15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਜ਼ਨਦਾਰ ਗੀਤਕਾਰ ਦਲਜੀਤ ਸਿੰਘ ਅਰੋੜਾ

Ad Position 21
No active advertisement
ਅਜੀਤ ਡੈਸਕ 24-09-2025

ਦਲਜੀਤ ਸਿੰਘ ਅਰੋੜਾ ਨੇ ਜ਼ਿਆਦਾਤਰ ਗੀਤ ਪੰਜਾਬੀ ਫ਼ਿਲਮਾਂ ਲਈ ਹੀ ਲਿਖੇ ਹਨ, ਜਿਨ੍ਹਾਂ ਨੂੰ ਪ੍ਰਸਿੱਧ ਗਾਇਕਾਂ ਨੇ ਅਲੰਕਰਿਤ ਕੀਤਾ ਹੈ। ਉਨ੍ਹਾਂ ਨੇ ਸਮਾਜਿਕ, ਧਾਰਮਿਕ, ਵੀਰਰਸ, ਕਰੁਨਾਰਸ ਅਤੇ ਰੁਮਾਂਟਿਕ ਗੀਤਾਂ ਨੂੰ ਫ਼ਿਲਮੀ ਪਟਕਥਾ ਅਨੁਸਾਰ ਲਿਖਿਆ ਹੈ। ਗੀਤਕਾਰੀ ਦੇ ਜਗਤ ਵਿਚ ਇਕ ਵਜ਼ਨਦਾਰ ਗੀਤਾਂ ਦੇ ਸੰਕੇਤ ਉਭਰਦੇ ਸੁਣਾਈ ਦਿੰਦੇ ਹਨ। ਵੈਸੇ ਤਾਂ ਦਲਜੀਤ ਸਿੰਘ ਅਰੋੜਾ ਨੂੰ ਸਾਰਾ ਪੰਜਾਬੀ ਫ਼ਿਲਮ ਜਗਤ ਇਕ ਸੰਪਾਦਕ ਵਜੋਂ ਜਾਣਦਾ ਹੀ ਹੈ ਅਤੇ ਉਹ ਕਦੇ-ਕਦੇ ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਵਿਚ ਬਤੌਰ ਕਲਾਕਾਰ ਵੀ ਹਾਜ਼ਰੀ ਭਰਦਾ ਦਿੱਸਦਾ ਹੈ। ਜਦੋਂ ਗੱਲ ਦੇਸ਼ ਭਗਤੀ ਤੇ ਵੀਰ ਰਸ ਵਾਲੇ ਗੀਤ ਲਿਖਣ ਦੀ ਹੋਵੇ ਤਾਂ ਦਲਜੀਤ ਸਿੰਘ ਅਰੋੜਾ ਦੀ ਕਲਮ 'ਚੋਂ ਜਨਮੇ ਗੀਤ 'ਦੁਨੀਆ ਦੇ ਹਰ ਇਕ ਝੰਡੇ 'ਤੇ ਸਾਡਾ ਇਕ ਤਿੰਰਗਾ ਭਾਰੀ' (ਗਾਇਕ ਨਛੱਤਰ ਗਿੱਲ ਅਤੇ ਫਿਰੋਜ਼ ਖਾਨ) ਫ਼ਿਲਮ 'ਸਲਿਊਟ' ਤੇ ਦੂਜਾ ਗੀਤ 'ਡੌਲੇ' (ਦਲੇਰ ਮਹਿੰਦੀ) ਫ਼ਿਲਮ 'ਨਿਡਰ' ਵਿਚ ਕੋਈ ਕਸਰ ਬਾਕੀ ਨਜ਼ਰ ਨਹੀਂ ਆਉਂਦੀ ਅਤੇ ਅਕਸਰ ਇਹ ਗੀਤ ਫ਼ੌਜੀ ਕੈਂਪਾਂ ਅਤੇ ਸਰਕਾਰੀ ਪ੍ਰੋਗਰਾਮਾਂ ਵਿਚ ਕੋਰੀਓਗ੍ਰਾਫ਼ ਕੀਤੇ ਜਾਂਦੇ ਹਨ। ਜੇ ਗੱਲ ਵੈਰਾਗਮਈ ਗੀਤਾਂ ਦੀ ਕਰੀਏ ਤਾਂ ਗੱਲ 'ਬੇਵੱਸ ਹੋਈ' (ਫ਼ਿਲਮ ਪਾਵਰਕੱਟ) ਅਤੇ 'ਦਰਦ ਵਿਛੋੜੇ ਦੇ' (ਦੋਵੇਂ ਗੀਤ ਮਾਸਟਰ ਸਲੀਮ), 'ਕੀ ਮਿਲਿਆ ਤੇਰੀ ਹੋ ਕੇ' (ਜਾਵੇਦ ਬਾਸ਼ੀਰ-ਅਕਬਰ ਅਲੀ-ਪਾਕਿਸਤਾਨੀ ਗਾਇਕ), 'ਸਾਰੀ ਉਮਰਾਂ ਦੇ ਪੈ ਗਏ ਵਿਛੋੜੇ' (ਤਰਲੋਚਨ ਸਿੰਘ-ਜੋਤੀਕਾ ਟਾਂਗਰੀ) ਤੋਂ ਇਉਂ ਲੱਗਦਾ ਹੈ ਕਿ ਇਨ੍ਹਾਂ ਵਿਚ ਹਰ ਨਾਕਾਮ ਆਸ਼ਕ ਦੀ ਗਾਥਾ ਲੁਕੀ ਹੋਈ ਹੈ। ਇਸ ਦੇ ਉਲਟ ਜੇ ਉਸ ਨੂੰ ਰੋਮਾਂਟਿਕ ਗੀਤ ਲਿਖਣ ਲਈ ਕਿਹਾ ਜਾਂਦਾ ਹੈ ਤਾਂ 'ਲਵ ਯੂ ਮੇਰੀ ਸਰਕਾਰ' (ਮੰਨਤ ਨੂਰ-ਗੁਰਮੀਤ ਸਿੰਘ) ਦੇ ਬੋਲਾਂ ਵਿਚ ਪਿਆਰ ਦਾ ਹਰ ਰੰਗ ਮੌਜੂਦ ਹੈ। ਹੁਣ ਜੇ ਨੌਜਵਾਨਾਂ ਦਾ ਧਿਆਨ ਖਿੱਚਦੇ ਬੀਟ ਗੀਤਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਉਸ ਦੇ ਬੋਲਾਂ ਦਾ ਨਵਾਂ ਰੂਪ ਸਾਹਮਣੇ ਆਉਂਦਾ ਹੈ, ਜਿਨ੍ਹਾਂ ਵਿਚ ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਗਾਇਆ ਗੀਤ 'ਯੰਗ ਮਲੰਗ', 'ਬੁਲਟ ਦੀ ਗੇੜੀ' (ਸਿਮਰਨ ਭਾਰਦਵਾਜ), ਲਹਿੰਬਰ ਹੁਸੈਨਪੁਰੀ ਦਾ ਗਾਇਆ ਗੀਤ 'ਯਾਰਾਂ ਦੇ ਯਾਰ' ਅਤੇ ਫ਼ਿਲਮ 'ਯਾਰ ਅਣਮੁੱਲੇ 2' ਦਾ ਗੀਤ 'ਮਨ ਡੋਲੇ ਤਨ ਡੋਲੇ' ਲੇਖਕ ਦੇ ਜਵਾਨ ਦਿਲ ਦੀ ਗਵਾਹੀ ਭਰਦੇ ਹਨ। ਫ਼ਿਲਮ 'ਆਸਰਾ' ਦਾ ਜਸਪਿੰਦਰ ਨਰੂਲਾ ਵਲੋਂ ਗਾਇਆ ਗੀਤ 'ਸ਼ੁਕਰਾਨਾ', 'ਤੇਰਾਂ ਤੇਰਾਂ ਬੋਲ ਗਿਆ' (ਮੀਤ ਕੌਰ) ਦੇ ਅਲਫਾਜ਼ ਵੀ ਬਾਕਮਾਲ ਹਨ ਅਤੇ ਬੇਜ਼ੁਬਾਨ ਜਾਨਵਰਾਂ ਦੀ ਦਾਸਤਾਨ ਬਿਆਨ ਕਰਦੇ ਦੋ ਹਿੰਦੀ ਗੀਤ 'ਬੇਜ਼ੁਬਾਨ' ਅਤੇ 'ਬੇਜ਼ੁਬਾਨ 2' (ਗਾਇਕ ਯਾਕੂਬ) ਸਰੋਤਿਆਂ ਦੇ ਕਰੋੜਾਂ ਵਿਊਜ਼ ਹਾਸਿਲ ਕਰ ਚੁੱਕੇ ਹਨ। ਜੇ ਸਿੱਖ ਨੌਜਵਾਨ ਵਿਚ ਸਿੱਖੀ ਦਾ ਜਜ਼ਬਾ ਭਰਨ ਲਈ ਗੀਤ ਘੜਣ ਦੀ ਗੱਲ ਹੋਵੇ ਤਾਂ ਫ਼ਿਲਮ 'ਗੁਰਮੁਖ' ਦਾ ਨਛੱਤਰ ਗਿੱਲ ਵਲੋਂ ਗਾਇਆ ਗੀਤ 'ਦੁੱਕੀ ਤਿੱਕੀ' ਆਪਣੇ-ਆਪ ਵਿਚ ਉਦਾਹਰਨ ਹੈ। ਫ਼ਿਲਮ '47 ਤੋਂ 84' ਦਾ ਇਹ ਗੀਤ 'ਘਰ ਵਿਚ ਬੇ ਘਰ ਹੋਏ ਇਸ ਮੁਲਕ ਦੇ ਵਾਸੀ ਦੀ, ਏ ਲੰਬੀ ਕਹਾਣੀ ਏ 47 ਤੋਂ 84 ਦੀ' ਸਰੋਤਿਆਂ ਦੇ ਰੌਂਗਟੇ ਖੜ੍ਹੇ ਕਰਦਾ ਹੈ। ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਦੇ ਵਰਸਟਾਈਲ ਬਾਲੀਵੁੱਡ ਫ਼ਿਲਮੀ ਅਤੇ ਪੰਜਾਬੀ ਗੀਤ ਤੁਹਾਨੂੰ ਵੇਖਣ-ਸੁਣਨ ਨੂੰ ਮਿਲਣਗੇ, ਜਿਨ੍ਹਾਂ ਵਿਚ ਕਨਿਕਾ ਕਪੂਰ, ਫਿਰੋਜ਼ ਖ਼ਾਨ ਅਤੇ ਕੰਵਰ ਗਰੇਵਾਲ ਸਮੇਤ ਹੋਰ ਵੀ ਵੱਡੇ ਗਾਇਕਾਂ ਦੀਆਂ ਆਵਾਜ਼ਾਂ ਸ਼ਾਮਿਲ ਹਨ।

-ਬਲਵਿੰਦਰ ਬਾਲਮ ਗੁਰਦਾਸਪੁਰ

Ad Position 22
No active advertisement
ਪਿਛਲੀ ਖ਼ਬਰ ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ ਅਗਲੀ ਖ਼ਬਰ ਕਾਬਲੀਅਤ ਵਿਚ ਕੋਈ ਕਮੀ ਨਹੀਂ-ਜਾਹਨਵੀ ਕਪੂਰ
Ad Position 24