ਲੋਕ ਵੇਦਨਾ
ਇਕ ਬੱਚੇ ਦਾ ਰੁਝਾਨ ਖੇਡਾਂ ਵੱਲ ਹੈ | ਇਸ ਨਾਲ ਉਸ ਦੀ ਜ਼ਿੰਦਗੀ ਤਰੱਕੀ ਦੇ ਰਾਹ 'ਤੇ ਪੂਰੀ ਸਫਲਤਾ ਨਾਲ ਵਾਟ ਤੈਅ ਕਰਨ ਲਗਦੀ ਹੈ | ਅਚਨਚੇਤ ਉਸ ਬੱਚੇ ਦਾ ਰੁਝਾਨ ਬਦਲਦਾ ਹੈ | ਇਸ ਦਾ ਕਾਰਨ ਉਸ ਨੂੰ ਮਿਲੇ ਇਕ ਨਵੇਂ ਮਿੱਤਰ ਦੀ ਸੰਗਤ ਹੈ | ਸਿੱਟਾ ਇਹ ਨਿਕਲਦਾ ਹੈ ਕਿ ਉਸ ਦਾ ਵਕਤ ਖੇਡ ਮੈਦਾਨ ਵਿਚ ਬੀਤਣ ਦੀ ਬਜਾਏ ਸ਼ਰਾਰਤੀ ਅਤੇ ਨਿਕੰਮੇ ਛੋਕਰਿਆਂ ਨਾਲ ਬੀਤਣ ਲਗਦਾ ਹੈ | ਇਸ ਦੇ ਨਾਲ ਉਸ ਦਾ ਖੇਡ ਕੋਚ ਬੇਹੱਦ ਪ੍ਰੇਸ਼ਾਨ ਹੋਇਆ | ਉਸ ਦੇ ਮਾਪੇ ਪ੍ਰੇਸ਼ਾਨ ਹੋਏ | ਉਹ ਖੁਦ ਪ੍ਰੇਸ਼ਾਨ ਰਹਿਣ ਲੱਗਾ | ਇਸ ਤਰ੍ਹਾਂ ਜਦੋਂ ਚੰਗੇ ਭਲੇ ਰੁਝਾਨ ਦੀ ਤਬਦੀਲੀ ਮਾੜੇ ਰੁਝਾਨ ਵਿਚ ਬੰਦੇ ਨੂੰ ਦਾਖਲਾ ਦਿਵਾਉਂਦੀ ਹੈ ਤਾਂ ਬੰਦੇ ਤੋਂ ਖੁਸ਼ੀਆਂ ਖੇੜਿਆਂ ਦਾ ਰੁੱਸ ਜਾਣਾ ਕੁਦਰਤੀ ਹੈ |
ਪੂਰੇ ਵਿਸ਼ਵ ਵਿਚ ਚੱਲ ਰਹੇ ਨਸ਼ਿਆਂ ਦੇ ਰੁਝਾਨ ਕਰਕੇ ਨੌਜਵਾਨ ਮੁੰਡੇ-ਕੁੜੀਆਂ ਦੀ ਜ਼ਿੰਦਗੀ 'ਓਝੜ' ਰਾਹੇ ਪੈ ਗਈ ਹੈ, ਜਿਸ ਨਾਲ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ, ਸਭ ਦੇ ਜ਼ਿਹਨ 'ਚ ਇਹੋ ਪ੍ਰਸ਼ਨ ਉੱਭਰਦਾ ਹੈ ਕਿ ਹੁਣ ਇਸ ਪਰਿਵਾਰ ਦਾ ਕੀ ਬਣੇਗਾ? ਵਕਤ ਆਉਂਦਾ ਹੈ ਤਾਂ ਇਸ ਪ੍ਰਸ਼ਨ ਦਾ ਉੱਤਰ ਅੱਖਾਂ ਦੇ ਸਨਮੁੱਖ ਇਹ ਆਕਾਰ ਅਖ਼ਤਿਆਰ ਕਰਦਾ ਕਿ ਨੌਜਵਾਨ ਮੌਤ ਦੀ ਆਗੋਸ਼ ਵਿਚ ਸਮਾ ਜਾਂਦੇ ਹਨ | ਮਾਪੇ, ਭੈਣ-ਭਰਾ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ |
ਜਦੋਂ ਇਕ ਮਿਹਨਤਕਸ਼ ਬੰਦੇ ਦਾ ਰੁਝਾਨ ਚੋਰੀ ਕਰਨ ਦੇ ਚਸਕੇ ਵਿਚ ਬਦਲਦਾ ਹੈ, ਬਦਨਾਮੀ ਦੇ ਤਗਮੇ ਗਲ ਦਾ ਹਾਰ ਬਣਨ ਲਗਦੇ ਹਨ | ਨਮੋਸ਼ੀ ਅਤੇ ਸ਼ਰਮ ਦੇ ਭਾਵ ਉਸ ਦੇ ਪਰਿਵਾਰ ਦੇ ਚਿਹਰਿਆਂ 'ਤੇ ਪੱਕੇ ਡੇਰੇ ਲਗਾ ਬਹਿੰਦੇ ਹਨ | ਥਾਣਿਆਂ, ਕਚਹਿਰੀਆਂ ਦੇ ਚੱਕਰ ਉਸ ਪਰਿਵਾਰ ਨੂੰ ਅਜਿਹੇ ਚੱਕਰਾਂ 'ਚ ਪਾਉਂਦੇ ਹਨ ਕਿ ਖ਼ੁਸ਼ੀ-ਖ਼ੁਸ਼ਹਾਲੀ ਉਸ ਪਰਿਵਾਰ ਦੇ ਘਰ ਦੇ ਵਿਹੜੇ ਦਾ ਚੱਕਰ ਲਗਾਉਣੇ ਭੁੱਲ ਜਾਂਦੀ ਹੈ | ਚੰਗਾ ਰੁਝਾਨ ਨਾ ਬਦਲੇ | ਮਾੜਾ ਰੁਝਾਨ ਜ਼ਿੰਦਗੀ ਦਾ ਹਿੱਸਾ ਨਾ ਬਣੇ | ਨਹੀਂ ਤਾਂ ਜ਼ਿੰਦਗੀ ਦਾ ਰੁਝਾਨ ਮੰੂਹ ਮੋੜ ਲੈਂਦਾ ਹੈ ਅਤੇ ਮੌਤ ਦੇ ਰੁਝਾਨ ਦੇ ਬੂਹੇ ਚੁਪੱਟ ਖੁੱਲ੍ਹ ਜਾਂਦੇ ਹਨ |
-ਮੋਬਾਈਲ : 98146-81444