱਲ ਛਪਣ ਲਈ ਭੇਜੇ ਸਨ। ਇਸੇ ਰਸਾਲੇ ਵਿਚ ਉਸ ਦਾ ਬਰਨੌਲੀ ਸੰਖਿਆਵਾਂ ਸਬੰਧੀ ਪਹਿਲਾ ਲੇਖ ਵੀ ਪ੍ਰਕਾਸ਼ਤ ਹੋਇਆ ਸੀ।
ਰਾਮਾਨੁਜਨ ਦਾ ਖੋਜ ਕਾਰਜ ਹੁਣ ਲੋਕਾਂ ਵਿਚ ਚਰਚਿਤ ਹੋ ਗਿਆ ਸੀ। ਅਧਿਆਪਕ ਦੀ ਬਦੌਲਤ ਉਸ ਨੂੰ ਮਦਰਾਸ ਪੋਰਟ ਟਰੱਸਟ ਵਿਚ ਕਲਰਕ ਦੀ ਨੌਕਰੀ ਮਿਲ ਗਈ ਸੀ। ਉੱਥੇ ਵੀ ਉਸ ਨੂੰ ਸਰ ਫਰਾਂਸਿਸ ਸਪ੍ਰਿੰਗ ਅਤੇ ਨਰਾਇਣ ਆਇਰ ਵਰਗੇ ਗਣਿਤ ਪ੍ਰੇਮੀ ਮਿਲੇ। ਵਿਹਲੇ ਸਮੇਂ ਉਹ ਟਿਊਸ਼ਨਾਂ ਪੜ੍ਹਾਉਂਦਾ। ਉਨ੍ਹੀਂ ਦਿਨੀਂ ਖੋਜਸ਼ਾਲਾਵਾਂ ਦੇ ਨਿਰਦੇਸ਼ਕ ਗਿਲਵਰਟ ਵਾਕਰ ਰਾਮਾਨੁਜਨ ਦੇ ਖੋਜ ਕਾਰਜ ਤੋਂ ਕਾਫ਼ੀ ਪ੍ਰਭਾਵਿਤ ਹੋਇਆ। ਉਸ ਨੇ ਉਸ ਨੂੰ ਮਦਰਾਸ ਯੂਨੀਵਰਸਿਟੀ ਵਿਚ ਖੋਜਾਰਥੀ ਬਣਾਉਣ ਵਿਚ ਮਦਦ ਕੀਤੀ। ਉਸ ਨੂੰ ਪੰਝੱਤਰ ਰੁਪਏ ਮਹੀਨਾ ਵਜ਼ੀਫ਼ਾ ਮਿਲਣ ਲੱਗਾ। ਉਸ ਨੇ ਕਲਰਕ ਦੀ ਨੌਕਰੀ ਛੱਡ ਦਿੱਤੀ ਸੀ। ਘਰ ਦੇ ਇਕ ਖੂੰਜੇ ਵਿਚ, ਗਣਿਤ ਦੀ ਪ੍ਰਯੋਗਸ਼ਾਲਾ ਬਣਾ ਲਈ। ਲੱਗਾ ਖੋਜ ਕਾਰਜ ਕਰਨ। ਕੰਮ ਵਿਚ ਐਨਾ ਰੁੱਝ ਜਾਂਦਾ ਕਿ ਖਾਣ ਪੀਣ ਦੀ ਸੁੱਧ ਹੀ ਨਾ ਰਹਿੰਦੀ। ਘਰ ਦੇ ਡਰਦੇ ਉਸ ਦੇ ਨੇੜੇ ਨਾ ਜਾਂਦੇ ਕਿ ਕਿਤੇ ਉਸ ਦੇ ਖਿਆਲਾਂ ਦੀ ਲੜੀ ਟੁੱਟ ਨਾ ਜਾਵੇ।
ਸੰਨ 1913 ਵਿਚ ਰਾਮਾਨੁਜਨ ਨੇ ਇੰਗਲੈਂਡ ਦੇ ਕੈਂਬਰਿਜ ਵਿਸ਼ਵ ਵਿਦਿਆਲੇ ਵਿਚ ਗਣਿਤ ਦੇ ਪ੍ਰੋਫੈਸਰ ਅਤੇ ਮੁਖੀ ਡਾ. ਜਿਓਫ਼ਰ ਹੈਰਲਡ ਹਾਰਡੀ ਨੂੰ ਗਿਆਰਾਂ ਪੰਨਿਆਂ ਦਾ ਇਕ ਖ਼ਤ ਲਿਖਿਆ। ਖ਼ਤ ਦੇ ਨਾਲ ਆਪਣੀਆਂ ਤਿਆਰ ਕੀਤੀਆਂ ਥਿਊਰਮਾਂ ਵੀ ਭੇਜ ਦਿੱਤੀਆਂ। ਨਾਲ਼ ਆਪਣਾ ਵੇਰਵਾ ਵੀ ਭੇਜਿਆ ਸੀ।
ਪ੍ਰੋ. ਹਾਰਡੀ ਨੇ ਰਾਮਾਨੁਜਨ ਦੇ ਖ਼ਤ ਨੂੰ ਪਹਿਲਾਂ ਤਾਂ ਸਰਸਰੀ ਨਜ਼ਰ ਮਾਰ ਕੇ ਪਰ੍ਹੇ ਰੱਖ ਦਿੱਤਾ। ਪਰ ਖ਼ਤ ਦੇ ਨਾਲ ਨੱਥੀ ਥਿਊਰਮਾਂ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਨੇ ਆਪਣੇ ਖੋਜ ਸਾਥੀ ਜੇ.ਈ. ਲਿਟਲਵੁੱਡ ਨਾਲ ਇਨ੍ਹਾਂ ਥਿਊਰਮਾਂ ਬਾਰੇ ਗੰਭੀਰ ਚਰਚਾ ਕੀਤੀ। ਉਹ ਇਸ ਸਿੱਟੇ 'ਤੇ ਪਹੁੰਚੇ ਕਿ ਰਾਮਾਨੁਜਨ ਦੇ ਖੋਜ ਕੰਮ ਵਿਚ ਮੌਲਿਕਤਾ ਸੀ। ਪ੍ਰੋ. ਹਾਰਡੀ ਨੇ ਖ਼ਤ ਦੇ ਜਵਾਬ ਵਿਚ ਰਾਮਾਨੁਜਨ ਨੂੰ ਲਿਖਿਆ, ਤੇਰੇ ਖ਼ਤ ਦੇ ਨਾਲ ਨੱਥੀ ਥਿਊਰਮਾਂ ਨੇ ਮੈਨੂੰ ਸੋਚਣ ਲਾ ਦਿੱਤਾ ਹੈ। ਮੈਨੂੰ ਇਨ੍ਹਾਂ ਦੇ ਸਬੂਤ ਫੌਰਨ ਭੇਜ ਅਤੇ ਜੋ ਕੰਮ ਤੂੰ ਭਿੰਨ ਦਿਸ਼ਾਵੀ ਡਾਇਵਰਜੈਟ ਸੀਰੀਜ਼ ਤੇ ਹੋਰ ਲੜੀਆਂ ਬਾਰੇ ਕੀਤਾ ਹੈ, ਮੈਨੂੰ ਉਸ ਦਾ ਵੇਰਵਾ ਭੇਜ। ਪ੍ਰੋ. ਹਾਰਡੀ ਵੱਲੋਂ ਰਾਮਾਨੁਜਨ ਨੂੰ ਇੰਗਲੈਂਡ ਆਉਣ ਦਾ ਸੱਦਾ ਵੀ ਦਿੱਤਾ ਗਿਆ। ਪ੍ਰੋ. ਹਾਰਡੀ ਨੂੰ ਪਤਾ ਸੀ ਕਿ ਰਾਮਾਨੁਜਨ ਇੰਗਲੈਂਡ ਆ ਕੇ ਜਦੋਂ ਹੋਰ ਮਾਹਿਰਾਂ ਨਾਲ ਅਧਿਐਨ ਕਰੇਗਾ ਤਾਂ ਉਹ ਨਵਾਂ ਕੁਝ ਕਰ ਦਿਖਾਵੇਗਾ। ਮਦਰਾਸ ਵਿਸ਼ਵ ਵਿਦਿਆਲੇ ਨੇ ਉਸ ਨੂੰ ਸੰਨ 1914 'ਚ ਦੋ ਸਾਲ ਲਈ, ਢਾਈ ਸੌ ਪੌਂਡ ਸਾਲ ਦਾ ਵਜ਼ੀਫ਼ਾ ਦੇਣਾ ਮੰਨ ਕੇ , ਇੰਗਲੈਂਡ ਭੇਜ ਦਿੱਤਾ। ਉਸ ਨੇ ਕੈਂਬਰਿਜ ਵਿਸ਼ਵ ਵਿਦਿਆਲੇ ਵਿਚ ਪ੍ਰੋ. ਹਾਰਡੀ ਅਧੀਨ ਖੋਜ ਅਧਿਐਨ ਕਰਨਾ ਆਰੰਭਿਆ। ਇੱਥੇ ਉਸ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੰਗ੍ਰੇਜ਼ੀ ਪਾਸ ਕਰਨ ਦਾ ਕੋਈ ਸਰਟੀਫਿਕੇਟ ਨਾ ਹੋਣ ਕਾਰਨ, ਖੁੱਲ੍ਹ ਕੇ ਆਪਣੇ ਵਿਚਾਰ ਵੀ ਪ੍ਰਗਟ ਨਹੀਂ ਸੀ ਕਰ ਸਕਦਾ। ਉਹ ਇੰਗਲੈਂਡ ਦੇ ਸਭਿਆਚਾਰ ਨਾਲ ਇਕਸੁਰ ਨਾ ਹੋ ਸਕਿਆ। ਅੰਗਰੇਜ਼ਾਂ ਵਾਂਗੂੰ ਸਿਰ ਉੱਤੇ ਹੈਟ ਰੱਖਣਾ, ਬੂਟਾਂ ਨਾਲ ਜੁਰਾਬਾਂ ਵੀ ਪਾਉਣੀਆਂ, ਟਾਈ ਬੰਨ੍ਹਣੀ, ਇਹ ਸਭ ਕੁਝ ਉਸ ਨੂੰ ਕੱਚੀ ਕੈਦ ਵਰਗਾ ਲਗਦਾ ਸੀ। ਮੂੰਹ ਨ੍ਹੇਰੇ ਹੀ ਜਾਗ ਪੈਂਦਾ। ਕੜਾਕੇ ਦੀ ਠੰਢ ਵਿਚ ਰੋਜ਼ ਨਹਾਉਣ ਬੈਠ ਜਾਂਦਾ। ਨਹਾਉਣ ਪਿੱਛੋਂ ਪੂਜਾ ਪਾਠ ਕਰਦਾ। ਚੌਂਕਾ ਕੁੱਲ੍ਹਾ ਸੁਆਰਦਾ। ਖਾਣਾ ਖੁਦ ਤਿਆਰ ਕਰਦਾ ਸੀ। ਫਿਰ ਸਾਰਾ ਦਿਨ ਖੋਜ ਕੰਮਾਂ ਵਿਚ ਰੁੱਝਿਆ ਰਹਿੰਦਾ। ਮੌਸਮ ਨਾਲ ਜੱਦੋ-ਜਹਿਦ ਨੇ ਉਸ ਦੀ ਸਿਹਤ ਵਿਗਾੜ ਦਿੱਤੀ ਸੀ। ਮਾਰਚ 1916 'ਚ ਉਸ ਦੇ ਖੋਜ ਕਾਰਜ 'ਉੱਚ ਕੰਪੋਜ਼ਿਟ ਅੰਕ' 'ਤੇ ਉਸ ਨੂੰ ਡਾਕਟ੍ਰੇਟ ਦੀ ਡਿਗਰੀ ਮਿਲੀ। ਪੰਜਾਹ ਪੰਨਿਆਂ ਦਾ ਇਹ ਖੋਜ ਖਰੜਾ ਬਾਦ ਵਿਚ ਲੰਡਨ ਗਣਿਤ ਸੁਸਾਇਟੀ ਦੇ ਰਸਾਲੇ ਵਿਚ ਵੀ ਛਪਿਆ ਸੀ।
ਆਖ਼ਰਕਾਰ 29 ਮਾਰਚ 1919 ਨੂੰ ਰਾਮਾਨੁਜਨ ਭਾਰਤ ਵਾਪਿਸ ਮੁੜ ਆਇਆ। ਉਸ ਦੀ ਪਤਨੀ ਜਾਨਕੀ ਉਸ ਨੂੰ ਬੰਬਈ ਤੋਂ ਆਪਣੇ ਪਿੰਡ ਲੈ ਗਈ ਸੀ। ਉਸ ਦਾ ਸਰੀਰ ਹੱਡੀਆਂ ਦੀ ਇਕ ਮੁੱਠੀ ਬਣ ਚੁੱਕਾ ਸੀ। ਬੰਬਈ ਤੋਂ ਉਸ ਨੂੰ ਮਦਰਾਸ ਲਿਆਂਦਾ ਗਿਆ। ਪਰ ਉਸ ਦੀ ਸਿਹਤ ਵਿਗੜਦੀ ਹੀ ਚਲੀ ਗਈ। ਪਰ ਗਣਿਤ ਪ੍ਰਤੀ ਉਸ ਦਾ ਜਨੂੰਨ ਉਵੇਂ ਵੀ ਬਰਕਰਾਰ ਸੀ। ਨੀਮ ਬੇਹੋਸ਼ੀ ਦੀ ਹਾਲਤ ਵਿਚ ਉਹ ਕਾਗਜ਼ਾਂ 'ਤੇ ਪਤਾ ਨਹੀਂ ਕੀ ਕੀ ਲਿਖੀ ਜਾ ਰਿਹਾ ਸੀ। ਪ੍ਰਮਾਤਮਾ ਨੂੰ ਧਰਤੀ ਦੇ ਕਣ ਕਣ ਵਿਚ ਦੇਖਣ ਵਾਲਾ ਰਾਮਾਨੁਜਨ ਆਖ਼ਰਕਾਰ 26 ਅਪ੍ਰੈਲ, 1920 ਨੂੰ ਕੁੰਭੋਕੋਨਮ, ਤਾਮਿਲਨਾਡੂ ਵਿਚ ਸਾਥੋਂ ਹਮੇਸ਼ਾ ਲਈ ਵਿੱਛੜ ਗਿਆ ਸੀ। ਉਦੋਂ ਉਹ 32 ਸਾਲਾਂ ਦਾ ਸੀ। ਤਾਮਿਲਨਾਡੂ ਵਿਚ ਹੁਣ ਵੀ ਉਸ ਦਾ ਜਨਮ ਦਿਨ 'ਗਣਿਤ ਦਿਵਸ' ਦੇ ਤੌਰ 'ਤੇ ਹਰ ਸਾਲ ਮਨਾਇਆ ਜਾਂਦਾ ਹੈ।
-ਮੋਬਾਈਲ : 9780667686