08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਓ ਜੀ, ਸਵਾਗਤ ਹੈ ਦਰ-ਪ੍ਰਵੇਸ਼ ਤੋਂ ਪਹਿਲਾਂ

ਆਓ ਜੀ, ਸਵਾਗਤ ਹੈ ਦਰ-ਪ੍ਰਵੇਸ਼ ਤੋਂ ਪਹਿਲਾਂ

Ad Position 21
No active advertisement
ਅਜੀਤ ਡੈਸਕ 09-08-2026
ਮੇਰੀ ਜਾਚੇ, ਖੱਟੀਆਂ-ਮਿੱਠੀਆਂ ਪਿਆਰੀਆਂ-ਨਿਆਰੀਆਂ ਯਾਦਾਂ ਅਤੇ ਸੁੰਦਰ-ਅਸੁੰਦਰ ਘਟਨਾਵਾਂ ਦੀ ਯਾਦਗਾਰ ਦਾ ਨਾਂਅ ਹੀ ਜ਼ਿੰਦਗੀ ਹੈ। ਕੁਝ ਦੁਖਦਾਇਕ ਤੇ ਸੁਖਦਾਇਕ ਦ੍ਰਿਸ਼ ਤਮਾਮ ਉਮਰ ਅਦ੍ਰਿਸ਼ ਨਹੀਂ ਹੁੰਦੇ। ਅਧਿਆਪਨ ਕਾਰਜ ਸਦਕਾ ਜੀਵਨ ਦੇ ਹਰ ਖੇਤਰ ਵਿਚ ਕੋਈ ਨਾ ਕੋਈ ਚੇਲਾ-ਬਾਲਕਾ ਪੈਰ ਛੂਹ ਕੇ ਜਾਂ ਆਪਣੇ ਢੰਗ ਨਾਲ ਸਵਾਗਤ ਕਰਕੇ ਕੇਵਲ ਦਿਲਕਸ਼ ਤੇ ਮਨਮੋਹਕ ਦ੍ਰਿਸ਼ ਹੀ ਨਹੀਂ ਸਿਰਜਦਾ ਬਲਕਿ ਦਿਲ ਵੀ ਮੋਹ ਲੈਂਦਾ ਹੈ। ਭਰੀ ਮਹਿਫ਼ਲ ਵਿਚ ਕੁਰਸੀ ਛੱਡ ਕੇ, ਖੜ੍ਹੇ ਹੋ ਕੇ ਕੁਰਸੀ ਵੱਲ ਇਸ਼ਾਰਾ ਕਰਨਾ ਤੇ ਉੱਚੀ ਬੋਲ ਕੇ ਕਹਿਣਾ ਕਿ ਇਹ ਤੁਹਾਡੀ ਬਦੌਲਤ ਨਸੀਬ ਹੋਈ ਹੈ, ਆਦਰਸ਼ ਵਰਗੇ ਪ੍ਰਿੰਸੀਪਲ ਦਾ ਆਪਣੀ ਕੁਰਸੀ ਛੱਡ ਕੇ ਆਦਰਪੂਰਵਕ ਪ੍ਰਦਾਨ ਕਰ ਦੇਣੀ ਅਤੇ ਸੈਂਕੜੇ ਸੱਜਣਾਂ ਦੀ ਹਾਜ਼ਰੀ ਵਿਚ ਆਪਣਾ ਮੱਥਾ ਆਪਣੇ ਉਸਤਾਦ ਦੇ ਚਰਨਾਂ ਵਿਚ ਰੱਖ ਦੇਣਾ, ਸਤਿਕਾਰ ਕਰਨ ਦੀਆਂ ਅਤਿ ਉੱਤਮ ਉਦਾਹਰਨਾਂ ਹਨ।
ਰਹਿਣੀ-ਬਹਿਣੀ, ਸਹਿਣੀ ਤੇ ਆਓ ਜੀ ਕਹਿਣੀ ਸ਼ਿਸ਼ਟਾਚਾਰ ਦੀ ਨਿਸ਼ਾਨੀ ਹੈ। ਮਾਤਾ-ਪਿਤਾ ਤੋਂ ਇਲਾਵਾ, ਅਹੁਦੇ, ਉਮਰ ਤੇ ਰਿਸ਼ਤੇ ਵਿਚ ਵੱਡੇ, ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ ਪਰੰਤੂ ਜਾਣਕਾਰਾਂ ਵਾਂਗ ਅਣਜਾਣ ਦਾ ਦੇਵਤਿਆਂ ਵਾਂਗ ਸਨਮਾਨ ਕਰਨਾ ਨੰਬਰ ਇਕ 'ਤੇ ਆਉਂਦਾ ਹੈ ਜਿਹੜਾ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ। ਅਜੋਕੇ ਦੌਰ ਵਿਚ ਪ੍ਰਾਹੁਣਚਾਰੀ ਦਾ ਤੌਰ ਤਰੀਕਾ ਬਦਲ ਗਿਆ ਹੈ ਦਰਵਾਜ਼ੇ ਦੇ ਬਾਹਰ ਆਓ ਜੀ, ਜੀ ਆਇਆਂ ਨੂੰ ਦੀ ਥਾਂ 'ਕੁੱਤਿਆਂ ਤੋਂ ਸਾਵਧਾਨ' ਆਪ ਕੈਮਰੇ ਕੀ ਨਜ਼ਰ ਮੇਂ ਹੈ, ਪੜ੍ਹਨ ਨੂੰ ਮਿਲਦਾ ਹੈ, ਪਰੰਤੂ ਕਿਤੇ-ਕਿਤੇ ਪਿਆਰ-ਸਤਿਕਾਰ ਅੱਜ ਵੀ ਜਿਊਂਦਾ ਹੈ।
ਮੇਰੇ ਵਲੋਂ ਖੁਸ਼ਆਮਦੀਦ ਕਹਿਣ ਦੀ ਪੇਸ਼ ਕੀਤੀ ਜਾ ਰਹੀ ਕਹਾਣੀ ਦਹਾਕਿਆਂ ਪੁਰਾਣੀ ਨਹੀਂ ਬਲਕਿ ਸੱਜਰੀ ਤੇ ਨਵੀਂ ਨਕੋਰ ਹੈ। ਜੀ.ਟੀ. ਰੋਡ ਦੀਆਂ ਜੜ੍ਹਾਂ ਵਿਚ ਰਹਿਣ ਵਾਲੇ ਇਕ ਸਾਹਿਤ-ਪ੍ਰੇਮੀ ਸੱਜਣ ਸਨੇਹਇੰਦਰ ਮੀਲੂ ਦੇ ਘਰ ਆ ਕੇ ਸਨੇਹਪੂਰਵਕ ਚਾਹ ਦਾ ਕੱਪ ਸਾਂਝਾ ਕਰਨ ਦਾ ਸੱਦਾ ਪੁਰਾਣਾ ਹੋ ਚੱਲਿਆ ਸੀ ਪਰੰਤੂ ਜਦੋਂ ਰੱਬ ਕੁਝ ਕਰਨਾ ਲੋੜੇ, ਸੌ ਸਬੱਬ ਇਕ ਪਲ ਵਿਚ ਜੋੜੇ। ਕਦੇ 'ਆਇਓ', 'ਆਵਾਂਗੇ', ਕਹਿੰਦਿਆਂ-ਸੁਣਦਿਆਂ ਅੱਧੀ ਉਮਰ ਬੀਤ ਜਾਂਦੀ ਹੈ, ਬੱਸ ਮੁਲਾਕਾਤ ਦੀ ਘੜੀ ਹੀ ਨਸੀਬ ਨਹੀਂ ਹੁੰਦੀ। ਚੰਦ ਰੋਜ਼ ਪਹਿਲਾਂ, ਮੈਂ ਆਰੀਆ ਸਕੂਲ ਖੰਨਾ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਵਿਚ ਬਤੌਰ ਐਜੂਕੇਸ਼ਨਿਸਟ ਸ਼ਾਮਿਲ ਹੋਣਾ ਸੀ। ਸੱਤ ਸੰਸਥਾਵਾਂ ਦੀ ਮੀਟਿੰਗ ਕਰਕੇ, ਸਾਡੀ ਵਾਰੀ ਅੱਧੇ ਘੰਟੇ ਤੱਕ ਆਉਣੀ ਸੀ। ਸਮੇਂ ਦਾ ਲਾਹਾ ਲੈਂਦੇ ਹੋਏ, ਮੈਂ ਮੀਲੂ ਸਾਹਿਬ ਨੂੰ ਉਨ੍ਹਾਂ ਦੇ ਘਰ ਚਾਹ ਦਾ ਕੱਪ ਪੀਣ ਦੀ ਇੱਛਾ ਜ਼ਾਹਿਰ ਕੀਤੀ, ਉਹ ਚਾਈਂ-ਚਾਈਂ, ਧੰਨ-ਭਾਗ, ਧੰਨ-ਭਾਗ ਕਹਿੰਦੇ ਹੋਏ, ਫ਼ੌਜੀਆਂ ਵਾਂਗ ਤਿਆਰ-ਬਰ-ਤਿਆਰ, ਦਰਵਾਜ਼ੇ 'ਤੇ ਪਿਆਰ ਸੰਗ ਡਟ ਗਏ। ਗੱਲਵਕੜੀ ਪਾਉਣ ਤੋਂ ਪਹਿਲਾਂ, ਉਨ੍ਹਾਂ ਦੀ ਫੁੱਲਾਂ ਦੀ ਵਰਖਾ ਕਰਨ ਦੀ ਅਦਾ ਸਦਕਾ ਮੇਰੀਆਂ ਅੱਖਾਂ ਵਿਚ, ਪਿਆਰ ਦੇ ਹੰਝੂ ਵਗ ਤੁਰੇ। ਜਾਂਦੀ ਸਾਰ, ਮੈਨੂੰ ਕੁਰਸੀ ਦੀ ਬਜਾਏ ਪਲੰਘ 'ਤੇ ਬਿਰਾਜਮਾਨ ਕਰਵਾਇਆ ਗਿਆ। ਜਿੱਦਾਂ ਕਿਸੇ ਨੂੰ ਪ੍ਰਵਚਨਾਂ ਖਾਤਰ ਬੁਲਾਇਆ ਹੋਵੇ। ਮੈਂ ਇਸ ਮੌਕੇ ਆਪਣੀ ਸਥਿਤੀ ਨੂੰ ਕੁਝ ਵੱਖਰਾ, ਵਿਸ਼ੇਸ਼ ਤੇ ਅਜੀਬੋ-ਗਰੀਬ ਮਹਿਸੂਸ ਕੀਤਾ। ਅਚਾਨਕ ਮੇਰੇ ਕੋਲ ਚਾਲੀ ਕੁ ਸਾਲ ਪਹਿਲਾਂ ਪੜ੍ਹੇ ਮਾਨੂੰਪੁਰੀਏ ਸੁਲਤਾਨ ਸਿੰਘ ਤੇ ਕੋਟਲੇ ਵਾਲੇ ਕ੍ਰਿਸ਼ਨ ਲਾਲ ਦੇ ਦਰਸ਼ਨ ਕਰਨ ਆਇਆਂ ਦੇ ਦਰਸ਼ਨ ਹੋਏ ਜਿਨ੍ਹਾਂ ਨੇ ਪੈਰਾਂ ਵਿਚ ਸਿਰ ਰੱਖ ਕੇ ਚੁੱਕਣ ਦਾ ਨਾਂਅ ਨਾ ਲਿਆ। ਚਾਹ ਦਾ ਕੱਪ ਵੀ ਮੈਨੂੰ ਨਹੀਂ ਚੁੱਕਣ ਦਿੱਤਾ ਅਤੇ ਮੇਜ਼ਬਾਨ ਸੱਜਣ ਓਨੀ ਦੇਰ ਸਤਿਕਾਰ ਵਿਚ ਖੜ੍ਹਾ ਰਿਹਾ ਜਦੋਂ ਤੱਕ ਮੈਂ ਉਸਦੇ ਸਤਿਕਾਰ ਨੂੰ ਕਬੂਲ ਨਾ ਕਰ ਲਿਆ। ਦੂਜਾ ਸਨਮਾਨ ਤੇ ਮਹਿਮਾਨ ਨਿਵਾਜ਼ੀ ਦੇ ਦਰਸ਼ਨ ਓਦੋਂ ਹੋਏ, ਜਦ ਟੂਟੀ 'ਤੇ ਹੱਥ ਧੋਣ ਵੇਲੇ, ਹੱਥ ਸਾਫ ਕਰਨ ਲਈ ਪ੍ਰਾਹੁਣਿਆਂ ਵਾਂਗ ਤੌਲੀਆ ਮੇਰੇ ਸਨਮੁੱਖ ਪੇਸ਼ ਕੀਤਾ ਗਿਆ। ਕਿੱਥੇ ਮਿਲਦਾ ਹੈ, ਐਨੇ ਥੋੜ੍ਹੇ ਸਮੇਂ ਵਿਚ ਜੀਵਨ ਭਰ ਯਾਦ ਰਹਿਣ ਵਾਲਾ ਐਨਾ, ਸਨੇਹਇੰਦਰ ਵਾਂਗ ਸਨੇਹ, ਚਾਅ ਤੇ ਸਵਾਗਤ।
ਇਕ ਹੋਰ ਸਵਾਗਤਮ ਦੇ ਬਿਆਨ ਬਗ਼ੈਰ, ਇਹ ਕਿੱਸਾ ਅਧੂਰਾ ਰਹੇਗਾ। ਨਿੱਕੇ ਬਾਲਾਂ ਦੀਆਂ ਪੁੰਗਰਦੀਆਂ ਕਲਮਾਂ ਨੂੰ ਹੱਲਾਸ਼ੇਰੀ ਦੇਣ ਲਈ ਸੁੱਖੀ ਬਾਠ ਜੀ ਦੇ ਪ੍ਰੋਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ' ਸਿਰਲੇਖ ਵਾਲੀ ਜ਼ਿਕਰਯੋਗ ਪੁਸਤਕ ਦੇ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਦਾ ਜ਼ਿਕਰ ਅਜੇ ਬਾਕੀ ਹੈ। ਮੇਰੀ ਜਾਚੇ, ਗੁਰਪ੍ਰੀਤ ਸਿੰਘ ਛੋਟੀ ਉਮਰੇ ਸਾਹਿਤ ਦੇ ਖੇਤਰ ਵਿਚ ਲੰਮੀਆ ਪੁਲਾਂਘਾ ਪੁੱਟਣ ਵਾਲਾ ਨਾਮਵਰ ਲੇਖਕ ਹੈ। ਇਕ ਸਕੂਲ 'ਚੋਂ ਚਾਰ ਬਾਲ ਲੇਖਕਾਂ ਦੀਆਂ ਚਾਰ ਨੰਨ੍ਹੀਆਂ-ਨੰਨ੍ਹੀਆਂ, ਨਿਆਰੀਆਂ-ਨਿਆਰੀਆਂ, ਪਿਆਰੀਆਂ-ਪਿਆਰੀਆਂ ਲਿਖਤਾਂ ਵਾਲੀ ਪੁਸਤਕ ਦਾ ਸੰਪਾਦਨ ਕਰਕੇ ਇਸ ਕਾਬਿਲ-ਏ-ਤਾਰੀਫ਼ ਉੱਦਮ ਸਦਕਾ ਉਨ੍ਹਾਂ ਨੇ ਬੜਾ ਨਾਮਣਾ ਖੱਟਿਆ ਹੈ, ਜਿਹੜਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਇਨ੍ਹਾਂ ਦੀ ਪ੍ਰੇਰਨਾ ਦੀ ਬਦੌਲਤ ਏ.ਐਸ. ਸ.ਸ. ਸਕੂਲ ਖੰਨਾ ਦੇ ਚਾਰ ਵਿਦਿਆਰਥੀਆਂ ਦੀਆਂ ਲਿਖਤਾਂ ਨੂੰ ਵੀ ਰਾਸ਼ਟਰੀ ਪੱਧਰ ਦੀ ਇਸ ਖੂਬਸੂਰਤ ਪੁਸਤਕ ਵਿਚ ਸਥਾਨ ਪ੍ਰਾਪਤ ਹੋ ਗਿਆ ਹੈ।
ਸਕੂਲ, ਪਰਿਵਾਰ, ਸੰਸਥਾ ਜਾਂ ਅਦਾਰੇ ਵਿਚ ਕਿਸੇ ਵਿਅਕਤੀ ਜਾਂ ਬੱਚੇ ਨੂੰ ਉਸ ਦੀ ਰੁੱਚੀ ਅਨੁਸਾਰ ਉਤਸ਼ਾਹਿਤ ਤੇ ਪ੍ਰੇਰਿਤ ਕਰਨਾ ਇਕ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਲੁਧਿਆਣਾ ਦੇ ਸਾਹਿਤਕ ਚੇਟਕ ਰੱਖਣ ਵਾਲੇ ਅਨੇਕਾਂ ਵਿਦਿਆਰਥੀਆਂ ਦੀਆਂ ਲਿਖਤਾਂ ਨੂੰ ਇਕ ਲੜੀ ਵਿਚ ਪਰੋਨ ਦਾ ਪ੍ਰਭਾਵਸ਼ਾਲੀ ਉਪਰਾਲਾ ਕੀਤਾ ਹੈ। ਫਗਵਾੜਾ ਵਿਖੇ ਇਸ ਪ੍ਰੋਜੈਕਟ ਵਿਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਦੀਆਂ ਬਹੁ-ਰੰਗੀ ਤੇ ਬਹੁ-ਪੱਖੀ ਰਚਨਾਵਾਂ ਦੇ ਗੁਲਦਸਤੇ ਦੇ ਲੋਕ ਅਰਪਣ ਮੌਕੇ ਸੰਬੰਧਿਤ ਵਿਦਿਆਰਥੀਆਂ ਦੇ ਗਲਾਂ ਵਿਚ ਮੈਡਲ ਪਾਉਣ, ਇਕ ਪ੍ਰਮਾਣ-ਪੱਤਰ ਦੇਣ ਤੋਂ ਇਲਾਵਾ, ਇਕ ਪੁਸਤਕ ਵੀ ਪ੍ਰਦਾਨ ਕੀਤੀ ਗਈ। ਫੋਨ ਆਇਆ 'ਕਿਤਾਬਾਂ, ਮੈਡਲ ਤੇ ਸਰਟੀਫਿਕੇਟ ਕਦੋਂ ਤੇ ਕਿੱਥੇ ਪੁੱਜਦੇ ਕਰਾਂ।' ਮੈਂ ਸੋਚਿਆ ਕਿ ਇਕ ਵਿਅਕਤੀ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ, ਹੋਰ ਸਫਰ ਲਈ ਤਿਆਰ ਹੈ। ਹੁਣ ਹੋਰ ਕਸ਼ਟ ਕਿਉਂ ਦਿੱਤਾ ਜਾਵੇ। ਮੈਂ ਘਰ ਦਾ ਪਤਾ, ਪਤਾ ਕਰਕੇ, ਬੀਜੇ ਵਿਖੇ ਦਰਵਾਜ਼ੇ ਅੱਗੇ ਅਲਖ਼ ਜਗਾ ਦਿੱਤੀ। ਗੁਰਪ੍ਰੀਤ ਸਿੰਘ ਨੇ ਦਰ-ਪ੍ਰਵੇਸ਼ ਤੋਂ ਪਹਿਲਾਂ ਰੁਕਣ ਦਾ ਇਸ਼ਾਰਾ ਕੀਤਾ। ਮੇਰੀ ਹੈਰਾਨੀ ਤੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਸਦੀ ਸ੍ਰੀਮਤੀ ਨੇ ਸ਼ਰਧਾ ਨਾਲ ਦਰਵਾਜ਼ੇ ਦੇ ਦੋਹੀਂ ਪਾਸੀਂ ਤੇਲ ਚੋਅ ਦਿੱਤਾ। ਅੱਧੀ ਸਦੀ ਪਹਿਲਾਂ ਵਿਆਹ ਵੇਲੇ ਕੀਤੀ ਅਜਿਹੀ ਅਭੁੱਲ ਤੇ ਯਾਦਗਾਰੀ ਆਓ-ਭਗਤ ਦਾ ਇਹ ਦੂਜਾ ਮੌਕਾ ਸੀ ਜਿਹੜਾ ਜ਼ਿੰਦਗੀ ਵਿਚ ਤੀਜੀ ਵਾਰ ਸ਼ਾਇਦ ਹੀ ਨਸੀਬ ਹੋਵੇ। ਮੈਨੂੰ ਲਗਦੈ, ਇਸ ਦੁਨੀਆ ਦੇ ਕਿਸੇ ਵੀ ਸਨਮਾਨਯੋਗ ਵਿਅਕਤੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਨਮਾਨਿਤ ਕਰਨ ਦਾ ਬਿਹਤਰੀਨ ਢੰਗ ਸ਼ਾਇਦ, ਹੋਰ ਕੋਈ ਹੋ ਨਹੀਂ ਸਕਦਾ।
ਬਾਪੂ ਜੀ ਅਤੇ ਨੂੰਹ ਰਾਣੀ ਵਲੋਂ ਦਿੱਤੇ ਅਦਬ ਉਪਰੰਤ ਨੰਨ੍ਹੇ-ਮੁੰਨਿਆਂ ਨੇ ਮੇਰੇ ਪੈਰ ਛੂਹ ਲਏ। ਮੈਂ ਉਨ੍ਹਾਂ ਦੇ ਨਾਂਅ ਤੇ ਕਲਾਸਾਂ ਪੁੱਛੀਆਂ, ਮੇਰਾ ਦਿਲ ਬਾਗੋਬਾਗ ਹੋ ਗਿਆ ਕਿਉਂਕਿ ਉਨ੍ਹਾਂ ਦੇ ਮਿੰਟੂ, ਚਿੰਟੂ, ਗੱਪੀ, ਪੱਪੀ, ਬੱਬੂ, ਖੱਬੂ ਵਰਗੇ ਮਿੰਨੀ ਨਾਵਾਂ ਦੀ ਬਜਾਏ ਮਹਾਨ ਵਿਅਕਤੀਆਂ ਵਰਗੇ ਨਾਉਂ ਅਨਹਦਪ੍ਰੀਤ ਸਿੰਘ ਅਤੇ ਇਰਸ਼ਾਨਪ੍ਰੀਤ ਸਿੰਘ ਸੁਣਨ ਨੂੰ ਮਿਲੇ। ਉਨ੍ਹਾਂ ਦੇ ਨਵੇਕਲੇ ਤਰਜ਼-ਏ-ਬਿਆਨ ਅਤੇ ਖੂਬਸੂਰਤ ਸਲੀਕੇ-ਤਰੀਕੇ ਨੇ ਮੇਰਾ ਮਨ ਮੋਹ ਲਿਆ। ਕੰਧ 'ਤੇ ਦਾਦੀ ਦੀ ਹਾਰ ਨਾਲ ਟੰਗੀ ਤਸਵੀਰ ਨੇ ਉਸ ਦੀ ਗ਼ੈਰ-ਹਾਜ਼ਰੀ ਦੀ ਵਜਾਹ ਬਿਆਨ ਕਰ ਦਿੱਤੀ। ਮੈਂ ਜਾਣ-ਬੁੱਝ ਕੇ ਅਣਜਾਣ ਬਣ ਗਿਆ। ਸੋਚਿਆ ਗੱਲਾਂ ਛਿੜਨ ਨਾਲ ਮਾਹੌਲ ਕੀਤੇ ਗ਼ਮਗੀਨ ਤੇ ਭਾਵੁਕ ਹੀ ਨਾ ਬਣ ਜਾਵੇ। ਪਿਆਰ ਭਰੀਆਂ ਗੱਲਾਂ ਦੇ ਨਾਲ ਗਰਮਾ-ਗਰਮ ਪਨੀਰ ਪਕੌੜਿਆਂ ਦਾ ਸੇਵਨ ਕਰਕੇ, ਅਸੀਂ ਵਿਆਹ ਪਿੱਛੋਂ ਕੁੜੀ ਦੀ ਵਿਦਾਇਗੀ ਵਰਗੀ ਪਿਆਰ ਭਿੱਜੀ ਅਭੁੱਲ ਯਾਦ ਸੰਗ ਕਾਰ ਦਾ ਰੁਖ਼ ਖੰਨਾ ਵੱਲ ਨੂੰ ਮੋੜ ਲਿਆ।
 
(ਲੇਖਕ ਦਸ ਵਿਸ਼ਿਆਂ ਵਿਚ ਐਮ.ਏ.ਪਾਸ, ਸਟੇਟ ਐਵਾਰਡੀ ਗੋਲਡ ਮੈਡਲਿਸਟ ਹੈ)
ਮੋਬਾਈਲ : 94171-76877
 
 
 
 
 
 
 
 
Ad Position 22
No active advertisement
ਪਿਛਲੀ ਖ਼ਬਰ 9-8-2026 ਅਗਲੀ ਖ਼ਬਰ ਗੱਲਾਂ ਵਿਚੋਂ ਗੱਲ ਸੁਣੀਂਦੀ ਕੀੜੀਆਂ ਵਾਲਾ ਭੁਜੀਆ
Ad Position 24