ਰੂਸ ਵਿਚ ਇਕ ਇਲਾਕਾ ਹੈ ਸਾਇਬੇਰੀਆ, ਜਿਥੇ ਹਮੇਸ਼ਾ ਬਰਫ਼ ਪੈਣ ਕਰਕੇ ਇਲਾਕਾ ਬਹੁਤ ਠੰਢਾ ਰਹਿੰਦਾ ਹੈ | ਇਸ ਇਲਾਕੇ ਵਿਚ ਬੈਕਾਲ ਨਾਂਅ ਦੀ ਇਕ ਝੀਲ ਹੈ | ਜਿਸ ਨੂੰ ਦੁਨੀਆ ਦੀ ਸਭ ਤੋਂ ਉਮਰ ਦਰਾਜ ਅਤੇ ਡੰੂਘੀ ਤਾਜ਼ੇ ਪਾਣੀ ਦੀ ਵੱਡੀ ਝੀਲ ਮੰਨੀ ਜਾਂਦੀ ਹੈ | ਇਸ ਝੀਲ ਦਾ ਪਾਣੀ ਪੀਣ ਯੋਗ ਤੱਤਾਂ ਨਾਲ ਭਰਪੂਰ ਅਤੇ ਸਾਫ਼ ਹੈ | ਕੁੱਲ ਪੀਣ ਵਾਲੇ ਪਾਣੀ ਦਾ 20 ਫ਼ੀਸਦੀ ਪਾਣੀ ਇਸ ਝੀਲ ਵਿਚ ਹੈ |
ਇਸ ਝੀਲ ਦੀ ਡੰੂਘਾਈ 1642 ਮੀਟਰ ਨਾਪੀ ਗਈ ਹੈ ਅਤੇ ਲੰਬਾਈ 636 ਕਿੱਲੋਮੀਟਰ ਦੇ ਨੇੜੇ ਹੈ | ਇਸ ਝੀਲ ਦੀ ਉਮਰ ਤਕਰੀਬਨ 2 ਕਰੋੜ 50 ਲੱਖ ਸਾਲ ਕਿਆਸੀ ਗਈ ਹੈ |
ਬੈਕਾਲ ਝੀਲ ਵਿਚ ਤਕਰੀਬਨ 1700 ਤੋਂ ਵੱਧ ਕਿਸਮ ਦੇ ਜੀਵ ਜੰਤੂ ਪਾਏ ਜਾਂਦੇ ਹਨ | ਬਾਇਕਾਲਸੀਲ ਨਾਂਅ ਦੀ ਮੱਛੀ ਸਿਰਫ਼ ਇਸੇ ਝੀਲ ਵਿਚ ਮਿਲਦੀ ਹੈ | ਸਰਦੀਆਂ ਦੇ ਮੌਸਮ ਵਿਚ ਇਸ ਝੀਲ ਦਾ ਪਾਣੀ ਪੂਰੀ ਤਰ੍ਹਾਂ ਜੰਮ ਜਾਂਦਾ ਹੈ, ਕਈ ਵਾਰ ਜੰਮੀ ਹੋਈ ਬਰਫ਼ ਵਿਚ ਹਵਾ ਨਾਲ ਬਣੇ ਗੋਲੇ ਮੋਤੀਆਂ ਵਾਂਗੂੰ ਚਮਕਦੇ ਦਿਖਾਈ ਦਿੰਦੇ ਹਨ ਜੋ ਕਿ ਬਹੁਤ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ | ਜਿਵੇਂ ਅਮੀਰ ਘਰਾਂ ਦੀਆਂ ਬੈਠਕਾਂ ਵਿਚ ਕੱਚ ਦੇ ਬਣਾਏ ਬਕਸਿਆਂ ਵਿਚ ਪਾਣੀ ਪਾ ਕੇ ਰੱਖੀਆਂ ਰੰਗ-ਬਰੰਗੀਆਂ ਮੱਛੀਆਂ ਜਦੋਂ ਸਾਹ ਲੈਂਦੀਆਂ ਹਨ ਤਾਂ ਉਸ ਨਾਲ ਬਣਦੇ ਬੁਲਬੁਲੇ ਨਿੱਕੇ-ਨਿੱਕੇ ਗੋਲਿਆਂ ਦੀ ਸ਼ਕਲ ਵਿਚ ਉੱਪਰ ਨੂੰ ਉਠਦੇ ਮਨਮੋਹਕ ਦਿ੍ਸ਼ ਪੈਦਾ ਕਰਦੇ ਹਨ, ਬਹੁਤ ਸੋਹਣੇ ਲੱਗਦੇ ਹਨ |
ਇਸ ਝੀਲ ਦੇ ਜੰਮ ਚੁੱਕੇ ਪਾਣੀ ਦੀ ਬਰਫ਼ ਉਤੋਂ ਦੀ ਲੰਘਦੇ ਆਰ-ਪਾਰ ਜਾਂਦੇ ਸੈਲਾਨੀ ਵੱਖਰਾ ਹੀ ਆਨੰਦ ਮਹਿਸੂਸ ਕਰਦੇ ਹਨ | ਇਹ ਬਰਫ਼ ਏਨੀ ਸਾਫ਼ ਹੁੰਦੀ ਹੈ ਕਿ ਉੱਪਰ ਖੜ੍ਹੇ ਸੈਲਾਨੀ ਆਪਣਾ ਅਕਸ ਦੇਖ ਕੇ ਖ਼ੁਸ਼ੀ ਮਹਿਸੂਸ ਕਰਦੇ ਹਨ |
ਇਸ ਝੀਲ ਨੂੰ ਯੂਨੈਸਕੋ ਨੇ 1996 ਵਿਚ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਦਿੱਤਾ ਹੈ | ਇਸ ਝੀਲ ਵਿਚ 300 ਨਦੀਆਂ ਆ ਕੇ ਸਮਾਉਂਦੀਆਂ ਹਨ | ਇਹ ਝੀਲ ਵਿਗਿਆਨੀਆਂ ਲਈ ਖੋਜ ਦਾ ਵੱਡਾ ਸ੍ਰੋਤ ਹੈ | ਇਸ ਝੀਲ ਦੇ ਆਲੇ-ਦੁਆਲੇ ਬਹੁਤ ਸਾਰੇ ਦੁਰਲਭ ਪੌਦੇ ਪਾਏ ਜਾਂਦੇ ਹਨ ਜੋ ਕਿ ਦੇਸੀ ਦਵਾਈਆਂ ਬਣਾਉਣ ਦੇ ਬਹੁਤ ਕੰਮ ਆਉਂਦੇ ਹਨ | ਇਹ ਝੀਲ ਹਰ ਤਰ੍ਹਾਂ ਦੁਰਲਭ ਖਜ਼ਾਨਿਆਂ ਨਾਲ ਭਰੀ ਸੈਲਾਨੀ ਲਈ ਖਿੱਚ ਦਾ ਕੇਂਦਰ ਹੈ |
-ਮੋਬਾਈਲ : 62842-40676