22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਤੀਜਾ ਵਿਆਹ

ਤੀਜਾ ਵਿਆਹ

Ad Position 21
No active advertisement
ਅਜੀਤ ਡੈਸਕ 23-08-2026

ਗੱਲ 1999 ਦੀ ਏ, ਜਦੋਂ ਮੇਰੀ ਜਮਾਤਣ ਜਸਬੀਰ ਨੂੰ ਬਾਰ੍ਹਵੀਂ ਜਮਾਤ ਵਿਚੋਂ ਹਟਾ ਕੇ ਉਸ ਦਾ ਵਿਆਹ ਤਿਹਾਜੂ ਗੁਰਜੰਟ ਸਿੰਘ ਨਾਲ ਕਰ ਦਿੱਤਾ | ਉਹ ਅੰਤਾਂ ਦਾ ਰੋਈ, ਮਾਪਿਆਂ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ | ਉਹ ਪੜ੍ਹ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਸੀ | ਗੁਰਜੰਟ ਸਿੰਘ ਨੇ ਤੀਜਾ ਵਿਆਹ ਬਹੁਤੀ ਸੋਚ ਸਮਝ ਨਾਲ ਨਹੀਂ ਸੀ ਕੀਤਾ, ਬਲਕਿ ਸਮਾਜ ਦੇ ਦਬਾਅ ਅਤੇ ਆਪਣੇ ਮਨ ਦੇ ਭਰਮਾਂ ਵਿਚ ਫਸ ਕੇ ਕੀਤਾ | ਉਸ ਨੂੰ ਲੱਗਦਾ ਸੀ, ਔਰਤ ਬਦਲਣ ਨਾਲ ਕਿਸਮਤ ਬਦਲ ਜਾਂਦੀ ਹੈ, ਪਰ ਕਿਸੇ ਨੇ ਕਦੇ ਉਸ ਨੂੰ ਇਹ ਨਹੀਂ ਦੱਸਿਆ, ਕਈ ਵਾਰ ਬਦਲਾਅ ਦੀ ਲੋੜ ਰਿਸ਼ਤਿਆਂ ਵਿਚ ਨਹੀਂ, ਇਨਸਾਨ ਦੇ ਅੰਦਰ ਹੁੰਦੀ ਹੈ | 

ਗੁਰਜੰਟ ਦੀ ਪਹਿਲੀ ਪਤਨੀ ਨਿਰਮਲ ਬੇਹੱਦ ਨਿਮਰ, ਸੁਭਾਅ ਵਾਲੀ, ਘਰ ਨੂੰ ਸਵਰਗ ਬਣਾਉਣ ਦੀ ਤਾਕਤ ਰੱਖਦੀ ਸੀ | ਸਹੁਰੇ ਘਰ ਉਸ ਨੇ ਆਪਣੇ ਸਾਰੇ ਫਰਜ਼ ਪੂਰੇ ਕੀਤੇ, ਸੇਵਾ ਵੀ ਕੀਤੀ ਤੇ ਰਿਸ਼ਤੇ ਵੀ ਨਿਭਾਏ | ਵਿਆਹ ਤੋਂ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਘਰ ਵਿਚ ਨਿਆਣੇ ਦੀ ਕਿਲਕਾਰੀ ਨਾ ਗੂੰਜੀ | ਨਿਰਮਲ ਨੇ ਕਦੇ ਸ਼ਿਕਾਇਤ ਨਾ ਕੀਤੀ | ਚੁੱਪਚਾਪ ਸਭ ਸਹਿੰਦੀ ਰਹੀ ਗੁਰਜੰਟ ਨੇ ਬੱਚਾ ਨਾ ਹੋਣ ਦੇ ਸਾਰੇ ਦੋਸ਼ ਨਿਰਮਲ ਸਿਰ ਮੜ ਦਿੱਤੇ  | ਉਹ ਸੋਚਦਾ ਸੀ, ਮਰਦ ਕਦੇ ਗ਼ਲਤ ਨਹੀਂ ਹੁੰਦਾ, ਕਮੀ ਔਰਤ ਵਿਚ ਹੀ ਹੁੰਦੀ ਹੈ | ਸਮਾਜ ਦੇ ਤਾਨਿਆਂ ਨੇ ਨਿਰਮਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ | ਗੁਰਜੰਟ ਦੇ ਇਲਜ਼ਾਮਾਂ ਅਤੇ ਕਠੋਰ ਸੁਭਾਅ ਨੇ ਇਹ ਰਿਸ਼ਤਾ ਖੁਰਚ ਦਿੱਤਾ | 
ਅਖੀਰ ਗੁਰਜੰਟ ਨੇ ਦੂਜਾ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ | ਗੁਰਜੰਟ ਦੀ ਦੂਜੀ ਪਤਨੀ ਮਨਪ੍ਰੀਤ ਸਹਿਣਸ਼ੀਲ ਅਤੇ ਘਰ ਸੰਭਾਲਣ ਵਾਲੀ ਸੀ | ਮਨਪ੍ਰੀਤ ਨੇ ਵਿਆਹ ਨੂੰ ਆਪਣੀ ਜ਼ਿੰਮੇਵਾਰੀ ਨਹੀਂ, ਫ਼ਰਜ਼ ਮੰਨ ਕੇ ਨਿਭਾਇਆ | ਇੱਥੇ ਵੀ ਕਿਸਮਤ ਨੇ ਉਹੀ ਕਹਾਣੀ ਦੁਹਰਾਈ | ਸਾਲ ਗੁਜ਼ਰਦੇ ਗਏ ਘਰ ਔਲਾਦ ਤੋਂ ਖਾਲੀ ਰਿਹਾ | ਗੁਰਜੰਟ ਨੇ ਦੁਬਾਰਾ ਔਰਤ ਨੂੰ ਦੋਸ਼ੀ ਠਹਿਰਾਇਆ, ਆਪਣੇ-ਆਪ ਨੂੰ ਨਹੀਂ | ਮਨਪ੍ਰੀਤ ਦੀਆਂ ਅੱਖਾਂ ਵਿਚ ਹੰਝੂ ਜੰਮਦੇ ਰਹੇ ਤੇ ਇਕ ਦਿਨ ਉਹੀ ਹੰਝੂ ਉਸ ਦੀ ਹਿੰਮਤ ਦਾ ਪੂਰੀ ਤਰ੍ਹਾਂ ਗਲਾ ਘੁੱਟ ਗਏ  | 
 ਮੇਰੀ ਜਮਾਤਣ ਜਸਵੀਰ ਆਧੁਨਿਕ ਵਿਚਾਰਾਂ ਵਾਲੀ ਹੈ  | ਉਸ ਦੇ ਮਾਪਿਆਂ ਨੇ ਗਰੀਬੀ ਅਤੇ ਹਾਲਾਤ ਦੇਖ ਕੇ ਵਿਆਹ ਲਈ ਹਾਂ ਕੀਤੀ ਸੀ | ਜਸਬੀਰ ਦੇ ਦਾਦੇ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ, 'ਫਿਰ ਕੀ ਹੋ ਗਿਆ ਜੇ ਮੁੰਡਾ ਦੋ ਵਾਰ ਵਿਆਹਿਆ ਹੋਇਆ ਏ, 40 ਕਿੱਲਿਆਂ ਦਾ ਮਾਲਕ ਏ |' ਵਿਆਹ ਤੋਂ ਬਾਅਦ ਦੋ ਸਾਲ ਬੀਤ ਗਏ ਜਸਵੀਰ ਦੇ ਵੀ ਕੋਈ ਔਲਾਦ ਨਾ ਹੋਈ | ਗੁਰਜੰਟ ਨੇ ਜਸਵੀਰ ਨੂੰ ਵੀ ਤਾਹਨੇ,ਦੋਸ਼, ਤੰਗ ਕਰਨਾ ਸ਼ੁਰੂ ਕਰ ਦਿੱਤਾ | ਜਸਵੀਰ ਚੁੱਪ ਰਹਿਣ ਵਾਲਿਆਂ ਵਿਚੋਂ ਨਹੀਂ ਸੀ | ਉਹ ਸੰਵੇਦਨਸ਼ੀਲ ਸੀ ਪਰ ਕਮਜ਼ੋਰ ਨਹੀਂ | 
ਇਕ ਦਿਨ ਉਸ ਨੇ ਗੁਰਜੰਟ ਨੂੰ ਸਿੱਧਾ ਕਹਿ ਦਿੱਤਾ, “ਅਸੀਂ ਦੋਵੇਂ ਟੈਸਟ ਕਰਵਾਉਦੇ ਹਾਂ | ਕਮੀ ਕਿਸੇ ਵਿਚ ਵੀ ਹੋ ਸਕਦੀ ਹੈ |  ਗੁਰਜੰਟ ਪਹਿਲਾਂ ਚਿੜਿ੍ਹਆ, ਪਰ ਜਸਵੀਰ ਦੀ ਪੱਕੀ ਹਿੰਮਤ ਦੇ ਅੱਗੇ ਝੁਕ ਗਿਆ | ਟੈਸਟਾਂ ਦੇ ਨਤੀਜੇ ਆਏ ਤਾਂ ਸੱਚ ਗੁਰਜੰਟ ਦੇ ਸਾਹਮਣੇ ਸੀ  | ਕਮੀ ਉਸ ਵਿਚ ਸੀ, ਪਹਿਲੀਆਂ ਦੋ ਪਤਨੀਆਂ ਵਿਚ ਨਹੀਂ | ਇਹ ਸੱਚ ਉਸ ਨੂੰ ਅੰਦਰੋਂ ਹਿਲਾ ਗਿਆ, ਜਸਵੀਰ ਨੇ ਕਿਹਾ, “ਖ਼ਾਮੀ ਹੋਣਾ ਗਲਤੀ ਨਹੀਂ | ਗਲਤੀ ਉਦੋਂ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਮੰਨਣ ਤੋਂ ਕਤਰਾਉਂਦੇ ਹਾਂ |  ਗੁਰਜੰਟ ਫਿਰ ਵੀ ਉਨ੍ਹਾਂ ਤਿੰਨਾਂ ਨੂੰ ਹਰ ਸਮੇਂ ਦੁਖੀ ਕਰਦਾ | 
ਜਸਵੀਰ ਨੇ ਆਈ. ਵੀ. ਐਫ. ਕਰਵਾਉਣ ਦਾ ਫ਼ੈਸਲਾ ਲਿਆ | ਉਸ ਸਮੇਂ ਉਸ ਦਾ ਇਹ ਕਦਮ ਸਿਰਫ਼ ਬੱਚਾ ਪਾਉਣ ਲਈ ਨਹੀਂ, ਸਗੋਂ ਗੁਰਜੰਟ ਨੂੰ ਸਬਕ ਸਿਖਾਉਣ ਲਈ ਸੀ, ਔਰਤ ਹਮੇਸ਼ਾ ਦੋਸ਼ੀ ਨਹੀਂ ਹੁੰਦੀ, ਰਿਸ਼ਤਾ ਦੋਵੇਂ ਪਾਸਿਆਂ ਦੀ ਇੱਜ਼ਤ ਨਾਲ ਨਿਭਦਾ ਹੈ | ਉਸ ਨੇ ਹਿੰਮਤ ਅਤੇ ਸੱਚੇ ਇਰਾਦੇ ਨਾਲ ਆਪਣੀਆਂ ਦੋਵੇਂ ਵੱਡੀਆਂ ਭੈਣਾਂ ਨਿਰਮਲ ਅਤੇ ਮਨਪ੍ਰੀਤ ਨਾਲ ਇਹ ਗੱਲ ਸਾਂਝੀ ਕੀਤੀ | ਉਨ੍ਹਾਂ ਦੋਵਾਂ ਨੇ ਵੀ ਹਿੰਮਤ ਕਰਕੇ ਆਈ. ਵੀ. ਐਫ. ਦੀ ਮਦਦ ਲਈ ਹੱਥ ਵਧਾਇਆ |  
ਲੰਮੇ ਇਲਾਜ, ਉਮੀਦ, ਅਤੇ ਚਮਤਕਾਰ ਨਾਲ ਤਿੰਨੇ ਹੀ ਮਾਂਵਾਂ ਬਣੀਆਂ | ਤਿੰਨਾਂ ਨੇ ਉਹ ਖੁਸ਼ੀ ਹਾਸਿਲ ਕੀਤੀ, ਜੋ ਸਾਲਾਂ ਤੋਂ ਦਿਲ ਦੇ ਖਾਲੀ ਕੋਨੇ ਵਿਚ ਤੜਫ਼ਦੀ ਫਿਰਦੀ ਸੀ | 
ਘਰ ਵਿਚ ਬੱਚਿਆਂ ਦੇ ਆਉਣ ਦੀ ਖੁਸ਼ੀ ਨਾਲ ਗੁਰਜੰਟ ਦੇ ਮਨ ਵਿਚ ਇਨਕਲਾਬ ਤਾਂ ਆ ਗਿਆ | ਮਰਦਾਨਗੀ ਦੀ ਝੂਠੀ ਪਰਿਭਾਸ਼ਾ ਡਿੱਗ ਪਈ | ਉਸ ਨੂੰ ਬੜੇ ਲੰਬੇ ਸਮੇਂ ਬਾਅਦ ਸਮਝ ਆਇਆ ਬੱਚਾ ਨਾ ਹੋਣ ਦੀ ਜ਼ਿੰਮੇਵਾਰ ਸਿਰਫ ਔਰਤ ਨਹੀਂ | ਰਿਸ਼ਤਾ ਜ਼ਬਰਦਤੀ ਨਾਲ ਨਹੀਂ ਪਿਆਰ, ਇੱਜ਼ਤ, ਅਤੇ ਸੱਚ ਨਾਲ ਨਿਭਦਾ ਹੈ |  
ਗੁਰਜੰਟ ਜਸਵੀਰ ਨੂੰ ਅਕਸਰ ਹੀ ਕਹਿੰਦਾ, 'ਮੇਰੇ ਤੀਜੇ ਵਿਆਹ ਨੇ ਮੈਨੂੰ ਬੜਾ ਵੱਡਾ ਸਬਕ ਦਿੱਤਾ ਹੈ, ਜੇ ਤੂੰ ਮੇਰੀ ਜ਼ਿੰਦਗੀ ਵਿਚ ਨਾ ਆਉਂਦੀ ਤਾਂ ਮੇਰਾ ਜੀਵਨ ਅਧੂਰਾ ਰਹਿਣਾ ਸੀ |' ਜਦ ਵੀ ਮੈਨੂੰ ਜਸਵੀਰ ਮਿਲਦੀ ਹੈ ਮੇਰਾ ਮਨ ਆਪਣੇ-ਆਪ ਕਹਿ ਉੱਠਦਾ ਹੈ ਆੜੀ ਤੇਰੇ ਜਜ਼ਬੇ ਨੂੰ ਸਲਾਮ | 

-ਬਰਨਾਲਾ |  
ਸੰਪਰਕ : 94171-63426

Ad Position 22
No active advertisement
ਪਿਛਲੀ ਖ਼ਬਰ ਬੈਕਾਲ ਝੀਲ ਅਗਲੀ ਖ਼ਬਰ ਮਾਂ ਬਿਨਾਂ ਪੇਕੇ
Ad Position 24