ਟੀ.ਵੀ. ਦੀ ਸਭ ਤੋਂ ਆਕਰਸ਼ਕ, ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ 12 ਸਤੰਬਰ ਤੋਂ ਦਰਸ਼ਕਾਂ ਲਈ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਉਪਲਬਧ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਵਲੋਂ ਬਣਾਈ ਕਾਮੇਡੀ ਅਤੇ ਡਰਾਮਾ ਵੈੱਬ ਸੀਰੀਅਜ਼ 'ਡੂ ਯੂ ਵਾਨਾ ਪਾਰਟਨਰ?' ਵਿਚ ਤਮੰਨਾ ਭਾਟੀਆ, ਡਾਇਨਾ ਪੇਂਟੀ ਅਤੇ ਨਕੁਲ ਮਹਿਤਾ ਦੇ ਨਾਲ ਨਜ਼ਰ ਆ ਰਹੀ ਹੈ। ਸੀਰੀਜ਼ ਵਿਚ ਸ਼ਵੇਤਾ ਤਿਵਾੜੀ ਦਾ ਅੰਦਾਜ਼ ਅਤੇ ਪੇਸ਼ਕਾਰੀ ਪ੍ਰਸੰਸਕਾਂ ਲਈ ਇਕ ਬਿਲਕੁਲ ਨਵਾਂ ਅਨੁਭਵ ਸਾਬਤ ਹੋ ਰਹੀ ਹੈ। ਏਕਤਾ ਕਪੂਰ ਦੇ ਟੀ.ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ' ਵਿਚ ਪ੍ਰੇਰਣਾ ਸ਼ਰਮਾ ਦੇ ਕਿਰਦਾਰ ਲਈ ਸ਼ਵੇਤਾ ਤਿਵਾੜੀ ਨੂੰ ਵਿਆਪਕ ਰੂਪ 'ਚ ਪਛਾਣ ਮਿਲੀ ਸੀ। ਅੱਜ ਵੀ ਉਸ ਦੇ ਇਸ ਕਿਰਦਾਰ ਨੂੰ ਟੈਲੀਵਿਜ਼ਨ ਦੀ ਸਭ ਤੋਂ ਮਜ਼ਬੂਤ ਔਰਤ ਵਾਲੇ ਕਿਰਦਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਸ਼ਵੇਤਾ ਤਿਵਾੜੀ ਨੇ ਆਪਣੀ ਖ਼ੂਬਸੂਰਤੀ, ਗਲੈਮਰ ਅਤੇ ਹੁਨਰ ਦੇ ਦਮ 'ਤੇ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ ਹੈ। ਉਹ ਪਰਦੇ 'ਤੇ ਜਿੰਨੀ ਖ਼ੂਬਸੂਰਤ ਨਜ਼ਰ ਆਉਂਦੀ ਹੈ, ਉਸ ਤੋਂ ਕਿਤੇ ਜ਼ਿਆਦਾ ਅਸਲ ਜ਼ਿੰਦਗੀ ਵਿਚ ਖ਼ੂਬਸੂਰਤ ਹੈ। ਸ਼ਵੇਤਾ ਆਪਣੇ ਕੰਮ ਤੋਂ ਜ਼ਿਆਦਾ ਆਪਣੀਆਂ ਕਾਤਲ ਅਦਾਵਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਇਸ ਵਧਦੀ ਉਮਰ ਵਿਚ ਵੀ ਸ਼ਵੇਤਾ ਤਿਵਾੜੀ ਕਿਸੇ ਦਾ ਵੀ ਦਿਲ ਬੇਹੱਦ ਸੌਖਿਆਂ ਨਾਲ ਲੁੱਟ ਲੈਂਦੀ ਹੈ। ਉਹ ਆਪਣੇ ਅੰਦਾਜ਼ ਨਾਲ ਅੱਗ ਲਗਾਉਣ ਵਿਚ ਮਾਹਿਰ ਹੈ। ਉਸ ਨੇ ਖ਼ੁਦ ਨੂੰ ਇਕਦਮ ਚੁਸਤ-ਦਰੁੱਸਤ ਰੱਖਿਆ ਹੋਇਆ ਹੈ। ਸ਼ਵੇਤਾ ਦੀ ਹਰ ਦਿੱਖ ਪ੍ਰਸੰਸਕਾਂ ਨੂੰ ਪਸੰਦ ਆਉਂਦੀ ਹੈ। ਸਾਲ 2023 ਵਿਚ ਸ਼ਵੇਤਾ ਤਿਵਾੜੀ ਨੇ ਟਾਈਮ ਨਾਓ ਦੀਆਂ 'ਹਰਮਨਪਿਆਰੀਆਂ ਟੈਲੀਵਿਜ਼ਨ ਅਭਿਨੇਤਰੀਆਂ' ਦੀ ਸੂਚੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ।
ਸ਼ਵੇਤਾ ਤਿਵਾੜੀ ਟੈਲੀਵਿਜ਼ਨ ਤੋਂ ਇਲਾਵਾ ਹੁਣ ਤੱਕ ਹਿੰਦੀ, ਭੋਜਪੁਰੀ, ਪੰਜਾਬੀ, ਕੰਨੜ, ਭਾਰਤੀ ਭਾਸ਼ਾਵਾਂ ਸਮੇਤ ਨੇਪਾਲੀ ਅਤੇ ਪਾਕਿਸਤਾਨੀ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿਚ ਵੀ ਨਜ਼ਰ ਆ ਚੁੱਕੀ ਹੈ। ਪ੍ਰੋਫੈਸ਼ਨਲ ਜ਼ਿੰਦਗੀ ਵਿਚ ਬੇਹੱਦ ਕਾਮਯਾਬ ਰਹੀ ਸ਼ਵੇਤਾ ਤਿਵਾੜੀ ਨੇ ਆਪਣੀ ਅਸਲ ਜ਼ਿੰਦਗੀ ਵਿਚ ਕਾਫ਼ੀ ਦਰਦ ਦੇਖਿਆ ਹੈ। ਦੋ ਵਾਰ ਵਿਆਹ ਵਿਚ ਨਾਕਾਮ ਰਹਿਣ ਦੇ ਬਾਵਜੂਦ ਟੁੱਟਣ ਦੀ ਬਜਾਏ ਸ਼ਵੇਤਾ ਬੇਹੱਦ ਮਜ਼ਬੂਤ ਬਣ ਕੇ ਉੱਭਰੀ ਹੈ।
-ਸੁਭਾਸ਼ ਸ਼ਿਰਢੋਨਕਰ