ਹਵਾਈ ਟਿਕਟਾਂ
ਦੋ ਬਜ਼ੁਰਗ ਬਾਬੇ ਆਪਣੀ ਗੱਡੀ 'ਚ ਕਿਤੇ ਜਾ ਰਹੇ ਸਨ | ਇਕ ਮੋੜ 'ਤੇ ਉਨ੍ਹਾਂ ਨੂੰ ਸਿਵਿਆਂ ਦੀ ਚਾਰਦੀਵਾਰੀ ਵਾਲੀ ਕੰਧ 'ਤੇ ਇਕ ਇਮੀਗ੍ਰੇਸ਼ਨ ਵਾਲੀ ਕੰਪਨੀ ਦੀ ਮਸ਼ਹੂਰੀ ਲਿਖੀ ਹੋਈ ਪੜ੍ਹਨ ਨੂੰ ਮਿਲੀ, ਜਿਸ ਦਾ ਮੋਟਾ ਕਰਕੇ ਲਿਖਿਆ ਹੈਡਿੰਗ ਸੀ, 'ਇਥੇ ਹਵਾਈ ਟਿਕਟਾਂ ਮਿਲਦੀਆਂ ਹਨ |'
ਹੈਡਿੰਗ ਪੜ੍ਹ ਕੇ ਇਕ ਬਜ਼ੁਰਗ ਦੂਜੇ ਨੂੰ ਕਹਿਣ ਲੱਗਿਆ, 'ਲੈ ਆਹ ਵੇਖ ਲੈ, ਇਨ੍ਹਾਂ ਨੂੰ ਆਹੀ ਥਾਂ ਲੱਭੀ ਮਸ਼ਹੂਰੀ ਲਈ... ਇਥੇ ਹਵਾਈ ਟਿਕਟਾਂ ਦੀ ਕੀ ਲੋੜ ਐ... ਇਥੇ ਤਾਂ ਬੰਦਾ ਆਪਣੀ ਜ਼ਿੰਦਗੀ ਦੀ ਟਿਕਟ ਕਟਾ ਕੇ ਈ ਪਹੁੰਚਦੈ... |'
'ਅਗਲਿਆਂ ਨੇ ਤਾਂ ਆਪਣਾ ਧੰਦਾ ਚਲਾਉਣੈ... ਜਿਥੇ ਚਾਰ ਬੰਦੇ ਜੁੜਦੇ ਹੋਏ ਉਥੇ ਅਗਲੇ ਲਿਖ ਦਿੰਦੇ ਨੇ... ਉਨ੍ਹਾਂ ਨੂੰ ਕਿਸੇ ਦੇ ਮਰਨ...', ਅਜੇ ਗੱਲ ਦੂਜੇ ਬਜ਼ੁਰਗ ਦੇ ਮੰੂਹ 'ਚ ਈ ਸੀ ਪਹਿਲਾ ਬੋਲਿਆ, 'ਆਹੋ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ |'
'ਚੱਲ ਛੱਡ ਪਰ੍ਹਾਂ ਸੁਰਜਣ ਸਿਆਂ... ਬਹੁਤਾ ਦਿਲ ਨੂੰ ਨੀ ਲਾਈਦੀ... ਦੁਨੀਆ 'ਚ ਬੜਾ ਕੁਝ ਹੋਈ ਜਾਂਦੈ, ਚੰਗਾ ਵੀ ਮਾੜਾ ਵੀ... ਹਵਾਈ ਟਿਕਟਾਂ ਤਾਂ ਉਥੋਂ ਹੀ ਮਿਲਣੀਆਂ, ਜਿਥੋਂ ਦਾ ਅਗਲਿਆਂ ਨੇ ਪਤਾ ਦਿੱਤੈ... ਇਥੇ ਤਾਂ ਧੰੂਆਂ ਤੇ ਸੁਆਹ ਐ, ਜਿਹੜੀ ਆਪੇ ਈ ਹਵਾ 'ਚ ਉੱਡੀ ਜਾਂਦੀ ਐ... ਰੂਹ ਤਾਂ ਪਹਿਲਾਂ ਈ ਕਿਤੇ ਹਵਾ ਹੋ ਜਾਂਦੀ ਐ...ਕੱਲੇ ਕਲਬੂਤ ਨੇ ਹਵਾਈ ਟਿਕਟਾਂ ਕੀ ਕਰਨੀਆਂ... ਚੱਲ ਛੱਡ, ਬਹੁਤਾ ਚਿੱਤ ਨੀ ਖਰਾਬ ਕਰੀਦਾ.... ਕੋਈ ਪਤਾਸੇ ਪੀਵੇ ਜਾਂ ਨਾ, ਆਪਾਂ ਪਾਣੀ ਕਾਹਨੂੰ ਰਿੜਕਣਾ... |' ਦੂਜੇ ਬਜ਼ੁਰਗ ਨੇ ਆਪਣੇ ਚਿੱਤੋਂ ਗੱਲ ਮੁਕਾਈ |
-ਮੋਬਾਈਲ : 98155-05287