ਪਿੰਡ ਦੀ ਵੱਡੀ ਸੱਥ ਵਿਚੋਂ ਲਾਊਡ ਸਪੀਕਰ ਤੋਂ ਸੂਚਨਾ ਆਈ ਕਿ ਆਪਣੇ ਲਾਗਲੇ ਸ਼ਹਿਰ ਬਿਰਧ ਆਸ਼ਰਮ ਖੁੱਲ੍ਹ ਗਿਆ ਹੈ | ਜੇ ਕਿਸੇ ਵੀਰ ਬਜ਼ੁਰਗ ਨੇ ਬਿਰਧ ਆਸ਼ਰਮ ਵਿਚ ਆਸਰਾ ਲੈਣਾ ਹੈ, ਉਹ ਆਪਣਾ ਨਾਂਅ ਸੱਥ ਵਿਚ ਬੈਠੇ ਕਰਮਚਾਰੀਆਂ ਕੋਲ ਦਰਜ ਕਰਵਾ ਸਕਦਾ ਹੈ | ਸੂਚਨਾ ਸੁਣ ਕੇ ਗੱਜਣ ਸਿੰਘ ਮੋਢੇ 'ਤੇ ਪਰਨਾ ਰੱਖ ਕੇ ਸੱਥ ਵਿਚ ਨਾਂਅ ਦਰਜ ਕਰਵਾਉਣ ਲਈ ਪਹੁੰਚ ਗਿਆ | ਗੱਜਣ ਸਿੰਘ ਨੂੰ ਵੇਖ ਕੇ ਸੱਥ ਵਿਚ ਬੈਠੇ ਨੰਬਰਦਾਰ ਨੇ ਹੈਰਾਨ ਹੋ ਕੇ ਕਿਹਾ, ਗੱਜਣ ਸਿਹਾਂ ਤੂੰ ਵੀ ਬਿਰਧ ਆਸ਼ਰਮ ਵਿਚ... | ਹੋਰ ਨੰਬਰਦਾਰਾ ਤੈਨੂੰ ਪਤਾ ਘਰ ਵਾਲੀ ਚੜ੍ਹਾਈ ਕਰ ਗਈ | ਨੂੰ ਹ-ਪੁੱਤ ਵਿਦੇਸ਼ ਵਿਚ ਬੈਠੇ ਐਂ |
ਇਕੱਲੇ ਨੂੰ ਘਰ ਵੱਢ-ਵੱਢ ਖਾ ਰਿਹਾ | ਜਨਮ ਭੋਇ ਅਤੇ ਜਾਇਦਾਦ ਨੂੰ ਛੱਡ ਕੇ ਵਿਦੇਸ਼ ਜਾਣ ਨੂੰ ਦਿਲ ਨਹੀਂ ਕਰਦਾ | ਨਾਲੇ ਕਹਿੰਦੇ ਹਨ ਵਿਦੇਸ਼ ਵਿਚ ਬੱਚੇ ਆਪਣੇ ਕੰਮਾਂ 'ਤੇ ਚਲੇ ਜਾਂਦੇ ਹਨ | ਬਜ਼ੁਰਗ ਘਰ ਵਿਚ ਇਕਲਾਪਾ ਭੋਗਦੇ ਹਨ | ਨਾ ਉਥੇ ਆਪਣਾ ਸੱਭਿਆਚਾਰ ਤੇ ਨਾ ਆਪਣੀ ਬੋਲੀ, ਉਥੇ ਦਾ ਇਕਲਾਪਾ ਇਧਰ ਨਾਲੋਂ ਵੀ ਭੈੜਾ ਹੈ | ਨੰਬਰਦਾਰਾ, ਬਿਰਧ ਆਸ਼ਰਮ ਵਿਚ ਹਮ-ਉਮਰ ਵਾਲਿਆਂ ਨਾਲ ਮਿਲ ਕੇ ਸਮਾਂ ਵਧੀਆ ਗੁਜ਼ਰ ਜਾਵੇਗਾ |
ਗੱਜਣ ਸਿੰਘ ਦੀ ਵਾਰਤਾਲਾਪ ਸੁਣ ਕੇ ਨੰਬਰਦਾਰ ਬਜ਼ੁਰਗਾਂ ਦੀ ਮੌਜੂਦਾ ਤਰਸਯੋਗ ਹਾਲਤ ਬਾਰੇ ਸੋਚਣ ਲੱਗ ਪਿਆ
-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ (ਬਰਨਾਲਾ)-148100
ਮੋਬਾਈਲ : 98765-28579