ਸ਼ਾਮ ਵੇਲੇ ਕਦੇ-ਕਦੇ, ਪ੍ਰੰਤੂ ਛੁੱਟੀ ਵਾਲੇ ਦਿਨ ਹਮੇਸ਼ਾ ਹੀ ਸਾਡੇ ਗੁਆਂਢ ਵਿਚ ਰਹਿੰਦੇ ਗੁਰਪਾਲ ਸਿੰਘ ਸੰਧੂ ਦੀ ਚਾਰ ਕੁ ਸਾਲਾਂ ਦੀ ਧੀ ਰੂਹਨ ਸਾਡੇ ਘਰ ਆ ਜਾਂਦੀ ਸੀ। ਉਹਨੇ ਘਰ ਵਿਚ ਆ ਕੇ ਨੱਚਦੀ-ਟੱਪਦੀ ਰਹਿਣਾ। ਮੈਨੂੰ ਘੋੜਾ ਬਣਾ ਕੇ ਮੇਰੇ ਉੱਪਰ ਬੈਠ ਕੇ ਸਵਾਰੀ ਕਰਨਾ। ਮੈਨੂੰ ਬਾਲਿੰਗ ਕਰਨ ਲਾ ਲੈਣਾ, ਆਪ ਉਹ ਬੈਟਿੰਗ ਕਰਦੀ। ਕਈ ਵਾਰੀ ਅਸੀਂ ਘਰ ਦੇ ਵਿਹੜੇ ਵਿਚ ਦੌੜ ਲਾਉਣੀ। ਜਦੋਂ ਅਸੀਂ ਥੱਕ ਜਾਣਾ, ਤਦ ਅਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਹੱਸਣਾ। ਜਦੋਂ ਉਹਦਾ ਦਿਲ ਕਰਦਾ, ਮੇਰੀ ਪਤਨੀ ਨੂੰ ਕਹਿ ਕੇ ਟੈਲੀਵਿਜ਼ਨ 'ਤੇ ਕਾਰਟੂਨ ਦੇਖਣ ਲੱਗ ਜਾਂਦੀ। ਕਦੇ-ਕਦੇ ਉਹਨੇ ਮੈਨੂੰ ਪੁੱਛਣਾ, 'ਦਾਦਾ ਜੀ, ਤੁਸੀਂ ਕੀ ਲਿਖਦੇ ਰਹਿੰਨੇ ਓਂ? ਤੁਸੀਂ ਕਿਹੜੀ ਜਮਾਤ 'ਚ ਪੜ੍ਹਦੇ ਓਂ? ਥੋਡੇ ਪੇਪਰ ਕਦੋਂ ਹੋਣੇ ਐਂ?' ਉਹਦੇ ਇਹ ਭੋਲੇ-ਭਾਲੇ ਸਵਾਲ ਸੁਣ ਮੈਂ ਹੱਸਣ ਲੱਗ ਪੈਂਦਾ। ਕਦੇ-ਕਦੇ ਉਹ ਸ਼ਾਮ ਨੂੰ ਰੋਟੀ ਖਾ ਕੇ ਸਾਡੇ ਨਾਲ ਹੀ ਰਜਾਈ ਵਿਚ ਸੌਂ ਜਾਂਦੀ। ਉਹਦੀ ਮੰਮੀ ਨੇ ਉਸ ਨੂੰ ਲੱਭਦੇ ਜਦੋਂ ਸਾਡੇ ਘਰ ਆਉਣਾ ਤਾਂ ਸੁੱਤੀ ਪਈ ਰੂਹਨ ਨੂੰ ਮੋਢੇ ਨਾਲ ਲਾ ਕੇ ਆਪਣੇ ਘਰ ਮੁੜ ਜਾਂਦੀ।

ਇਕ ਦਿਨ ਰੂਹਨ ਨੇ ਖੇਡਦੇ-ਖੇਡਦੇ ਮੇਰੀ ਪਤਨੀ ਨੂੰ ਕਿਹਾ, 'ਦਾਦੀ ਮੰਮਾ, ਮੈਂ ਤਾਂ ਜੂਸ ਪੀਆਂਗੀ।' ਸਬੱਬ ਨਾਲ ਉਸ ਦਿਨ ਘਰ ਵਿਚ ਜੂਸ ਨਹੀਂ ਸੀ। ਪਤਨੀ ਨੇ ਇਕ ਗਿਲਾਸ ਵਿਚ ਕੋਲਡ ਡਰਿੰਕ ਪਾਇਆ ਤੇ ਰੂਹਨ ਨੂੰ ਗਿਲਾਸ ਫੜਾਉਂਦਿਆਂ ਕਿਹਾ, 'ਬੇਟਾ, ਜੂਸ ਤਾਂ ਘਰ ਵਿਚ ਨਹੀਂ ਹੈ, ਅੱਜ ਤੂੰ ਕੋਲਡ ਡਰਿੰਕ ਹੀ ਪੀ ਲੈ। ਕੱਲ੍ਹ ਨੂੰ ਤੇਰੇ ਦਾਦੇ ਜੀ ਕੋਲੋਂ ਰੀਅਲ ਦਾ ਜੂਸ ਮੰਗਵਾ ਕੇ ਰੱਖਾਂਗੀ। ਫਿਰ ਤੂੰ ਜੂਸ ਪੀ ਲਵੀਂ।'
ਉਹ ਬਹੁਤ ਹੀ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੀ, 'ਦਾਦਾ ਜੀ ਕਿਹੜਾ ਕਿਤੇ ਬਾਹਰ ਗਏ ਨੇ। ਘਰ ਵਿਚ ਈ ਨੇ। ਹੁਣੇ ਮੰਗਵਾ ਲਓ ਦਾਦਾ ਜੀ ਤੋਂ ਜੂਸ।' ਜਿਉਂ ਹੀ ਰੂਹਨ ਦੀ ਆਵਾਜ਼ ਮੇਰੇ ਕੰਨੀਂ ਪਈ, ਮੈਂ ਉਸੇ ਵੇਲੇ ਸਕੂਟਰ ਸਟਾਰਟ ਕੀਤਾ ਅਤੇ ਗਲੀ ਦੇ ਮੋੜ ਤੋਂ ਮੀਆਂ ਜੀ ਦੀ ਹੱਟੀ ਤੋਂ ਜੂਸ ਲੈਣ ਲਈ ਚੱਲ ਪਿਆ। ਜੂਸ ਲੈ ਕੇ ਘਰ ਮੁੜਦਿਆਂ ਮੈਂ ਆਪਣੇ ਮਨ ਵਿਚ ਸੋਚ ਰਿਹਾ ਸੀ ਕਿ ਇਹ ਬੱਚੀ ਸਾਨੂੰ ਕਿੰਨਾ ਪਿਆਰ ਕਰਦੀ ਹੈ। ਸਾਡੇ 'ਤੇ ਕਿੰਨਾ ਹੱਕ ਸਮਝਦੀ ਐ। ਕਾਸ਼! ਮੋਹ ਦੀ ਇਹ ਤੰਦ ਹਮੇਸ਼ਾ ਇਸੇ ਤਰ੍ਹਾਂ ਜੁੜੀ ਰਹੇ।
-ਸੰਗਰੂਰ।
ਮੋਬਾਈਲ : 84276-85020