ਇਕ ਵਾਰ ਦੀ ਸੁਣੀ, ਸੁਣਾਈ ਗੱਲ ਹੈ। ਫੱਜਾ ਨਾਂਅ ਦਾ ਇਕ ਬੰਦਾ ਬਾਹਰੋਂ ਪੀਤੀ ਉਤੇ ਹੀ ਘਰ ਆ ਕੇ ਜਦ ਹੋਰ ਪੀਣ ਲੱਗਿਆ ਤਾਂ ਉਸ ਨੂੰ ਨਾਲ ਕੁਝ ਖਾਣ ਦੀ ਲੋੜ ਮਹਿਸੂਸ ਹੋਈ। ਜਦ ਕੁਝ ਹੋਰ ਨਾ ਲੱਭਿਆ ਤਾਂ ਪਹਿਲਾਂ ਦੇ ਪਲੇਟ 'ਚ ਪਏ ਭੁਜੀਏ ਦਾ ਹੀ ਫੱਕਾ ਮਾਰ ਲਿਆ, ਜੋ ਕੀੜੀਆਂ ਨਾਲ ਭਰਿਆ ਹੋਇਆ ਸੀ। ਕੁਝ ਦੇਰ ਤਾਂ ਦਾਰੂ ਦੀ ਲੋਰ 'ਚ ਉਹਨੂੰ ਪਤਾ ਹੀ ਨਾ ਲੱਗਿਆ, ਫਿਰ ਘਰ ਵਾਲੀ ਨੂੰ 'ਵਾਜ਼ ਮਾਰ ਕੇ ਕਹਿਣ ਲੱਗਿਆ, 'ਆਹ ਵੇਖੀਂ ਤਾਂ ਪਿਆਰੀਏ! ਮੈਨੂੰ ਲਗਦਾ ਮੇਰੇ ਮੂੰਹ 'ਚ ਕੁਝ ਤੁੰਦਾ ਜਿਹਾ ਜਾ ਰਿਹੈ।'

ਅੱਗੋਂ ਉਹਦੀ ਘਰ ਵਾਲੀ ਉਹਦੀ ਸ਼ਰਾਬ ਤੋਂ ਪਹਿਲਾਂ ਹੀ ਦੁਖੀ ਸੀ। ਆਖਣ ਲੱਗੀ, 'ਕੁਝ ਨੀ ਤੁਰਦਾ ਤੇਰੇ ਮੂੰਹ 'ਚ। ਆਹ ਅੱਗ ਲੱਗਣੀ ਨਾ ਡੱਫਿਆ ਕਰ। ਤੇਰੇ ਮੂੰਹ 'ਚ ਤਾਂ ਕੀ ਤੁਰਨੈ... ਤੂੰ ਆਪ ਈ ਕਿਸੇ ਦਿਨ ਇਸ ਦੁਨੀਆ ਤੋਂ ਤੁਰ ਜਾਣੈ... ਨਿੱਕੇ-ਨਿੱਕੇ ਤੇਰੇ ਨਿਆਣੇ ਆਂ... ਤੇਰੀ ਜਾਨ ਨੂੰ ਰੋਣਗੇ... ਅਖੇ ਮੂੰਹ 'ਚ ਤੁਰਦੈ-ਤੁਰਦੈ ਤੇਰੇ ਜਣਦਿਆਂ ਦਾ ਸਿਰ...।'
ਪਿਆਰੋ ਫੱਜੇ ਦੀ ਸ਼ਰਾਬ ਤੋਂ ਖਿਝੀਓ ਬੁੜ-ਬੁੜ ਕਰਦੀ ਰਹੀ। ਪਰ ਫੇਰ ਵੀ ਜਦ ਉਹਨੇ ਪਲੇਟ 'ਚ ਪਏ ਭੁਜੀਏ ਵੱਲ ਨਜ਼ਰ ਮਾਰੀ ਤਾਂ ਉਹ ਇਕਦਮ ਤ੍ਰਬਕੀ, 'ਵੇ ਕੀੜੀਆਂ ਤਾਂ ਹਾਥੀਆਂ ਨੂੰ ਮਾਰ ਦਿੰਦੀਆਂ ਮੂਰਖਾ।... ਤੂੰ ਤਾਂ ਕੀੜੀਆਂ ਵਾਲਾ ਭੁਜੀਆ ਈ ਖਾਈ ਜਾਨੈ... ਕਿਤੇ ਸੱਚੀਓਂ ਨਾ ਮਰ ਜਾਈਂ...।'
'ਓ ਤੇਰਿਆਂ ਦੀ' ਭੁਜੀਏ 'ਚ ਘੁੰਮਦੀਆਂ ਕੀੜੀਆਂ ਵੇਖ ਕੇ ਕਹਿੰਦਾ ਫੱਜਾ ਉਠ ਕੇ ਟੂਟੀ ਮੂਹਰੇ ਕਰੂਲੀਆਂ ਕਰਨ ਜਾ ਲੱਗਿਆ। ਮਰਨਾ ਤਾਂ ਕੀ ਸੀ ਪਰ ਇਕ ਵਾਰ ਫੱਜੇ ਨੂੰ ਕੀੜੀਆਂ ਨੇ ਕੰਬਣੀ ਜ਼ਰੂਰ ਛੇੜ ਦਿੱਤੀ।
-ਮੋਬਾਈਲ : 98155-05287