ਸਮੁੱਚਾ ਸੰਸਾਰ ਅਜਿਹੇ ਲੋਕਾਂ ਨਾਲ ਨੱਕੋ-ਨੱਕ ਭਰਿਆ ਹੋਇਆ ਹੈ, ਜਿਨ੍ਹਾਂ ਲੋਕਾਂ ਨੂੰ ਇਕੋ-ਇਕ ਦੁੱਖ ਵੱਢ-ਵੱਢ ਖਾਂਦਾ ਹੈ ਕਿ ਲੋਕ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ | ਕੋਈ ਉਨ੍ਹਾਂ ਦੀ ਬਾਤ ਨਹੀਂ ਪੁੱਛਦਾ | ਮਾਪਿਆਂ ਨੂੰ ਦੁੱਖ ਹੈ ਕਿ ਧੀਆਂ-ਪੁੱਤ ਅਤੇ ਨੂੰ ਹਾਂ ਉਨ੍ਹਾਂ ਨੂੰ ਦੱਸੇ-ਪੁੱਛੇ ਬਿਨਾਂ ਫ਼ੈਸਲੇ ਲੈ ਲੈਂਦੇ ਹਨ | ਜਦੋਂ ਉਨ੍ਹਾਂ ਦੇ ਫ਼ੈਸਲਿਆਂ ਦਾ ਅਮਲ ਸਾਹਮਣੇ ਆਉਂਦਾ ਹੈ ਤਾਂ ਮਨ ਦੁਖੀ ਹੁਦਾ ਹੈ | ਬਹੁਤੇ ਪਰਿਵਾਰਕ ਝਗੜਿਆਂ ਦੇ ਪਿੱਛੇ ਇਹ ਵੀ ਦੁੱਖ ਛੁਪਿਆ ਹੁੰਦਾ ਹੈ |

ਅੱਜ ਦੇ ਯੁੱਗ ਵਿਚ ਲੋਕ ਇਸ ਦੁੱਖ ਨਾਲ ਜਿਵੇਂ ਗ੍ਰਸੇ ਹੀ ਜਾਪਦੇ ਹਨ | ਲੋਕਾਂ ਨੂੰ ਇਹ ਦੁੱਖ ਕਿਸੇ ਵਹਿਮ ਵਾਂਗ ਚੰਬੜ ਗਿਆ ਹੈ | ਜਦੋਂ ਕਿਸੇ ਨੂੰ ਹਾਲ-ਚਾਲ ਪੁੱਛੋ ਤਾਂ ਅੱਗਿਓਾ ਕਹਿੰਦਾ ਹੈ, 'ਕੀ ਦੱਸੀਏ ਭਰਾ | ਮੇਰੀ ਤਾਂ ਹੁਣ ਕੋਈ ਵੁੱਕਤ ਹੀ ਨਹੀਂ ਰਹੀ | ਸਾਰੀ ਦਿਹਾੜੀ ਪੱਥਰ ਵਾਂਗ ਪਿਆ ਰਹਿਨਾ | ਕੋਈ ਬੁਲਾਉਂਦਾ, ਹਿਲਾਉਂਦਾ, ਚਲਾਉਂਦਾ ਹੀ ਨਹੀਂ | ਲਗਦਾ ਹੈ ਮੈਨੂੰ ਤਾਂ ਬੈਠਿਆਂ ਹੀ ਜੰਗ ਲੱਗ ਜਾਣਾ | ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਬੁਲਾਉਂਦਾ ਨਹੀਂ, ਉਨ੍ਹਾਂ ਨਾਲ ਕੋਈ ਗੱਲ ਸਾਂਝੀ ਨਹੀਂ ਕਰਦਾ ਤਾਂ ਸਮਝੋ ਉਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਕੋਈ ਸਵਾਲ ਹੱਲ ਹੋਣੋਂ ਰਹਿ ਜਾਣਾ ਹੈ |
ਅਜਿਹੇ ਲੋਕ ਸਮਾਜ ਦੀ ਭਾਈਚਾਰਕ ਸਾਂਝ ਦੇ ਅਲੰਬਰਦਾਰ ਹੁੰਦੇ ਹਨ | ਸਮਾਜ ਲਈ ਸ਼ੁਭ ਸ਼ਗਨ ਹੁੰਦੇ ਹਨ | ਇਹ ਲੋਕ ਸਮਾਜ ਵਿਚ ਸਾਂਝ ਦਾ ਸੂਤਰ ਗੱਲਬਾਤ ਬੋਲ-ਚਾਲ ਰਾਹੀਂ ਜੋੜੀ ਰੱਖਦੇ ਹਨ | ਅਜਿਹੇ ਲੋਕਾਂ ਦੀ ਪ੍ਰਵਾਹ ਕਰਨੀ ਲਾਜ਼ਮੀ ਹੈ | ਜੇਕਰ ਕੋਈ ਇਸ ਸਮਾਜਿਕ ਸਾਂਝ ਸੂਤਰ ਦੀ ਲੋੜ ਤੇ ਮਹੱਤਤਾ ਨੂੰ ਅਣਗੌਲਿਆ ਕਰਦਾ ਹੈ ਤਾਂ ਇਕ ਦਿਨ ਅਜਿਹਾ ਆਉਂਦਾ ਕਿ ਲੋਕ ਵੀ ਉਸ ਦੀ ਪ੍ਰਵਾਹ ਕਰਨੀ ਛੱਡ ਦਿੰਦੇ ਹਨ | ਦੂਜਿਆਂ ਦੀ ਪ੍ਰਵਾਹ ਕਰਨ ਵਾਲਾ ਬੰਦਾ ਹੀ ਅਸਲ ਵਿਚ ਸੱਚਾ-ਸੁੱਚਾ ਸਮਾਜ ਸੇਵੀ ਹੁੰਦਾ ਹੈ |
-ਮੋਬਾਈਲ : 98146-81444