ਸਿਆਣਿਆਂ ਦੀ ਕਹਾਵਤ ਹੈ ਜਿੱਡੀ ਚਾਦਰ ਹੋਵੇ ਓਨੇ ਕੁ ਪੈਰ ਪਸਾਰੀਏ ਤਾਂ ਠੀਕ ਰਹਿੰਦਾ ਹੈ | ਚਾਦਰ ਵੇਖ ਕੇ ਪੈਰ ਪਸਾਰਨੇ ਜ਼ਿੰਦਗੀ ਜੀਣ ਦਾ ਵੱਡਾ ਨੁਕਤਾ ਹੈ | ਜੇ ਆਸਮਾਨ ਵੱਲ ਵੇਖਦੇ ਰਹਾਂਗੇ ਤਾਂ ਸਾਡੇ ਪੈਰਾਂ ਨੂੰ ਠੋਕਰਾਂ ਹੀ ਲੱਗਣਗੀਆਂ | ਜੇਕਰ ਅਸੀਂ ਆਪਣੇ ਪੈਰਾਂ ਵਲ ਵੇਖ ਕੇ ਚੱਲਾਂਗੇ, ਤਾਂ ਸਾਨੂੰ ਤੁਰਨ ਵਿਚ ਕੋਈ ਖਾਸ ਅੜਚਨ ਨਹੀਂ ਆਵੇਗੀ ਕਿਉਂਕਿ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸੀਬਤਾਂ ਨੂੰ ਸਮਝ ਕੇ ਇਨ੍ਹਾਂ ਤੋਂ ਬਚਣ ਲਈ ਕੋਸ਼ਿਸ਼ ਕਰਾਂਗੇ | ਕਿ੍ਸ਼ਨ ਸਿੰਘ ਆਪਣੀ ਧੀ ਕਰਮੋ ਦਾ ਰਿਸ਼ਤਾ ਵਿਚੋਲਿਆਂ ਦੀਆਂ ਗੱਲਾਂ ਵਿਚ ਆ ਕੇ ਧੀ ਦੇ ਸੁਖ ਲਈ ਆਪ ਤੋਂ ਉੱਚਿਆਂ ਨਾਲ ਜੋੜ 'ਮੱਕੜੀ ਦੇ ਜਾਲ' ਵਿਚ ਫਸ ਗਿਆ | ਜਦ ਸ਼ਗਨ ਤੋਂ ਬਾਅਦ ਵਿਆਹ ਦੀ ਵਾਰੀ ਆਈ ਤਾਂ ਜਿਹੜੇ ਕਹਿੰਦੇ ਸਨ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਸਵਾ ਰੁਪੈ ਦੀ ਦੇਗ ਕਰਾ ਲਾਵਾਂ ਕਰ ਕੇ ਵਿਆਹ ਕਰਾਂਗੇ, ਅੱਜ ਉਨ੍ਹਾਂ ਦਾ ਗੁਰੂ ਤੋਂ ਬੇਮੁਖ ਹੋਣ ਲੱਗਿਆਂ ਦਾ ਪਤਾ ਹੀ ਨਹੀਂ ਲੱਗਾ | ਵਿਆਹ ਤੋਂ ਪਹਿਲਾਂ ਮੰਗਾਂ ਦੀ ਲਿਸਟ ਭੇਜ ਵਿਆਹ ਦੀ ਤਿਆਰੀ ਕਰਨ 'ਤੇ ਜ਼ੋਰ ਦੇਣ ਲਗੇ | ਸਾਡਾ ਸ਼ਰੀਕਾ ਕੀ ਕਹੇਗਾ ਕਿ ਮੁੰਡਾ ਬਿਲਕੁਲ ਨੰਗਾਂ ਦੇ ਘਰ ਹੀ ਮੰਗ ਲਿਆ | ਸੋ, ਭਾਈ, ਮੇਰੀ ਪਿੰਡ 'ਚ ਪੈਂਠ (ਇੱਜ਼ਤ ਰੋਅਬ) ਬਹੁਤ ਹੈ | ਸਰਪੰਚ ਦੀ ਮਿਲਣੀ ਵੀ ਕਰਾਉਣੀ ਹੈ ਕੁੱਲ ਮਿਲਾ ਕੇ ਇੱਕੀ ਮਿਲਣੀਆਂ ਇਹ ਬਹੁਤ ਜ਼ਰੂਰੀ ਹੈਨ, ਸਾਡਾ ਨੱਕ ਨਹੀਂ ਰਹਿੰਦਾ | ਮੁੰਡੇ ਲਈ ਫਿਟ-ਫਿਟੀਆ (ਵੱਡਾ ਮੋਟਰਸਾਈਕਲ) ਗਲ ਨੂੰ ਕੈਂਠਾ ਤੇ ਕੜ੍ਹਾ ਸਹੁਰੇ ਨੂੰ ਮੁੰਦਰੀ ਤੇ ਕੜਾ, ਸੱਸ ਵਾਸਤੇ ਮੁੰਦਰੀ ਤੇ ਕਾਂਟੇ, ਚਲੋ ਬਾਕੀ ਛਾਪਾਂ ਨਾਲ ਸਾਰ ਲਿਓ ਕੋਈ ਹਰਜ਼ ਨਹੀਂ | ਹਾਂ ਇਕ ਗਲ ਹੋਰ ਜੰਝ ਤਕਰੀਬਨ ਸੌ ਬੰਦਿਆਂ ਤੋਂ ਜ਼ਿਆਦਾ ਹੈ | ਜੰਝ ਦੀ ਸੇਵਾ ਵਿਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ, ਮੀਟ ਮੱਛੀ ਤੇ ਮੁਰਗਾ ਨਾਲ ਵਿਸਕੀ ਹੋਣੀ ਜ਼ਰੂਰੀ ਹੈ | ' ਰੂੜੀ ਮਾਰਕਾ ਨਹੀਂ ਚੱਲੇਗੀ | ਇਹ ਸੁਣ ਕਿਸ਼ਨ ਸਿੰਘ ਸੋਚਣ ਲੱਗਾ ਕਿ ਹੁਣ ਕੀ ਕੀਤਾ ਜਾਵੇ | ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਹੈ | ਜੇ ਮੰਗਾਂ ਪੂਰੀਆਂ ਕਰਦਾ ਹਾਂ, ਤਾਂ ਪੱਲੇ ਕੁਝ ਨਹੀਂ ਰਹਿਣਾ | ਜੇਕਰ ਰਿਸ਼ਤੇ ਤੋਂ ਜਵਾਬ ਦੇਵਾਂ ਤਾਂ ਦੋਵਾਂ ਪਿੰਡਾਂ ਵਿਚ ਬੇਇੱਜ਼ਤੀ ਹੋਊ ਹੁਣ ਕੀ ਕਰਾਂ? ਆਖਰ ਇੱਜ਼ਤ ਦੀ ਖ਼ਾਤਰ ਸੋਚਦਿਆਂ-ਸੋਚਦਿਆਂ ਵਕਤ ਬਹੁਤ ਥੋੜ੍ਹਾ ਰਹਿ ਰਿਆ | ਇਧਰ ਪੈਸੇ ਵਾਲੇ ਘੱਟ ਨਹੀਂ ਸਨ | ਬਹਾਨੇ ਬਣਾਉਣ ਲੱਗੇ ਕਿ ਭਈ ਏਨਾ ਪੈਸਾ ਚਾਹੀਦਾ ਸੀ ਤਾਂ ਘੱਟੋ ਘੱਟ ਪਹਿਲਾਂ ਤਾਂ ਦੱਸਣਾ ਸੀ | ਹੁਣ ਅਸੀਂ ਕੀ ਕਰੀਏ? ਬਹਾਨੇ ਬਾਜ਼ੀ ਕਰ 2 ਕਿੱਲੇ ਜ਼ਮੀਨ ਸਮਝੋ ਗਹਿਣੇ ਦੇ ਭਾ ਬੈਅ ਖ਼ਰੀਦ ਗਏ |
ਧੀ ਕਰਮੋ ਆਪਣੇ ਸਹੁਰੇ ਘਰ ਚਲੀ ਗਈ | ਕਿਸ਼ਨ ਸਿੰਘ ਦੇ ਮਗਰੋਂ ਕਰਮੇ ਨੇ ਖੇਤੀ ਦਾ ਕੰਮ ਸੰਭਾਲਿਆ ਤੇ ਘਰ ਦਾ ਗੁਜ਼ਰ-ਬਸਰ ਚੱਲਣ ਲੱਗਾ | ਸਮਾਂ ਪਾ ਕੇ ਕਰਮੋ ਨੇ ਕੁੜੀ ਮੁੰਡੇ ਦਾ ਵਿਆਹ ਰੱਖ ਲਿਆ, ਆਪਣੇ ਪੇਕੇ ਘਰ ਆ ਕੇ ਕਰਮੋ 'ਨਾਨਕੀ ਸ਼ਕ' ਬਾਰੇ ਕਹਿ ਹਦਾਇਤਾਂ ਕਰਨ ਵੇਖੀਂ ਕਿਤੇ ਵੀਰ ਮੇਰੇ ਸ਼ਰੀਕੇ ਵਿਚ ਮੇਰਾ ਨੱਕ ਨਾ ਵਢ੍ਹਾ ਦੇਵੀਂ ਕਿ ਕਰਮੋਂ ਦੇ ਪੇਕੇ ਨਿਗੱਲੇ ਹੀ ਨਿਕਲੇ | ਬੜੇ ਸੋਹਣੇ ਬਣ ਕੇ ਆਇਓ | ਕਰਮਾਂ ਵੀ ਵਿਚਾਰਾ ਭੈਣ ਦੀਆਂ ਗੱਲਾਂ ਵਿਚ ਆ ਕੇ ਨੱਕ ਲਾਉਣ ਦੀ ਸੋਚਣ ਲੱਗਾ ਸਾਰੀ ਹਾੜ੍ਹੀ ਆੜ੍ਹਤੀਏ ਨੂੰ ਵੇਚ ਦੋਧੀ ਕੋਲੋਂ ਵੀ ਪਹਿਲਾਂ ਪੈਸੇ ਤੇ ਫਿਰ ਹੋਰ ਸੱਜਣਾਂ ਮਿੱਤਰਾਂ ਕੋਲੋ ਫੜ-ਫੜਾ ਨਾਨਕੀ ਸ਼ੱਕ ਪੂਰੀ ਕਰ ਕਰਮੋ ਦੇ ਘਰ ਪਹੁੰਚਾ ਤਾਂ ਸਹੀ ਪਰ ਕਰਮੋਂ ਦੇ ਮੱਥੇ ਦੇ ਤੇਵਰ ਕੁਝ ਹੋਰ ਹੀ ਰਹੇ | ਜੋ ਇੱਜ਼ਤ ਕਰਮਾ ਚਾਹੁੰਦਾ ਸੀ ਉਹ ਭੈਣ ਦੇ ਘਰੋਂ ਨਾ ਮਿਲੀ ਤੇ ਕਰਮਾ ਵੇਲਾ ਭੁਗਤਾ ਕੇ ਆਪਣੇ ਘਰ ਆ ਰਿਆ | ਕੁਝ ਦਿਨਾਂ ਬਾਅਦ ਕਰਮੇ' ਦੀ ਘਰਵਾਲੀ ਨੇ ਆਟੇ ਵਾਲੀ ਮੱਟੀ ਵਿਚ ਹੱਥ ਮਾਰਿਆ ਤਾਂ ਤਿੰਨਾਂ ਕੁ ਰੋਟੀਆਂ ਦਾ ਆਟਾ ਨਿਕਲਿਆ | ਇਕ ਰੋਟੀ ਬੇਬੇ ਨੂੰ ਤੇ ਇਕ ਇਕ ਰੋਟੀ ਦੋਵਾਂ ਬੱਚਿਆਂ ਨੂੰ ਦੇ ਕੇ ਆਪ ਦਾਲ ਸਬਜ਼ੀ ਖਾ ਕੇ ਗੁਜ਼ਾਰਾ ਕੀਤਾ ਹਾੜ੍ਹੀ ਪਹਿਲਾਂ ਵਿਕ ਗਈ ਦੋਧੀ ਤੋਂ ਸੱਜਣਾ-ਮਿੱਤਰਾਂ ਤੋਂ ਪਹਿਲਾਂ ਹੀ ਪੈਸੇ ਫੜੇ ਹੁਣ ਹੋਰ ਕਿਹੜਾ ਬਾਂਹ ਫੜੇ | ਦੋ ਦਿਨ ਦੀ ਭੁੱਖ ਸੀ ਕੁਝ ਨਹੀਂ ਸੁਝਦਾ | ਕੁਝ ਸੋਚ ਹਵੇਲੀ ਵਿਚ ਗਿਆ | ਕਮਰੇ ਵਿਚ ਡੰਗਰਾਂ ਲਈ ਰੱਖੀ ਤੂੜੀ ਵੇਚਣ ਦਾ ਫੈਸਲਾ ਕਰ ਲਿਆ | ਤੂੜੀ ਦੀਆਂ ਗੰਢਾਂ ਬੰਨ੍ਹਦਿਆਂ ਵੇਖ ਪਸ਼ੂਆਂ ਅੜਾਉਣਾ ਚਾਲੂ ਕਰ ਦਿੱਤਾ ਇਹ ਵੇਖ ਕਰਮੇ ਦੀਆਂ ਅੱਖਾਂ ਭਰ ਆਈਆਂ | ਉਨ੍ਹਾਂ ਦੇ ਸਿਰ ਪਲੋਸ, ਉਹ ਕਹਿਣ ਲੱਗਾ, 'ਉਇ ਬੇਜ਼ਬਾਨੋ' ਮੈਂ ਤੁਹਾਡਾ ਹੱਕ ਖੋਹਣ ਨਹੀਂ ਲੱਗਾ ਇਹ ਤਾਂ ਮੈਂ ਤੁਹਾਡੇ ਕੋਲੋਂ ਹੱਥ 'ਉਧਾਰ' ਲੈ ਰਿਹਾ ਹਾਂ, ਪਰ ਮੈਂ ਤੁਹਾਡਾ ਹੱਕ ਨਹੀਂ ਮਾਰਾਂਗਾ |
ਕਰਮੇ ਤੂੜੀ ਵੇਚ, ਆਪਣੇ ਰਾਸ਼ਨ ਦਾ ਪ੍ਰਬੰਧ ਕਰ, ਅੱਗੇ ਆਪਣੇ ਸਮੇਂ ਦੀ ਵਿਚਾਰ ਕਰ ਮਜ਼ਦੂਰੀ ਲਈ ਰਾਜ ਮਿਸਤਰੀ ਨਾਲ ਕੰਮ ਕਰਨ ਲਈ ਪੱਕੀ ਗੱਲ ਕਰ ਲਈ | ਮਿਸਤਰੀ ਬਹੁਤ ਮਸ਼ਹੂਰ ਸੀ ਜੋ ਲਾਗੇ ਬੰਨੇ ਦੇ ਲੋਕ ਜ਼ਿਆਦਾ ਇਸ ਮਿਸਤਰੀ ਤੋਂ ਹੀ ਕੰਮ ਕਰਾ ਕੇ ਖੁਸ਼ ਹੁੰਦੇ ਸਨ, ਕਿਉਂਕਿ ਉਹ ਕੰਮ ਇਮਾਨਦਾਰੀ ਨਾਲ ਸੋਹਣਾ ਕਰਦਾ ਸੀ | ਇਸ ਕਰਕੇ ਨਰਾਇਣੇ ਮਿਸਤਰੀ ਨਾਲ ਕਰਮਾ ਜਿਥੇ ਵੀ ਕੰਮ ਮਿਲਦਾ, ਉਥੇ ਹੀ ਜਾਂਦਾ | ਇਕ ਵਾਰ ਕਰਮੋ ਦੇ ਸਹੁਰੇ ਉਨ੍ਹਾਂ ਦੇ ਸ਼ਰੀਕੇ ਵਿਚ ਕੰਮ ਮਿਲਿਆ | ਨਰਾਇਣਾ ਤੇ ਕਰਮਾ ਕੰਮ ਕਰਨ ਗਏ | ਕਿਸੇ ਨੇ ਕਰਮੋ ਨੂੰ ਦੱਸਿਆ ਕਿ ਤੇਰਾ ਭਰਾ ਰਾਜ ਮਿਸਤਰੀ ਪਿੱਛੇ ਮਜਦੂਰੀ ਕਰਨ ਤੇਜੂ ਦੇ ਘਰ ਆਇਆ ਹੈ | ਇਹ ਸੁਣ ਕਰਮੋ ਬੜੇ ਗੁੱਸੇ ਨਾਲ ਸ਼ਰੀਕਾਂ ਦੇ ਘਰ ਕੰਮ ਕਰਦਾ ਵੇਖ ਬਹੁਤ ਉੱਚਾ ਨੀਵਾਂ ਬੋਲਣ ਲੱਗੀ, ਤੈਨੂੰ ਸ਼ਰਮ ਨਾ ਆਈ ਕਰਮਿਆਂ ਮੇਰਾ ਨੱਕ ਵੱਢ ਕੇ ਰੱਖ ਦਿੱਤਾ ਈ, ਮੈਨੂੰ ਆਪਣੇ ਸ਼ਰੀਕੇ ਵਿਚ ਨੱਕ ਦੇਣ ਜੋਗੀ ਨਹੀਂ ਛੱਡਿਆ | ਕਰਮਾਂ ਆਪਣਾ ਕੰਮ ਕਰਦਾ ਸਭ ਕੁਝ ਧੀਰਜ ਨਾਲ ਸੁਣਦਾ ਰਿਹਾ, ਜਦ ਕਰਮੋਂ ਬੋਲ ਕੇ ਹਟ ਗਈ, ਤਾਂ ਕਰਮਾ ਕਹਿਣ ਲੱਗਾ ਭੈਣ ਕਿਸ ਦਾ ਨੱਕ ਵਢਿਆ ਗਿਆ | ਮੈਂ ਤੇਰਾ ਨੱਕ ਤੇਰੇ ਸ਼ਰੀਕੇ ਵਿਚ ਕਾਇਮ ਰੱਖਿਆ, ਤੁੂੰ ਆਪ ਹੀ ਕਹਿੰਦੀ ਸੈਂ ਕਿ ਮੇਰੇ ਸ਼ਰੀਕੇ ਵਿਚ ਮੇਰਾ ਨੱਕ ਕਾਇਮ ਰਹਿਣਾ ਚਾਹੀਦਾ ਹੈ, ਤੇਰਾ ਨੱਕ ਤਾਂ ਤੇਰੇ ਸ਼ਰੀਕੇ ਵਿਚ ਕਾਇਮ ਰਿਹਾ | ਇਹ ਸੀ ਤੇਰੀ ਨਾਨਕੀ ਸ਼ੱਕ ਜੋ ਪੂਰੀ ਕਰ ਤਾਂ ਦਿੱਤੀ, ਪਰ ਮੈਂ ਆਪਣੇ ਢਿੱਡ ਦੀ ਅੱਗ ਕਿਥੋਂ ਬੁਝਾਵਾਂ? ਤੂੰ ਹੀ ਦੱਸ, ਮੈਂ ਤੇਰੇ ਸ਼ਰੀਕੇ ਦੇ ਘਰ ਡਾਕਾ ਮਾਰਨ ਨਹੀਂ ਆਇਆ ਕਿ ਤੇਰਾ ਨੱਕ ਨਹੀਂ ਰਿਹਾ | ਮਿਹਨਤ ਕਰ ਕੇ ਟੁੱਕ ਖਾਣਾ ਕੋਈ ਮਾੜਾ ਹੈ ਤਾਂ ਦੱਸ? ਜੇ ਮਾਇਆ ਦੇ ਹੁੰਦਿਆਂ ਵੀ ਬੰਦਾ ਮਰੂੰ-ਮਰੂੰ ਕਰਦਾ ਕਹਿੰਦਾ ਹੈ ਕਿ ਮੇਰੇ ਕੋਲ ਕੁਝ ਨਹੀਂ ਤਾਂ ਫਿਰ ਦੱਸ ਮੇਰੀ ਭੁੱਖ ਤਾਂ ਸਿਰਫ ਦੋ ਰੋਟੀਆਂ ਦੀ ਹੈ | ਜੋ ਪੂਰੀ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸਭ ਤੋਂ ਵੱਡੀ ਗ਼ਲਤੀ ਬਾਪੂ ਦੀ ਸੀ ਜਿਸ ਆਪਣੀ ਚਾਦਰ ਤੋਂ ਵੱਧ ਪੈਰ ਪਸਾਰੇ ਜਿਸ ਦੀ ਸਜ਼ਾ ਅੱਜ ਮੈਂ ਭੁਗਤ ਰਿਹਾ ਹਾਂ | ਮੇਰੀ ਹਾਲਤ ਉਸ ਨਿਚੋੜੇ ਨਿੰਬੂ ਵਰਗੀ ਹੈ ਜਿਸ ਨੂੰ ਨਿਚੋੜ ਕੇ ਪਾਸੇ ਸੁੱਟ ਦਿੱਤਾ ਜਾਂਦਾ ਹੈ | ਕਰਮੋਂ ਖਾਮੋਸ਼ ਖੜ੍ਹੀ ਕੋਈ ਜਵਾਬ ਨਾ ਸੁਝਦਾ ਦੇਖ ਉਹ ਕਰਮੇ ਨੂੰ ਕੀ ਕਹੇ?
-ਮੋਬਾਈਲ : 98721-15054